ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਫਰੀਦਕੋਟ ਦੇ ਐੱਮਪੀ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਕਾਫ਼ਲਾ ਰਵਾਨਾ
ਉੱਤਰਾਖੰਡ ਵਿੱਚ ਰਹਿ ਰਹੇ ਸਿੱਖਾਂ ਅਤੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਪੈਦਾ ਕੀਤੇ ਗਏ ਡਰ ਅਤੇ ਸਹਿਮ ਦੇ ਮਾਹੌਲ ਨੂੰ ਦੂਰ ਕਰਨ ਲਈ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਇੱਕ ਵਿਸ਼ੇਸ਼ ਵਫ਼ਦ ਅੱਜ ਚੰਡੀਗੜ੍ਹ ਤੋਂ ਕਾਫ਼ਲੇ ਦੇ ਰੂਪ ਵਿੱਚ ਉੱਤਰਾਖੰਡ ਲਈ ਰਵਾਨਾ ਹੋਇਆ। ਇਸ ਕਾਫ਼ਲੇ ਦੀ ਅਗਵਾਈ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ, ਮਨਪ੍ਰੀਤ ਸਿੰਘ ਇਯਾਲੀ, ਹਲਕਾ ਜੈਤੋ ਦੀ ਇੰਚਾਰਜ ਬੀਬੀ ਸੰਦੀਪ ਕੌਰ ਖਾਲਸਾ, ਮਹਾਂਵੀਰ ਸਿੰਘ ਢਿੱਲੋਂ, ਭਾਈ ਜਤਿਨ ਸਿੰਘ ਖਾਲਸਾ ਅਤੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਜਿੰਦਰ ਸਿੰਘ ਸਾਂਝੇ ਤੌਰ ’ਤੇ ਕਰ ਰਹੇ ਹਨ।
ਉੱਤਰਾਖੰਡ ਨੂੰ ਰਵਾਨਾ ਹੋਏ ਇਸ ਕਾਫ਼ਲੇ ਦਾ ਹਾਈਵੇਅ (ਕੌਮੀ ਮਾਰਗ) ’ਤੇ ਪੈਂਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ ਅਤੇ ਸੰਗਤੀ ਰੂਪ ਵਿੱਚ ਵੱਡੀ ਮਦਦ ਦਿੱਤੀ ਜਾਵੇਗੀ। ਇਨ੍ਹਾਂ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਕਾਫ਼ਲੇ ਵਿੱਚ ਸ਼ਾਮਲ ਹੋ ਕੇ ਘਟਨਾ ਸਥਾਨ ਵੱਲ ਕੂਚ ਕਰਨਗੀਆਂ। ਦੱਸਿਆ ਜਾ ਰਿਹਾ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਨੂੰ ਜਾਂਦੇ ਹਾਈਵੇਅ ’ਤੇ ਪੈਂਦੇ ਇਲਾਕਿਆਂ ਦੀਆਂ ਸਥਾਨਕ ਗੁਰਦੁਆਰਾ ਕਮੇਟੀਆਂ ਨੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਲੀਡਰਸ਼ਿਪ ਨੂੰ ਉੱਥੇ ਪਹੁੰਚਣ ਲਈ ਵਿਸ਼ੇਸ਼ ਤੌਰ ’ਤੇ ਸੱਦਾ ਭੇਜਿਆ ਸੀ।
ਸ਼ਰਾਰਤੀ ਅਨਸਰਾਂ ’ਤੇ ਨੱਥ ਪਾਉਣ ਲਈ ਉੱਤਰਾਖੰਡ ਪ੍ਰਸ਼ਾਸਨ ਨੂੰ ਮਿਲੇਗਾ ਵਫ਼ਦ
ਇਹ ਵਫ਼ਦ ਉੱਤਰਾਖੰਡ ਪਹੁੰਚ ਕੇ ਉੱਥੋਂ ਦੇ ਉੱਚ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕਰੇਗਾ। ਮੁਲਾਕਾਤ ਦੌਰਾਨ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉੱਤਰਾਖੰਡ ਦੇ ਸਥਾਨਕ ਸਿੱਖ ਪਰਿਵਾਰਾਂ ਅਤੇ ਪੰਜਾਬ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀਆਂ ਸੰਗਤਾਂ ਨੂੰ ਨਿਸ਼ਾਨਾ ਬਣਾ ਕੇ ਡਰ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਫ਼ਦ ਵੱਲੋਂ ਉੱਤਰਾਖੰਡ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਸੰਗਤਾਂ ਦੀ ਜਾਨ-ਮਾਲ ਦੀ ਰਾਖੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਠੋਸ ਅਤੇ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਜਾਵੇਗੀ, ਤਾਂ ਜੋ ਯਾਤਰੀ ਬਿਨਾਂ ਕਿਸੇ ਖ਼ੌਫ਼ ਦੇ ਗੁਰਧਾਮਾਂ ਦੇ ਦਰਸ਼ਨ ਕਰ ਸਕਣ।





















