ਆਨਲਾਈਨ ਸਨਸਨੀ ਬਣੀ ਕਾਕਰੋਚ ਜਨਤਾ ਪਾਰਟੀ (CJP) ਨੇ ਮੰਗਲਵਾਰ ਨੂੰ ਸਿੱਖਿਆ ਪ੍ਰਣਾਲੀ ਦੀਆਂ ਨਾਕਾਮੀਆਂ ਖਿਲਾਫ ਪ੍ਰਸਤਾਵਿਤ ਪ੍ਰਦਰਸ਼ਨ ਤੋਂ ਪਹਿਲਾਂ ਆਪਣਾ ਦਾਇਰਾ ਵਧਾਉਣ ਦੇ ਉਦੇਸ਼ ਨਾਲ ਤਿੰਨ ਬੁਲਾਰਿਆਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਐਕਸ (X) ‘ਤੇ ਇੱਕ ਪੋਸਟ ਰਾਹੀਂ ਅਭਿਜੀਤ…
ਆਨਲਾਈਨ ਸਨਸਨੀ ਬਣੀ ਕਾਕਰੋਚ ਜਨਤਾ ਪਾਰਟੀ (CJP) ਨੇ ਮੰਗਲਵਾਰ ਨੂੰ ਸਿੱਖਿਆ ਪ੍ਰਣਾਲੀ ਦੀਆਂ ਨਾਕਾਮੀਆਂ ਖਿਲਾਫ ਪ੍ਰਸਤਾਵਿਤ ਪ੍ਰਦਰਸ਼ਨ ਤੋਂ ਪਹਿਲਾਂ ਆਪਣਾ ਦਾਇਰਾ ਵਧਾਉਣ ਦੇ ਉਦੇਸ਼ ਨਾਲ ਤਿੰਨ ਬੁਲਾਰਿਆਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਐਕਸ (X) ‘ਤੇ ਇੱਕ ਪੋਸਟ ਰਾਹੀਂ ਅਭਿਜੀਤ ਦਿਪਕੇ ਵੱਲੋਂ ਸਥਾਪਿਤ ਕੀਤੇ ਗਏ ਇਸ ਸੰਗਠਨ ਨੇ ਦੱਸਿਆ ਕਿ ਖੋਜੀ ਪੱਤਰਕਾਰ ਸੌਰਵ ਦਾਸ ਪਾਰਟੀ ਦੇ ਮੁੱਖ ਬੁਲਾਰੇ ਵਜੋਂ ਸੇਵਾ ਨਿਭਾਉਣਗੇ, ਜਦੋਂ ਕਿ ਸਿਆਸੀ ਖੋਜਕਰਤਾ ਅਤੇ ਫਿਲਮਸਾਜ਼ ਵਿਜੇਤਾ ਦਹੀਆ ਅਤੇ ਸਾਬਕਾ ਮੈਨੇਜਮੈਂਟ ਸਲਾਹਕਾਰ ਆਸ਼ੂਤੋਸ਼ ਰਾਂਕਾ ਜਨਤਾ ਅਤੇ ਮੀਡੀਆ ਦੇ ਸਾਹਮਣੇ ਸੰਗਠਨ ਦਾ ਪੱਖ ਰੱਖਣਗੇ।
ਪਾਰਟੀ ਨੇ ਕਿਹਾ ਕਿ ਸੀਜੇਪੀ (CJP) ਭਾਰਤ ਦੇ ਸਿਆਸੀ ਪ੍ਰਵਚਨ ਨੂੰ ਬਦਲਣ ਲਈ ਵਚਨਬੱਧ ਹੈ ਅਤੇ ਇਸ ਦੀ ਅਗਵਾਈ ਨਵੀਂ ਪੀੜ੍ਹੀ ਦੇ ਆਗੂਆਂ ਵੱਲੋਂ ਕੀਤੀ ਜਾਵੇਗੀ। ਇਸ ਐਲਾਨ ਦੇ ਮੁਤਾਬਕ ਸੌਰਵ ਦਾਸ ਕੋਲ ਕਾਨੂੰਨੀ, ਨਿਆਂਇਕ ਅਤੇ ਸਮਾਜਿਕ ਮੁੱਦਿਆਂ ‘ਤੇ ਕੇਂਦਰਿਤ ਪੱਤਰਕਾਰੀ ਦਾ ਲੰਮਾ ਤਜਰਬਾ ਹੈ ਅਤੇ ਪਾਰਟੀ ਨੇ ਨਵੰਬਰ 2025 ਵਿੱਚ ਇੰਡੀਆ ਗੇਟ ਵਿਖੇ ਹੋਏ ਪ੍ਰਦੂਸ਼ਣ ਵਿਰੋਧੀ ਪ੍ਰਦਰਸ਼ਨਾਂ ਵਿੱਚ ਉਨ੍ਹਾਂ ਦੀ ਮੋਹਰੀ ਭੂਮਿਕਾ ਦਾ ਵੀ ਜ਼ਿਕਰ ਕੀਤਾ ਹੈ।
ਸਿਆਸੀ ਖੋਜਕਰਤਾ, ਲੇਖਕ ਅਤੇ ਫਿਲਮਸਾਜ਼ ਵਿਜੇਤਾ ਦਹੀਆ ਨੇ ਕਈ ਯੂਟਿਊਬ ਕ੍ਰਿਏਟਰਸ ਲਈ ਖੋਜ ਅਤੇ ਕੰਟੈਂਟ ਪ੍ਰੋਡਕਸ਼ਨ ਦਾ ਕੰਮ ਕੀਤਾ ਹੈ। ਦਿੱਲੀ ਟੈਕਨੋਲੋਜੀਕਲ ਯੂਨੀਵਰਸਿਟੀ (DTU) ਤੋਂ ਗ੍ਰੈਜੂਏਟ ਵਿਜੇਤਾ ਦਹੀਆ ਨੇ ‘ਪਾਵਰ ਆਫ਼ ਯੂਨੀਵਰਸ’ ਅਤੇ ‘ਟੂ ਹੈਲ ਵਿਦ ਦੈਟ ਜੌਬ’ ਨਾਮਕ ਕਿਤਾਬਾਂ ਲਿਖੀਆਂ ਹਨ ਅਤੇ ਹਰਿਆਣਵੀ ਫਿਲਮਾਂ ‘ਦਰਾਰਾਂ’ ਤੇ ‘ਓਪਰੀ ਪਰਾਈ’ ਦੀ ਕਹਾਣੀ ਲਿਖੀ ਅਤੇ ਨਿਰਦੇਸ਼ਨ ਕੀਤਾ ਹੈ। ਤੀਜੇ ਬੁਲਾਰੇ ਆਸ਼ੂਤੋਸ਼ ਰਾਂਕਾ ਆਈਆਈਟੀ ਕਾਨਪੁਰ (IIT Kanpur) ਅਤੇ ਲੰਡਨ ਸਕੂਲ ਆਫ਼ ਇਕਨਾਮਿਕਸ ਦੇ ਪੁਰਾਣੇ ਵਿਦਿਆਰਥੀ ਹਨ, ਜਿਨ੍ਹਾਂ ਨੇ ਪਹਿਲਾਂ ਲੰਡਨ ਵਿੱਚ ਗਲੋਬਲ ਕੰਸਲਟਿੰਗ ਫਰਮ ਮੈਕਕਿਨਸੇ ਐਂਡ ਕੰਪਨੀ (McKinsey & Company) ਨਾਲ ਕੰਮ ਕੀਤਾ ਹੈ। ਪਾਰਟੀ ਅਨੁਸਾਰ, ਉਹ ਪਿਛਲੇ ਸਾਲ ਭਾਰਤ ਪਰਤੇ ਸਨ ਅਤੇ ਉਦੋਂ ਤੋਂ ਜੈਪੁਰ ਵਿੱਚ ਵਾਤਾਵਰਣ, ਸਿੱਖਿਆ ਅਤੇ ਨੌਜਵਾਨਾਂ ਨਾਲ ਜੁੜੇ ਮੁੱਦਿਆਂ (ਜਿਸ ਵਿੱਚ ਨੀਟ ‘NEET’ ਪੇਪਰ ਲੀਕ ਵਿਵਾਦ ਵੀ ਸ਼ਾਮਲ ਹੈ) ‘ਤੇ ਜਨਤਕ ਮੁਹਿੰਮਾਂ ਨਾਲ ਜੁੜੇ ਹੋਏ ਹਨ।
ਇਹ ਨਿਯੁਕਤੀਆਂ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਦੇ 6 ਜੂਨ ਨੂੰ ਭਾਰਤ ਪਰਤਣ ਤੋਂ ਕੁਝ ਦਿਨ ਪਹਿਲਾਂ ਕੀਤੀਆਂ ਗਈਆਂ ਹਨ। ਸੀਜੇਪੀ (CJP) ਦੇ ਸੰਸਥਾਪਕ ਨੇ ਨੀਟ (NEET) ਪੇਪਰ ਲੀਕ ਹੋਣ ਦੇ ਕਥਿਤ ਦੋਸ਼ਾਂ ਅਤੇ ਸੀਬੀਐਸਈ (CBSE) ਪ੍ਰਣਾਲੀ ਦੀਆਂ ਖਾਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਦਿੱਲੀ ਵਿੱਚ ਇੱਕ ਸ਼ਾਂਤੀਪੂਰਨ ਪ੍ਰਦਰਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਿਛਲੇ ਮਹੀਨੇ ਸ਼ੁਰੂ ਹੋਏ ਇਸ ਸੰਗਠਨ ਨੇ ਸੋਸ਼ਲ ਮੀਡੀਆ ‘ਤੇ, ਖਾਸ ਕਰਕੇ ਵਿਦਿਆਰਥੀਆਂ ਅਤੇ ਨੌਜਵਾਨਾਂ ਵਿੱਚ, ਸਿੱਖਿਆ ਅਤੇ ਯੂਥ ਮੁੱਦਿਆਂ ‘ਤੇ ਕੇਂਦਰਿਤ ਇੱਕ ਪਲੇਟਫਾਰਮ ਵਜੋਂ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ।





















