ਪੰਜਾਬ ਸਰਕਾਰ ਚੰਡੀਗੜ੍ਹ ਦੇ ਬਰਾਬਰ ਕਰੇ ਡੀਜ਼ਲ ਦਾ ਰੇਟ: ਲੱਖੋਵਾਲ
ਦੇਸ਼ ਵਿੱਚ ਤੇਲ ਦੀਆਂ ਵਧੀਆਂ ਦਰਾਂ ਅਤੇ ਬੀ ਬੀ ਐਮ ਬੀ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਵਿਰੁੱਧ 2 ਜੂਨ ਨੂੰ ਡੀ ਸੀ ਦਫਤਰਾਂ ਮੂਹਰੇ ਕਿਸਾਨ ਗਰਜਨਗੇ। ਇਹ ਐਲਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ 2 ਜੂਨ 2026 ਦਿਨ ਮੰਗਲਵਾਰ ਨੂੰ ਸਾਰੇ ਪੰਜਾਬ ਵਿੱਚ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਰੋਸ ਜਤਾਉਂਦਿਆਂ ਵੱਡੀ ਗਿਣਤੀ ਨਾਲ ਸ਼ਾਮਲ ਹੋਵੇਗੀ। ਉਹਨਾਂ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ “ਡੀਜ਼ਲ ਤਕਰੀਬਨ 98 ਰੁਪਏ ਪੈਟਰੋਲ 105 ਰੁਪਏ ਪ੍ਰਤੀ ਲੀਟਰ ਪਾਰ ਕਰ ਗਿਆ ਹੈ।
ਸਾਉਣੀ ਦੀ ਫਸਲ ਦੀ ਬਿਜਾਈ ਸਿਰ ‘ਤੇ ਹੈ। ਟਰੈਕਟਰ, ਟਿਊਬਵੈੱਲ, ਕੰਬਾਈਨ ਸਭ ਡੀਜ਼ਲ ‘ਤੇ ਚੱਲਦੇ ਹਨ। ਇਨ੍ਹਾਂ ਵਧੀਆ ਹੋਈਆਂ ਤੇਲ ਦੀਆਂ ਕੀਮਤਾਂ ਕਾਰਨ ਇਸ ਸਮੇਂ ਇੱਕ ਕਿੱਲੇ ਝੋਨੇ ਦਾ ਖਰਚਾ ਤਕਰੀਬਨ 3000 ਰੁਪਏ ਵੱਧ ਗਿਆ ਹੈ ਜੋ ਕਿ ਕਿਸਾਨ-ਮਜ਼ਦੂਰ ਅਤੇ ਆਮ ਲੋਕਾਂ ਨਾਲ ਸਿੱਧੀ ਲੁੱਟ ਹੈ। ਲੱਖੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਚੰਡੀਗੜ੍ਹ ਦੀ ਤਰਜ ਉੱਤੇ ਪੰਜਾਬ ਵਿੱਚ ਡੀਜ਼ਲ ਦਾ ਰੇਟ ਸਸਤਾ ਕਰੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਬੀ ਬੀ ਐਮ ਬੀ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕੀਤੀ ਹੈ ਇਹ ਸੰਘੀ ਢਾਂਚੇ ‘ਤੇ ਹਮਲਾ ਹੈ।”





















