ਇਰਾਨੀ ਸਰਕਾਰੀ ਟੈਲੀਵਿਜ਼ਨ ਦੇ ਇੱਕ ਸਥਾਨਕ ਚੈਨਲ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਇੱਕ ਅਮਰੀਕੀ ਲੜਾਕੂ ਜਹਾਜ਼ ਦਾ ਪਾਇਲਟ ਦੱਖਣ-ਪੱਛਮੀ ਇਰਾਨ ਦੇ ਉੱਪਰ ਆਪਣੇ ਜਹਾਜ਼ ਤੋਂ ਬਾਹਰ (eject) ਨਿਕਲ ਗਿਆ ਹੈ। ਅਮਰੀਕਾ ਨੇ ਇਸ ਦਾਅਵੇ ਬਾਰੇ ਟਿੱਪਣੀ ਕਰਨ ਦੀਆਂ ਬੇਨਤੀਆਂ ਦਾ ਤੁਰੰਤ ਕੋਈ ਜਵਾਬ ਨਹੀਂ ਦਿੱਤਾ। ਦੂਜੇ ਪਾਸੇ ਇਰਾਨ ਨੇ ਦਾਅਵਾ ਕੀਤਾ ਹੈ ਕਿ ਪਾਇਲਟ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਜਿਸ ਦੀ ਕੋਈ ਪੁਸ਼ਟੀ ਨਹੀਂ ਹੋਈ।
ਉੱਧਰ ਇਰਾਨ ਦੇ ‘ਕੋਹਕੀਲੂਏਹ ਅਤੇ ਬੋਇਰ-ਅਹਿਮਦ’ ਸੂਬੇ ਦੇ ਚੈਨਲ ‘ਤੇ ਐਂਕਰ ਨੇ ਇਹ ਐਲਾਨ ਪੜ੍ਹਿਆ: “ਜੇਕਰ ਤੁਸੀਂ ਦੁਸ਼ਮਣ ਦੇ ਪਾਇਲਟ ਜਾਂ ਪਾਇਲਟਾਂ ਨੂੰ ਜ਼ਿੰਦਾ ਫੜ ਕੇ ਪੁਲੀਸ ਹਵਾਲੇ ਕਰਦੇ ਹੋ, ਤਾਂ ਤੁਹਾਨੂੰ ਇੱਕ ਕੀਮਤੀ ਇਨਾਮ ਦਿੱਤਾ ਜਾਵੇਗਾ।” ਚੈਨਲ ਨੇ ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ।ਅਮਰੀਕੀ ਸੈਂਟਰਲ ਕਮਾਂਡ, ਪੈਂਟਾਗਨ ਅਤੇ ਵ੍ਹਾਈਟ ਹਾਊਸ ਨੇ ਵੀ ਟਿੱਪਣੀ ਦੀਆਂ ਬੇਨਤੀਆਂ ਦਾ ਤੁਰੰਤ ਕੋਈ ਜਵਾਬ ਨਹੀਂ ਦਿੱਤਾ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਅਜੇ ਇਰਾਨ ਵਿੱਚ ਜੋ ਬਚਿਆ ਹੈ ਉਸ ਨੂੰ ਨਸ਼ਟ ਕਰਨਾ ਸ਼ੁਰੂ ਵੀ ਨਹੀਂ ਕੀਤਾ ਅਤੇ ਉਹ ਆਉਣ ਵਾਲੇ ਦਿਨਾਂ ਵਿੱਚ ਇਰਾਨ ਦੇ ਬੁਨਿਆਦੀ ਢਾਂਚੇ ‘ਤੇ ਹਮਲੇ ਹੋਰ ਤੇਜ਼ ਕਰਨਗੇ। ਟਰੰਪ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਕਈ ਦੇਸ਼ ਹੋਰਮੁਜ਼ ਦੇ ਜਲ ਮਾਰਗ ਰਾਹੀਂ ਤੇਲ ਅਤੇ ਗੈਸ ਦੀ ਸਪਲਾਈ ਮੁੜ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉੱਧਰ ਮੱਧ ਪੂਰਬ ਵਿੱਚ ਸ਼ੁੱਕਰਵਾਰ ਨੂੰ ਜੰਗ ਦੇ ਖਤਮ ਹੋਣ ਦੇ ਬਹੁਤ ਘੱਟ ਸੰਕੇਤ ਦਿਖਾਈ ਦੇ ਰਹੇ ਹਨ। ਤਾਜ਼ਾ ਰਿਪੋਰਟਾਂ ਵਿੱਚ ਇਜ਼ਰਾਈਲ ਨੇ ਕਿਹਾ ਕਿ ਉਸ ਨੂੰ ਇਰਾਨ ਵੱਲੋਂ ਫਾਇਰਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਵੈਤ ਅਤੇ ਬਹਿਰੀਨ ਨੇ ਵੀ ਆਪਣੇ ਉੱਪਰ ਹਮਲੇ ਹੋਣ ਦੀ ਰਿਪੋਰਟ ਦਿੱਤੀ ਹੈ ਅਤੇ ਇਰਾਨ ਨੇ ਕਿਹਾ ਕਿ ਅਮਰੀਕੀ ਹਮਲੇ ਦਾ ਸ਼ਿਕਾਰ ਹੋਏ ਇੱਕ ਮੁੱਖ ਪੁਲ ਦੇ ਨੇੜੇ ਫਾਰਸੀ ਨਵੇਂ ਸਾਲ ਦੀ ਸਮਾਪਤੀ ਦਾ ਜਸ਼ਨ ਮਨਾ ਰਹੇ ਅੱਠ ਲੋਕ ਮਾਰੇ ਗਏ ਹਨ।
ਤਹਿਰਾਨ ਨੇ ਆਪਣੇ ਗੁਆਂਢੀਆਂ ‘ਤੇ ਹਮਲਾ ਕਰਨ ਦੀ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਜਾਰੀ ਰੱਖਿਆ, ਭਾਵੇਂ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਕਿ ਉਸ ਦੇਸ਼ ਤੋਂ ਖ਼ਤਰਾ ਲਗਪਗ ਖ਼ਤਮ ਹੋ ਗਿਆ ਹੈ। ਟਰੰਪ ਨੇ ਵੀਰਵਾਰ ਨੂੰ ਪੁਲ ਦੇ ਡਿੱਗਣ ‘ਤੇ ਖੁਸ਼ੀ ਜ਼ਾਹਰ ਕੀਤੀ, ਜੋ ਕਥਿਤ ਤੌਰ ‘ਤੇ ਮੱਧ ਪੂਰਬ ਦਾ ਸਭ ਤੋਂ ਉੱਚਾ ਪੁਲ ਸੀ। ਦੂਜੇ ਪਾਸੇ ਇਰਾਨ ਨੇ ਪੁਲ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ, ਜਿਸ ਵਿੱਚ ‘ਨੇਚਰ ਡੇਅ’ ਮਨਾ ਰਹੇ 95 ਲੋਕ ਜ਼ਖਮੀ ਵੀ ਹੋਏ ਹਨ।
ਹੋਰਮੁਜ਼ ਜਲਮਾਰਗ ਦੀ ਘੇਰਾਬੰਦੀ ਕਾਰਨ ਵਿਸ਼ਵ ਊਰਜਾ ਸਪਲਾਈ ਪ੍ਰਭਾਵਿਤਖਾੜੀ ਦੇਸ਼ਾਂ ’ਤੇ ਇਰਾਨ ਦੇ ਹਮਲਿਆਂ ਅਤੇ ਹੋਰਮੁਜ਼ ਜਲਮਾਰਗ (Strait of Hormuz) ‘ਤੇ ਉਸ ਦੇ ਕਬਜ਼ੇ ਨੇ ਵਿਸ਼ਵ ਦੀ ਊਰਜਾ ਸਪਲਾਈ ਨੂੰ ਵਿਗਾੜ ਦਿੱਤਾ ਹੈ, ਜਿਸ ਦੇ ਪ੍ਰਭਾਵ ਮੱਧ ਪੂਰਬ ਤੋਂ ਬਹੁਤ ਦੂਰ ਤੱਕ ਮਹਿਸੂਸ ਕੀਤੇ ਜਾ ਰਹੇ ਹਨ। ਇਹ ਜੰਗ ਵਿੱਚ ਇਰਾਨ ਦਾ ਸਭ ਤੋਂ ਵੱਡਾ ਰਣਨੀਤਕ ਲਾਭ ਸਾਬਤ ਹੋਇਆ ਹੈ। ਬ੍ਰਿਟੇਨ ਨੇ ਲਗਪਗ ਤਿੰਨ ਦਰਜਨ ਦੇਸ਼ਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਕਿ ਲੜਾਈ ਖਤਮ ਹੋਣ ਤੋਂ ਬਾਅਦ ਇਸ ਜਲਮਾਰਗ ਨੂੰ ਦੁਬਾਰਾ ਕਿਵੇਂ ਖੋਲ੍ਹਿਆ ਜਾਵੇ।





















