ਪੁਲੀਸ ਦੀ ਕਾਰਵਾਈ ’ਤੇ ਉੱਠੇ ਸਵਾਲ; ਸੀਸੀਟੀਵੀ ਫੁਟੇਜ ’ਚ ਸ਼ੱਕੀ ਵਿਅਕਤੀ ਪਿੱਛੇ ਜਾਂਦਾ ਦਿਖਾਈ ਦਿੱਤਾ ਬੱਚਾ
ਲੁਧਿਆਣਾ ਦੇ ਕਸਾਬਾਦ ਇਲਾਕੇ ਵਿੱਚ ਇੱਕ ਬੇਹੱਦ ਖੌਫਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ 9 ਸਾਲਾ ਅਮਨ ਦੀ ਲਾਸ਼ ਸ਼ਨੀਵਾਰ ਨੂੰ ਝਾੜੀਆਂ ਵਿੱਚੋਂ ਮਿਲੀ। ਮ੍ਰਿਤਕ ਬੱਚੇ ਦਾ ਗਲਾ ਤੇਜ਼ਧਾਰ ਹਥਿਆਰ ਨਾਲ ਵੱਢਿਆ ਹੋਇਆ ਸੀ।
ਪਰਿਵਾਰ ਦਾ ਦੋਸ਼ ਹੈ ਕਿ ਜੇਕਰ ਪੁਲੀਸ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਅਤੇ ਉਨ੍ਹਾਂ ਨੂੰ ਇੱਕ ਥਾਣੇ ਤੋਂ ਦੂਜੇ ਥਾਣੇ ਨਾ ਭੇਜਿਆ ਹੁੰਦਾ, ਤਾਂ ਸ਼ਾਇਦ ਉਨ੍ਹਾਂ ਦੇ ਬੱਚੇ ਦੀ ਜਾਨ ਬਚ ਸਕਦੀ ਸੀ। ਇਸ ਲਾਪਰਵਾਹੀ ਦੇ ਖਿਲਾਫ ਗੁੱਸੇ ਵਿੱਚ ਆਏ ਲੋਕਾਂ ਨੇ ਪੁਲੀਸ ਵਿਰੁੱਧ ਰੋਸ ਪ੍ਰਦਰਸ਼ਨ ਵੀ ਕੀਤਾ।
ਪੁਲੀਸ ਜਾਂਚ ਦੌਰਾਨ ਸੀਸੀਟੀਵੀ ਫੁਟੇਜ ਵਿੱਚ ਇੱਕ ਸ਼ੱਕੀ ਵਿਅਕਤੀ ਝਾੜੀਆਂ ਵੱਲ ਜਾਂਦਾ ਦਿਖਾਈ ਦੇ ਰਿਹਾ ਹੈ, ਜਿਸਦੇ ਪਿੱਛੇ ਮਾਸੂਮ ਅਮਨ ਵੀ ਜਾ ਰਿਹਾ ਸੀ। ਅਡੀਸ਼ਨਲ ਡੀ.ਸੀ.ਪੀ. ਅਨੁਸਾਰ, ਇਸ ਮਾਮਲੇ ਵਿੱਚ ਜਿਨਸੀ ਸ਼ੋਸ਼ਣ ਦੇ ਖਦਸ਼ੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਸਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੋਵੇਗੀ। ਫਿਲਹਾਲ ਪੁਲੀਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ ਪਰ ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।




















