ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 77ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸੰਧਿਆ ਦੇਸ਼ ਨੂੰ ਕੀਤਾ ਸੰਬੋਧਨ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 77ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸੰਧਿਆ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿਚ ਐਤਵਾਰ ਨੂੰ ਕਿਹਾ ਕਿ ਸਾਡਾ ਸੰਵਿਧਾਨ ਵਿਸ਼ਵ ਇਤਿਹਾਸ ਦੇ ਸਭ ਤੋਂ ਵੱਡੇ ਗਣਤੰਤਰ ਦਾ ਮੂਲ ਦਸਤਾਵੇਜ਼ ਹੈ। ਉਨ੍ਹਾਂ ਕਿਹਾ ਕਿ ਏਕਤਾ ਦੀ ਭਾਵਨਾ ਨੂੰ ਹੱਲਾਸ਼ੇਰੀ ਦੇਣ ਲਈ ਕੀਤੀ ਗਈ ਹਰ ਕੋਸ਼ਿਸ਼ ਬਹੁਤ ਸ਼ਲਾਘਾਯੋਗ ਹੈ।
ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਭਾਰਤ ਮਾਤਾ ਦੇ ਵਿਸ਼ਾਲ ਸਰੂਪ ਦੀ ਆਰਾਧਨਾ ਹੈ, ਜੋ ਹਰੇਕ ਭਾਰਤੀ ਦੇ ਮਨ ਵਿਚ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾਉਂਦੀ ਹੈ। ਉਨ੍ਹਾਂ ਕਿਹਾ ਕਿ ਵੋਟਿੰਗ ਵਿਚ ਮਹਿਲਾਵਾਂ ਦੀ ਵਧਦੀ ਹਿੱਸੇਦਾਰੀ ਸਾਡੇ ਗਣਰਾਜ ਨੂੰ ਇੱਕ ਸ਼ਕਤੀਸ਼ਾਲੀ ਪਹਿਲੂ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ ਕਿ ਜਿਨ੍ਹਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ ਹੈ ਉਹ ਮੁੜ ਗਰੀਬੀ ਵਿੱਚ ਨਾ ਫਸਣ। ਰਾਸ਼ਟਰਪਤੀ ਨੇ ਕਿਹਾ ਕਿ ਵਿਕਸਤ ਭਾਰਤ ਦੇ ਨਿਰਮਾਣ ਵਿੱਚ ‘ਨਾਰੀ ਸ਼ਕਤੀ’ ਦੀ ਭੂਮਿਕਾ ਅਹਿਮ ਹੋਵੇਗੀ।
ਮੁਰਮੂ ਨੇ ਕਿਹਾ, ‘‘ਸਰਕਾਰ ਅਤੇ ਆਮ ਜਨਤਾ ਵਿਚਕਾਰ ਪਾੜਾ ਲਗਾਤਾਰ ਘਟਦਾ ਜਾ ਰਿਹਾ ਹੈ। ਆਲਮੀ ਬੇਯਕੀਨੀ ਦੇ ਬਾਵਜੂਦ ਭਾਰਤ ਲਗਾਤਾਰ ਆਰਥਿਕ ਵਿਕਾਸ ਕਰ ਰਿਹਾ ਹੈ ਅਤੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਦੇ ਰਾਹ ’ਤੇ ਹੈ।”
ਰਾਸ਼ਟਰਪਤੀ ਨੇ ਕਿਹਾ, “ਰੱਖਿਆ ਦੇ ਖੇਤਰ ਵਿੱਚ ਸਾਡੀ ਸਵੈ-ਨਿਰਭਰਤਾ ਨੇ ਆਪ੍ਰੇਸ਼ਨ ਸਿੰਧੂਰ ਦੀ ਇਤਿਹਾਸਕ ਸਫਲਤਾ ਨੂੰ ਸ਼ਕਤੀ ਦਿੱਤੀ। ਦੁਨੀਆ ਦੇ ਕਈ ਹਿੱਸਿਆਂ ਵਿੱਚ ਟਕਰਾਅ ਵਾਲੇ ਮਾਹੌਲ ਵਿੱਚ, ਭਾਰਤ ਸ਼ਾਂਤੀ ਦਾ ਸੰਦੇਸ਼ ਫੈਲਾ ਰਿਹਾ ਹੈ।”





















