Code Of Ethics

Download app

Subscribe To Print Edition

ਅੰਮ੍ਰਿਤਸਰ: ਸਰਪੰਚ ਕਤਲ ਮਾਮਲੇ ਦਾ ਮੁੱਖ ਸ਼ੂਟਰ ਪੁਲੀਸ ਮੁਕਾਬਲੇ ’ਚ ਹਲਾਕ

ਹਥਿਆਰ ਬਰਾਮਦਗੀ ਲਈ ਗਈ ਪੁਲੀਸ ਟੀਮ ’ਤੇ ਬਾਈਕ ਸਵਾਰਾਂ ਵੱਲੋਂ ਹਮਲਾ; ਕਾਂਸਟੇਬਲ ਦੀ ਲੱਤ ’ਚ ਗੋਲੀ ਲੱਗੀ

featured-img

 

 

ਸਰਪੰਚ ਝਰਮਲ ਸਿੰਘ ਕਤਲ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਮੁੱਖ ਸ਼ੂਟਰ ਸੁਖਰਾਜ ਸਿੰਘ ਇੱਥੇ ਇੱਕ ਪੁਲੀਸ ਮੁਕਾਬਲੇ ਦੌਰਾਨ ਮਾਰਿਆ ਗਿਆ ਹੈ। ਪੁਲੀਸ ਨੇ ਉਸ ਨੂੰ ਅਤੇ ਇੱਕ ਹੋਰ ਮੁਲਜ਼ਮ ਨੂੰ ਛੱਤੀਸਗੜ੍ਹ ਤੋਂ ਗ੍ਰਿਫਤਾਰ ਕੀਤਾ ਸੀ। ਇਹ ਪ੍ਰਭ ਦਾਸੂਵਾਲ ਗਰੋਹ ਦੇ ਨਾਲ ਸਬੰਧਤ ਸਨ। ਪੁਲੀਸ ਨੇ ਇਸ ਮਾਮਲੇ ਵਿੱਚ ਕੁੱਲ ਸੱਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ।

ਘਟਨਾ ਸਥਾਨ ਦਾ ਦੌਰਾ ਕਰਨ ਮਗਰੋਂ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੱਤੀ ਹੈ ਕਿ ਮੁਲਜ਼ਮ ਸੁਖਰਾਜ ਸਿੰਘ ਨੂੰ ਇੱਥੇ ਹਥਿਆਰ ਬਰਾਮਦਗੀ ਵਾਸਤੇ ਲਿਆਂਦਾ ਗਿਆ ਸੀ। ਇੱਕ ਪਿਸਤੌਲ ਬਰਾਮਦ ਕਰਨ ਮਗਰੋਂ ਜਦੋਂ ਪੁਲੀਸ ਪਾਰਟੀ ਵਾਪਸ ਆ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਪੁਲੀਸ ਪਾਰਟੀ ’ਤੇ ਹਮਲਾ ਕੀਤਾ।

ਹਮਲਾਵਰਾਂ ਵੱਲੋਂ ਚਲਾਈਆਂ ਗੋਲੀਆਂ ਨਾਲ ਪੁਲੀਸ ਵਾਹਨ ਦਾ ਟਾਇਰ ਫਟ ਗਿਆ ਅਤੇ ਇੱਕ ਪੁਲੀਸ ਕਰਮਚਾਰੀ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਪੁਲੀਸ ਪਾਰਟੀ ਨੇ ਵੀ ਹਮਲਾਵਰਾਂ ’ਤੇ ਗੋਲੀਆਂ ਚਲਾਈਆਂ ਤਾਂ ਉਹ ਵਾਪਸ ਭੱਜ ਗਏ। ਇਸ ਦੌਰਾਨ ਪੁਲੀਸ ਵਾਹਨ ਵਿੱਚ ਹਥਿਆਰ ਬਰਾਮਦ ਕਰਨ ਵਾਸਤੇ ਲੈ ਕੇ ਆਏ ਸੁਖਰਾਜ ਸਿੰਘ ਨੇ ਪੁਲੀਸ ਕਰਮਚਾਰੀ ਤੋਂ ਉਸ ਦੀ ਪਿਸਤੌਲ ਖੋਹਣ ਦਾ ਯਤਨ ਕੀਤਾ। ਇਸ ਹੱਥੋਪਾਈ ਵਿੱਚ ਕਾਰ ਦੇ ਅੰਦਰ ਵੀ ਗੋਲੀਆਂ ਚੱਲੀਆਂ। ਇਸ ਦੌਰਾਨ ਮੁਲਜ਼ਮ ਨੂੰ ਵੀ ਦੋ ਗੋਲੀਆਂ ਲੱਗੀਆਂ ਹਨ ਅਤੇ ਉਹ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਜ਼ਖਮੀ ਹੋਏ ਪੁਲੀਸ ਕਰਮਚਾਰੀ ਅਤੇ ਮੁਲਜ਼ਮ ਦੋਵਾਂ ਨੂੰ ਇਲਾਜ ਵਾਸਤੇ ਹਸਪਤਾਲ ਭੇਜਿਆ ਗਿਆ, ਜਿੱਥੇ ਮੁਲਜ਼ਮ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ’ਤੇ ਹਮਲਾ ਕਰਨ ਵਾਲੇ ਦੋ ਹਮਲਾਵਰਾਂ ਨੇ ਮੂੰਹ ਬੰਨੇ ਹੋਏ ਸਨ ਅਤੇ ਪੁਲੀਸ ਵੱਲੋਂ ਉਨ੍ਹਾਂ ਦਾ ਪਤਾ ਲਾਉਣ ਵਾਸਤੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੁਲੀਸ ਕਮਿਸ਼ਨਰ ਨੇ ਆਖਿਆ ਕਿ ਮੁਢਲੀ ਜਾਂਚ ਤੋਂ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਅਣਪਛਾਤੇ ਹਮਲਾਵਰਾਂ ਨੇ ਮੁਲਜ਼ਮ ਨੂੰ ਅੰਮ੍ਰਿਤਸਰ ਪੁਲੀਸ ਦੀ ਹਿਰਾਸਤ ’ਚੋਂ ਛੁਡਾਉਣ ਦੀ ਕੋਸ਼ਿਸ਼ ਵਿੱਚ ਪੁਲੀਸ ਟੀਮ ’ਤੇ ਗੋਲੀਬਾਰੀ ਕੀਤੀ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪੁਲੀਸ ਸੁਖਰਾਜ ਸਿੰਘ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਵੱਲਾ ਤੋਂ ਜੇਠੂਵਾਲ ਨੂੰ ਜਾਂਦੀ ਨਹਿਰ ਨੇੜੇ ਹਥਿਆਰ ਬਰਾਮਦਗੀ ਵਾਸਤੇ ਲੈ ਕੇ ਗਈ ਸੀ।

Advertisment