ਕਿਰਤ ਮੰਤਰਾਲੇ ਦੇ ਦਖ਼ਲ ਮਗਰੋਂ ਲਿਆ ਫੈਸਲਾ
ਤੇਜ਼ੀ ਨਾਲ ਸਾਮਾਨ ਪਹੁੰਚਾਉਣ ਵਾਲੀ ਕੰਪਨੀ ਬਲਿੰਕਿਟ ਨੇ ਡਿਲਿਵਰੀ ਵਰਕਰਾਂ ਦੀ ਭਲਾਈ ਬਾਰੇ ਵਧ ਰਹੀਆਂ ਚਿੰਤਾਵਾਂ ਵਿਚਾਲੇ ਆਪਣੀ ਟੈਗਲਾਈਨ ‘10 ਮਿੰਟ ’ਚ ਡਿਲਿਵਰੀ’ ਹਟਾ ਦਿੱਤੀ ਹੈ। ਹੁਣ ਕੰਪਨੀ ਨੇ ਆਪਣੀ ਨਵੀਂ ਟੈਗਲਾਈਨ ‘10,000 ਤੋਂ ਵੱਧ ਉਤਪਾਦ 10 ਮਿੰਟਾਂ ਵਿੱਚ’ ਦੀ ਥਾਂ ‘30,000 ਤੋਂ ਵੱਧ ਉਤਪਾਦ ਤੁਹਾਡੇ ਘਰ ਦੀ ਦਹਿਲੀਜ਼ ’ਤੇ’ ਕਰ ਦਿੱਤੀ ਹੈ। ਇਹ ਫੈਸਲਾ ਕੇਂਦਰੀ ਕਿਰਤ ਮੰਤਰਾਲੇ ਦੇ ਦਖ਼ਲ ਤੋਂ ਬਾਅਦ ਲਿਆ ਗਿਆ ਹੈ। ਮੰਤਰਾਲੇ ਨੇ ਕੰਪਨੀਆਂ ਨੂੰ ਗਿੱਗ ਵਰਕਰਾਂ ਦੀ ਸੁਰੱਖਿਆ ਅਤੇ ਕੰਮਕਾਜੀ ਹਾਲਾਤ ਸੁਧਾਰਨ ਲਈ ਕਿਹਾ ਸੀ। ਜ਼ਿਕਰਯੋਗ ਹੈ ਕਿ 10 ਮਿੰਟ ਦੀ ਡਿਲਿਵਰੀ ਦੇ ਵਾਅਦੇ ਕਾਰਨ ਵਰਕਰਾਂ ਦੀ ਸਿਹਤ ਅਤੇ ਸੁਰੱਖਿਆ ’ਤੇ ਸਵਾਲ ਉੱਠ ਰਹੇ ਸਨ ਜਿਸ ਨੂੰ ਲੈ ਕੇ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਦੇਸ਼ ਵਿਆਪੀ ਹੜਤਾਲ ਵੀ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਸਵਿੱਗੀ ਅਤੇ ਜ਼ੈਪਟੋ ਵਰਗੀਆਂ ਹੋਰ ਕੰਪਨੀਆਂ ਵੀ ਜਲਦੀ ਹੀ ਅਜਿਹੇ ਕਦਮ ਚੁੱਕ ਸਕਦੀਆਂ ਹਨ। ਹਾਲਾਂਕਿ, ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ’ਤੇ ਜ਼ੈਪਟੋ, ਇੰਸਟਾਮਾਰਟ ਅਤੇ ਬਿਗ ਬਾਸਕਟ ਦੀਆਂ ਐਪਸ ’ਤੇ ਹਾਲੇ ਵੀ 10 ਮਿੰਟ ਦੀ ਡਲਿਵਰੀ ਵਾਲਾ ਦਾਅਵਾ ਦਿਖਾਈ ਦੇ ਰਿਹਾ ਹੈ, ਪਰ ਬਲਿੰਕਿਟ ਨੇ ਇਸ ਨੂੰ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਇਨਟਰਨਲ ਗਰੁੱਪ ਦੇ ਸੀ ਈ ਓ ਦੀਪਿੰਦਰ ਗੋਇਲ ਨੇ ‘ਐਕਸ’ ’ਤੇ ਦਾਅਵਾ ਕੀਤਾ ਸੀ ਕਿ 10 ਮਿੰਟ ਦੀ ਡਲਿਵਰੀ ਦਾ ਵਾਅਦਾ ਰਾਈਡਰਾਂ ’ਤੇ ਕੋਈ ਦਬਾਅ ਨਹੀਂ ਪਾਉਂਦਾ ਅਤੇ ਨਾ ਹੀ ਅਸੁਰੱਖਿਅਤ ਡਰਾਈਵਿੰਗ ਨੂੰ ਉਤਸ਼ਾਹਿਤ ਕਰਦਾ ਹੈ।





















