Code Of Ethics

Download app

Subscribe To Print Edition

ਬੰਗਲਾਦੇਸ਼ ਵਿਚ ਪਹਿਲਾਂ ਵਾਲੇ ਹਾਲਾਤ ਨਹੀਂ ਹੋਣੇ ਚਾਹੀਦੇ: ਰਹਿਮਾਨ

ਭਾਰਤੀ ਹਾਈ ਕਮਿਸ਼ਨਰ ਵੱਲੋਂ ਤਾਰਿਕ ਰਹਿਮਾਨ ਨਾਲ ਮੁਲਾਕਾਤ

featured-img

ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਬੀ ਐਨ ਪੀ ਦੇ ਚੇਅਰਮੈਨ ਤਾਰਿਕ ਰਹਿਮਾਨ ਨੇ ਕਿਹਾ ਕਿ ਬੰਗਲਾਦੇਸ਼ ਨੂੰ 5 ਅਗਸਤ ਤੋਂ ਪਹਿਲਾਂ ਦੇ ਸਮੇਂ ਵਿੱਚ ਵਾਪਸ ਨਹੀਂ ਜਾਣਾ ਚਾਹੀਦਾ ਤੇ ਹਾਲਾਤ ਖਰਾਬ ਨਹੀਂ ਹੋਣੇ ਚਾਹੀਦੇ। ਤਾਰਿਕ ਰਹਿਮਾਨ ਨੇ ਕਿਹਾ ਕਿ ਅਵਾਮੀ ਲੀਗ ਸ਼ਾਸਨ ਦੇ ਪਤਨ ਤੋਂ ਪਹਿਲਾਂ ਜਿਹੇ ਸਿਆਸੀ ਹਾਲਾਤ ’ਚ ਲਿਜਾਣ ਦੀ ‘ਕੋਈ ਵਜ੍ਹਾ’ ਨਹੀਂ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਵਿਚ 5 ਅਗਸਤ, 2024 ਨੂੰ ਸ਼ੇਖ ਹਸੀਨਾ ਦਾ ਤਖਤਾ ਪਲਟਣ ਦਰਮਿਆਨ ਹਾਲਾਤ ਖਰਾਬ ਹੋ ਗਏ ਸਨ।

ਬੰਗਲਾਦੇਸ਼ ਵਚ 12 ਫਰਵਰੀ ਨੂੰ ਆਮ ਚੋਣਾਂ ਹੋਣੀਆਂ ਹਨ, ਇਸ ਤੋਂ ਹਫ਼ਤਾ ਪਹਿਲਾਂ ਰਹਿਮਾਨ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ ਐਨ ਪੀ) ਸੱਤਾ ਵਿੱਚ ਆਉਣ ’ਤੇ ਦੇਸ਼ ਨੂੰ ਸਹੀ ਦਿਸ਼ਾ ਵਿੱਚ ਲੈ ਜਾਵੇਗੀ। 60 ਸਾਲਾ ਰਹਿਮਾਨ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮੁੱਖ ਦਾਅਵੇਦਾਰ ਹਨ।

ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੇ ਦੇਹਾਂਤ ਤੋਂ ਕੁਝ ਦਿਨ ਬਾਅਦ ਬੀ ਐਨ ਪੀ ਦੀ ਸਥਾਈ ਕਮੇਟੀ ਨੇ ਮੀਟਿੰਗ ਵਿੱਚ ਰਹਿਮਾਨ ਦੀ ਪਾਰਟੀ ਦੇ ਚੇਅਰਮੈਨ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਸੀ।

ਆਪਣੀ ਨਿਯੁਕਤੀ ਤੋਂ ਬਾਅਦ ਰਹਿਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਸਾਨੂੰ ਪਹਿਲਾਂ ਵੀ ਸਮੱਸਿਆਵਾਂ ਸਨ ਅਤੇ ਹਾਲੇ ਵੀ ਸਮੱਸਿਆਵਾਂ ਦਰਪੇਸ਼ ਹਨ ਪਰ ਬੰਗਲਾਦੇਸ਼ ਵਿਚ ਪਹਿਲਾਂ ਵਾਲੇ ਹਾਲਾਤ ਨਹੀਂ ਹੋਣੇ ਚਾਹੀਦੇ। ਸਾਡੇ ਕੋਲ ਅਜਿਹਾ ਕਰਨ ਦਾ ਕੋਈ ਕਾਰਨ ਨਹੀਂ ਹੈ। ਹਾਲਾਂਕਿ ਸਾਡੇ ਦਰਮਿਆਨ ਕਈ ਤਰ੍ਹਾਂ ਦੇ ਮਤਭੇਦ ਹਨ ਪਰ ਸਾਨੂੰ ਗੱਲਬਾਤ ਰਾਹੀਂ ਉਨ੍ਹਾਂ ਨੂੰ ਘਟਾਉਣ ਦਾ ਯਤਨ ਕਰਨਾ ਚਾਹੀਦਾ ਹੈ।’

ਇਸ ਤੋਂ ਪਹਿਲਾਂ ਬੰਗਲਾਦੇਸ਼ ’ਚ ਭਾਰਤੀ ਹਾਈ ਕਮਿਸ਼ਨਰ ਪ੍ਰਣਯ ਵਰਮਾ ਨੇ ਅੱਜ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ ਐੱਨ ਪੀ) ਦੇ ਨਵੇਂ ਚੇਅਰਮੈਨ ਤਾਰਿਕ ਰਹਿਮਾਨ ਨਾਲ ਮੁਲਾਕਾਤ ਕੀਤੀ।

ਬੀ ਐੱਨ ਪੀ ਦੇ ਮੀਡੀਆ ਸੈੱਲ ਦੇ ਬੁਲਾਰੇ ਸਯਰੁਲ ਕਬੀਰ ਖਾਨ ਨੇ ਦੱਸਿਆ ਕਿ ਸ੍ਰੀ ਵਰਮਾ ਤੇ ਤਾਰਿਕ ਰਹਿਮਾਨ ਵਿਚਾਲੇ ਮੀਟਿੰਗ ਤਕਰੀਬਨ 40 ਮਿੰਟ ਤੱਕ ਚੱਲੀ। ਉਨ੍ਹਾਂ ਇਸ ਮੀਟਿੰਗ ਨੂੰ ਸ਼ਿਸ਼ਟਾਚਾਰ ਵਜੋਂ ਮੁਲਾਕਾਤ ਕਰਾਰ ਦਿੱਤਾ। ਬੰਗਲਾਦੇਸ਼ ’ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਇਮਰਾਨ ਹੈਦਰ ਨੇ ਵੀ ਬੀਤੇ ਦਿਨ ਰਹਿਮਾਨ ਨਾਲ ਮੁਲਾਕਾਤ ਕੀਤੀ ਸੀ।

Advertisment

You May Like This