Code Of Ethics

Download app

Subscribe To Print Edition

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਪ੍ਰਚਾਰ ਸਮਾਪਤ

ਆਖਰੀ ਦਿਨ ਸਟਾਰ ਪ੍ਰਚਾਰਕਾਂ ਨੇ ਕੀਤੇ ਰੋਡ ਸ਼ੋਅ; 14 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 19 ਨੂੰ

 

ਚੰਡੀਗੜ੍ਹ, 17 ਜੂਨ ( ਪੰਜਾਬੀ ਅੱਖਰ / ਬਿਊਰੋ ) :- ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਅੱਜ ਸਮਾਪਤ ਹੋ ਗਿਆ ਹੈ। 14 ਉਮੀਦਵਾਰ ਚੋਣ ਮੈਦਾਨ ’ਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ 19 ਜੂਨ ਨੂੰ ਹੋਵੇਗਾ। ਸਿਆਸੀ ਪਾਰਟੀਆਂ ਨੇ ਅੱਜ ਸਟਾਰ ਪ੍ਰਚਾਰਕਾਂ ਦੀ ਅਗਵਾਈ ਹੇਠ ਰੋਡ ਸ਼ੋਅ ਕਰ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਆਖ਼ਰੀ ਹੰਭਲਾ ਮਾਰਿਆ। ਲੁਧਿਆਣਾ ਪੱਛਮੀ ਦੇ 1,75,469 ਵੋਟਰ ਹਨ, ਜਿਹੜੇ 19 ਜੂਨ ਨੂੰ 194 ਪੋਲਿੰਗ ਸਟੇਸ਼ਨਾਂ ’ਤੇ ਆਪਣੀ ਵੋਟ ਦੀ ਵਰਤੋਂ ਕਰਨਗੇ। ਜ਼ਿਲ੍ਹਾ ਚੋਣ ਪ੍ਰਸ਼ਾਸਨ ਨੇ ਬਾਹਰਲੇ ਲੋਕਾਂ ਨੂੰ ਹਲਕਾ ਛੱਡਣ ਲਈ ਆਖ ਦਿੱਤਾ ਹੈ।

ਪੰਜਾਬ ਪੁਲੀਸ ਨੇ ਵੋਟਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਕਾਰਨ ਇਹ ਸੀਟ ਖ਼ਾਲੀ ਹੋਈ ਸੀ, ਜਿੱਥੋਂ ‘ਆਪ’ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਮੈਦਾਨ ਵਿੱਚ ਉਤਾਰ ਕੇ ਅਗੇਤਾ ਚੋਣ ਪ੍ਰਚਾਰ ਸ਼ੁਰੂ ਕੀਤਾ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਲਈ ਇਹ ਸੀਟ ਕਈ ਪੱਖਾਂ ਤੋਂ ਅਹਿਮ ਹੈ। ਚਰਚੇ ਹਨ ਕਿ ਅਰੋੜਾ ਦੇ ਚੋਣ ਜਿੱਤਣ ਦੀ ਸੂਰਤ ਵਿੱਚ ਖ਼ਾਲੀ ਹੋਣ ਵਾਲੀ ਰਾਜ ਸਭਾ ਸੀਟ ਤੋਂ ਕੇਜਰੀਵਾਲ ਉਮੀਦਵਾਰ ਬਣ ਸਕਦੇ ਹਨ। ‘ਆਪ’ ਇੰਚਾਰਜ ਮੁਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਟ ਦੀ ਕਮਾਨ ਸੰਭਾਲੀ ਹੋਈ ਹੈ। ਇਹ ਸ਼ਹਿਰੀ ਹਲਕਾ ਹੈ, ਜਿੱਥੋਂ ਦੇ ਬਾਸ਼ਿੰਦੇ ਪੜ੍ਹੇ-ਲਿਖੇ ਅਤੇ ਕਾਰੋਬਾਰੀ ਹਨ। ‘ਆਪ’ ਵੱਲੋਂ ਪੰਜਾਬ ਭਰ ’ਚੋਂ ਵਿਧਾਇਕ ਅਤੇ ਵਜ਼ੀਰ ਬੁਲਾ ਕੇ ਇਸ ਹਲਕੇ ’ਚ ਪ੍ਰਚਾਰ ਕਰਵਾਇਆ ਜਾ ਰਿਹਾ ਹੈ।

ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਇਸ ਹਲਕੇ ਤੋਂ ਦੋ ਵਾਰ ਪਹਿਲਾਂ ਚੋਣ ਜਿੱਤੇ ਹਨ ਅਤੇ ਹੁਣ ਮੁੜ ਉਮੀਦਵਾਰ ਹਨ। ਉਨ੍ਹਾਂ ਦੀ ਚੋਣ ਦੀ ਕਮਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਰਾਣਾ ਗੁਰਜੀਤ ਸਿੰਘ ਅਤੇ ਪਰਗਟ ਸਿੰਘ ਦੇ ਹੱਥ ਹੈ। ਕਾਂਗਰਸ ਦੀ ਧੜੇਬੰਦੀ ਦਾ ਖੁੱਲ੍ਹਾ ਮੁਜ਼ਾਹਰਾ ਇਸ ਚੋਣ ਦੌਰਾਨ ਹੋਇਆ ਹੈ। ਆਗੂ ਇਸ ਚੋਣ ’ਚ ਏਕੇ ਨਹੀਂ ਦਿਖਾ ਸਕੇ ਅਤੇ ਨਾ ਹੀ ਕਾਂਗਰਸ ਦੀ ਹਾਈਕਮਾਨ ਨੇ ਇਸ ਪਾਸੇ ਕੋਈ ਯਤਨ ਕੀਤੇ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਿਰਫ਼ ਇੱਕ ਵਾਰ ਹੀ ਚੋਣ ਪ੍ਰਚਾਰ ਵਿੱਚ ਆਏ। ‘ਆਪ’ ਨੇ ਭਾਰਤ ਭੂਸ਼ਨ ਆਸ਼ੂ ਦੀ ਬੋਲ-ਬਾਣੀ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਹੈ। ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਦੀ ਹਮਾਇਤ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੋਂ ਇਲਾਵਾ ਕੇਂਦਰੀ ਮੰਤਰੀ ਹਰਦੀਪ ਪੁਰੀ ਅਤੇ ਸਾਬਕਾ ਮੰਤਰੀ ਅਨੁਰਾਗ ਠਾਕੁਰ ਵੀ ਆਏ। ਕੇਂਦਰੀ ਮੰਤਰੀ ਰਵਨੀਤ ਬਿੱਟੂ ਅਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਵੀ ਪੂਰੀ ਵਾਹ ਲਾਈ। ਆਖ਼ਰੀ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਹਮਾਇਤ ਵਿੱਚ ਸਿਆਸੀ ਤਾਣ ਲਾਇਆ।

ਪਿਛਲੀ ਲੋਕ ਸਭਾ ਚੋਣ ਵਿੱਚ ਪੱਛਮੀ ਹਲਕੇ ’ਚੋਂ ਭਾਜਪਾ ਰਹੀ ਸੀ ਮੋਹਰੀ

ਪਿਛਲੀ ਲੋਕ ਸਭਾ ਚੋਣ ਵਿੱਚ ਪੱਛਮੀ ਹਲਕੇ ਤੋਂ ਭਾਜਪਾ ਨੂੰ ਸਭ ਤੋਂ ਵੱਧ 45 ਹਜ਼ਾਰ, ਕਾਂਗਰਸ ਨੂੰ 30 ਹਜ਼ਾਰ ਅਤੇ ‘ਆਪ’ ਉਮੀਦਵਾਰ ਨੂੰ 22 ਹਜ਼ਾਰ ਵੋਟ ਮਿਲੀ ਸੀ। ਲੋਕ ਸਭਾ ਚੋਣਾਂ ਵਿੱਚ ‘ਆਪ’ ਨੇ ਲੁਧਿਆਣਾ ਸ਼ਹਿਰ ਦੇ ਕਿਸੇ ਵੀ ਹਲਕੇ ’ਚੋਂ ਲੀਡ ਨਹੀਂ ਲਈ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਹਲਕੇ ’ਤੇ ਕਾਂਗਰਸ ਦਾ ਦਬਦਬਾ ਰਿਹਾ ਹੈ ਅਤੇ ਛੇ ਵਾਰ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਜੇਤੂ ਰਿਹਾ ਹੈ। ਹੁਣ ਭਾਜਪਾ ਉਮੀਦਵਾਰ ਦੀ ਭੂਮਿਕਾ ਅਹਿਮ ਰਹੇਗੀ ਕਿਉਂਕਿ ਉਸ ਨੂੰ ਮਿਲਣ ਵਾਲੀ ਵੋਟ ਦਾ ਅਸਰ ਦੂਸਰੀਆਂ ਪ੍ਰਮੁੱਖ ਧਿਰਾਂ ਤੇ ਪਵੇਗਾ।

 

Advertisment

You May Like This

ਪੰਜਵੀਂ ਜਮਾਤ ਦੇ ਵਿਦਿਆਰਥੀ ਪ੍ਰਭਕੀਰਤ ਸਿੰਘ ਨੇ ਆਪਣੀ ਅਸਾਧਾਰਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ SOF ਇੰਟਰਨੈਸ਼ਨਲ ਹਿੰਦੀ ਓਲੰਪਿਆਡ 2025–26 ਵਿੱਚ ਇੰਟਰਨੈਸ਼ਨਲ ਗੋਲਡ ਮੈਡਲ, ਇੰਟਰਨੈਸ਼ਨਲ ਰੈਂਕ–1 ਅਤੇ ਪੰਜਾਬ/ਚੰਡੀਗੜ੍ਹ ਜੋਨ ਵਿੱਚ ਜੋਨਲ ਰੈਂਕ–1 ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਪੂਰੇ ਖੇਤਰ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ।