
ਗੁਰਦਾਸਪੁਰ 17 ਅਪ੍ਰੈਲ 2025 ( ਪੰਜਾਬੀ ਅੱਖਰ / ਬਿਊਰੋ ) :- ਸੂਬੇ ਭਰ ਦੇ ਸਕੂਲਾਂ ਵਿੱਚ ਅਖੌਤੀ ਸਿੱਖਿਆ ਕ੍ਰਾਂਤੀ ਦੇ ਨਾਮ ਹੇਠ ਨੀਂਹ ਪੱਥਰਾਂ ਅਤੇ ਉਦਘਾਟਨੀ ਸਮਾਰੋਹਾਂ ਦੀ ਝੜੀ ਲਾਉਣ ਵਾਲੀ ਆਪ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼ ਅਧਿਆਪਕ ਜੱਥੇਬੰਦੀਆਂ ਵੱਲੋਂ ਰੋਸ਼ ਪ੍ਰਦਰਸਨ ਕੀਤਾ ਗਿਆ। ਮੈਰੀਟੋਰੀਅਸ ਅਧਿਆਪਕ ਯੂਨੀਅਨ ਪੰਜਾਬ ਦੇ ਆਗੂ ਹਰਪ੍ਰੀਤ ਸਿੰਘ ਵੱਲੋਂ ਪੰਜਾਬ ਸਰਕਾਰ ਤੇ ਵਾਅਦਾ ਖਿਲਾਫੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਮੈਰੀਟੋਰੀਅਸ ਅਧਿਆਪਕ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਥਾਂ ਪੰਜਾਬ ਸਰਕਾਰ ਫੋਕੀ ਇਸ਼ਤਿਆਰਬਾਜੀ ਕਰ ਰਹੀ ਹੈ । ਚੇਤੇ ਰਹੇ ਕਿ ਇਸ ਸਾਲ 189 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਜੇ.ਈ ਈ ਦੀ ਪ੍ਰੀਖਿਆ ਪਾਸ ਕੀਤੀ ਹੈ ਦੀ ਇਸ਼ਤਿਹਾਰਬਾਜ਼ੀ ਲਗਾਤਾਰ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਪਰ ਇਹਨਾਂ ਵਿੱਚੋਂ 60% ਤੇ ਕਰੀਬ ਮੈਰੀਟੋਰੀਅਸ ਸਕੂਲਾਂ ਦੇ ਵਿਦਿਆਰਥੀ ਹਨ, ਇੰਨੇ ਚੰਗੇ ਨਤੀਜੇ ਹੋਣ ਦੇ ਬਾਵਜੂਦ ਵੀ ਸਕੂਲਾਂ ਦੇ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਨਾ ਕਰਕੇ ਇਹਨਾਂ ਅਧਿਆਪਕਾ ਨਾਲ ਪੰਜਾਬ ਸਰਕਾਰ ਵੱਲੋਂ ਲਗਾਤਾਰ ਧੱਕਾ ਕੀਤਾ ਜਾ ਰਿਹਾ ਹੈ । ਡੈਮੋਕਰੇਟਿਕ ਟੀਚਰ ਫਰੰਟ ਤੇ ਆਗੂ ਪਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੰਪਿਊਟਰ ਅਧਿਆਪਕ,ਵਲੰਟੀਅਰ ਕੈਟਾਗਰੀ ਦੇ ਅਧਿਆਪਕ ਅਤੇ ਐਨ,ਐੱਸ ਕਿਉ ਐੱਫ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਤੋਂ ਲਗਾਤਾਰ ਆਨਾ ਕਾਨੀ ਕੀਤੀ ਜਾ ਰਹੀ ਹੈ। ਉਹਨਾਂ ਨੇ ਆਪਣੇ ਸੰਬੋਧਨ ਦੌਰਾਨ ਪੁਰਾਣੀ ਪੈਨਸ਼ਨ ਬਹਾਲੀ ਦਾ ਮੁੱਦਾ ਠੰਡੇ ਬਸਤੇ ਪਾਉਣ ਅਤੇ ਅਧੂਰਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਵਾਲੀ ਸਰਕਾਰ ਹਾਲੇ ਤੱਕ ਅਧਿਆਪਕਾਂ ਨੂੰ ਮਾਰਚ ਮਹੀਨੇ ਦੀ ਤਨਖਾਹ ਜਾਰੀ ਨਹੀਂ ਕਰ ਸਕੀ। ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਕੱਟੇ ਹੋਏ ਭੱਤਿਆਂ ਨੂੰ ਬਹਾਲ ਕਰਨ ਏ,ਸੀ,ਪੀ, ਸਕੀਮ ਨੂੰ ਲਾਗੂ ਕਰਨ ਅਤੇ ਨਵੇਂ ਤਨਖਾਹ ਸਕੇਲਾਂ ਤਹਿਤ ਤਨਖਾਹ ਕਟੌਤੀ ਰੱਦ ਕਰਨ ਤੋਂ ਇਨਕਾਰੀ ਹੋ ਚੁੱਕੀ ਹੈ। ਮੈਰੀਟੋਰੀਅਸ ਸਕੂਲ ਗੁਰਦਾਸਪੁਰ ਦੇ ਹਰਪ੍ਰੀਤ ਗੋਨਿਆਣਾ ਨੇ ਆਦਰਸ਼ ਸਕੂਲ ਚਾਉਕੇ ਦੀ ਭ੍ਰਿਸ਼ਟ ਪ੍ਰਬੰਧਕੀ ਕਮੇਟੀ ਵੱਲੋਂ ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਅਤੇ ਹੱਕ ਮੰਗਦੇ ਅਧਿਆਪਕਾਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਜ਼ਬਰੀ ਜੇਲੀਂ ਡੱਕਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੋਂ ਆਦਰਸ਼ ਸਕੂਲ ਦਾ ਮਸਲਾ ਜਲਦ ਹੱਲ ਕਰਨ ,ਮੈਰੀਟੋਰੀਅਸ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਜਲਦ ਤੋਂ ਜਲਦ ਰੈਗੂਲਰ ਕਰਨ ,ਉਹਨਾਂ ਦੇ ਸਲਾਨਾ ਵਾਧੇ ਜਾਰੀ ਕਰਨ , ਈ.ਟੀ.ਟੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਅਤੇ ਮਾਸਟਰ ਤੋਂ ਲੈਕਚਰਾਰ ਕਾਡਰ ਦੀਆਂ ਤਰੱਕੀਆਂ ਸਮੇਂ ਸਟੇਸ਼ਨ ਚੋਣ ਦਾ ਹੱਕ ਖੋਹਣ ਨੂੰ ਜਮੂਹਰੀਅਤ ਦਾ ਘਾਣ ਦਸਦਿਆਂ ਇਹ ਹੱਕ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ। ਇਸ ਮੌਕੇ ਅਮਰਪ੍ਰੀਤ ਸਿੰਘ, ਰਾਜਬੀਰ ਕੌਰ, ਨਵਪ੍ਰੀਤ ਕੌਰ, ਨੇਹਾ ਬੇਦੀ, ਸ਼ਰਨਜੀਤ ਕੌਰ, ਕਲਪਨਾ, ਅਰਸ਼ਦੀਪ ਕੌਰ, ਸਵਾਤੀ, ਸੰਦੀਪ ਕੌਰ,ਅਮਨਪ੍ਰੀਤ ਕੌਰ,ਸੰਦੀਪ ਸੈਣੀ ਆਦਿ ਹਾਜ਼ਰ ਸਨ





















