ਭਾਕਿਯੂ ਏਕਤਾ (ਉਗਰਾਹਾਂ) ਦੇ ਚੱਲ ਰਹੇ ਜਿਉਂਦ ਜ਼ਮੀਨੀ ਮੋਰਚੇ ਦੀ ਹਮਾਇਤ ਦਾ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਨੇ ਕੀਤਾ ਐਲਾਨ

ਚੰਡੀਗੜ੍ਹ 26 ਜਨਵਰੀ 2025 ( ਪੰਜਾਬੀ ਅੱਖਰ / ਬਿਊਰੋ ) :- ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਅਤੇ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਵਾਲਾ ਵੱਲੋਂ ਅੱਜ ਇਥੇ ਪ੍ਰੈਸ ਬਿਆਨ ਜਾਰੀ ਕਰਦਿਆ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿੰਡ ਜਿਉਂਦ ਦੇ ਜ਼ਮੀਨੀ ਮਸਲੇ ਨੂੰ ਲੈ ਕੇ ਲਾਏ ਗਏ ਪੱਕੇ ਮੋਰਚੇ ਦੀ ਹਮਾਇਤ ਕੀਤੀ ਅਤੇ ਸ਼ੰਘਰਸ਼ਸ਼ੀਲ ਕਿਸਾਨਾਂ-ਮਜਦੂਰਾਂ ਵਿਰੁੱਧ ਦਰਜ ਕੀਤੇ ਗਏ ਝੂਠੇ ਪੁਲਸ ਕੇਸ ਦੀ ਨਿਖੇਧੀ ਕਰਦਿਆ ਮੰਗ ਕੀਤੀ ਕਿ ਦਰਜ ਕੀਤੇ ਗਏ ਝੂਠੇ ਕੇਸ ਨੂੰ ਤੁਰੰਤ ਰੱਦ ਕਰਕੇ ਕਿਸਾਨਾਂ-ਮਜਦੂਰਾਂ ਦੀਆਂ ਮੰਗਾਂ ਮਸਲਿਆ ਦਾ ਹੱਲ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਜਿਉਂਦ ਦੇ ਮੁਜਾਰੇ ਕਿਸਾਨਾਂ ਦੀਆਂ ਜੱਦੀ ਪੁਸ਼ਤੀ ਜ਼ਮੀਨਾਂ ਅਦਾਲਤੀ ਫੈਸਲੇ ਦੇ ਬਹਾਨੇ ਖੋਹਣ ਦੇ ਹੱਲੇ ਤੋਂ ਇਲਾਵਾ ਨਵੇਂ ਖੇਤੀ ਮੰਡੀਕਰਨ ਨੀਤੀ ਖਰੜੇ ਨੂੰ ਵੀ ਆਮ ਕਿਸਾਨਾਂ ਤੋਂ ਸਾਮਰਾਜੀ ਕਾਰਪੋਰੇਟਾਂ ਰਾਹੀਂ ਜ਼ਮੀਨਾਂ ਹਥਿਆਉਣ ਦਾ ਹੱਲਾ ਹੈ। ਇਸ ਪ੍ਰੈਸ ਬਿਆਨ ਰਾਹੀ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਨੇ ਮੰਗ ਕੀਤੀ ਕਿ ਸਾਮਰਾਜੀ ਕਾਰਪੋਰੇਟਾਂ ਲਈ ਜ਼ਮੀਨਾਂ ਖੋਹਣ ਦਾ ਰਾਹ ਪੱਧਰਾ ਕਰਨ ਵਾਲਾ ਖੇਤੀ ਮੰਡੀਕਰਨ ਨੀਤੀ ਖਰੜਾ ਰੱਦ ਕੀਤਾ ਜਾਵੇ।
ਜਿਉਂਦ ਪਿੰਡ ਦੇ ਜੱਦੀ ਪੁਸ਼ਤੀ ਕਾਸ਼ਤਕਾਰ ਮੁਜ਼ਾਰੇ ਕਿਸਾਨਾਂ ਨੂੰ ਕਬਜ਼ੇ ਹੇਠਲੀ ਪੂਰੀ ਜ਼ਮੀਨ ਦੇ ਮਾਲਕੀ ਹੱਕ ਮਾਲ ਸਕੱਤਰੇਤ ਪਟਿਆਲਾ ਦੇ ਸਰਕਾਰੀ ਨੋਟੀਫਿਕੇਸ਼ਨ ਨੰ: 30 ਮਿਤੀ 12-9-1948 ( ਸੰਮਤ ਮਿਤੀ 18-5-2005) ਅਤੇ ਪੰਜਾਬ ਕਬਜ਼ਾਧਾਰੀ ਮੁਜ਼ਾਰਿਆਂ ਨੂੰ ਮਾਲਕੀ ਹੱਕ ਦੇਣ ਸੰਬੰਧੀ ਕਾਨੂੰਨ 1953 ਅਨੁਸਾਰ ਦਿੱਤੇ ਜਾਣ। ਉਕਤ ਕਾਨੂੰਨਾਂ ਦੇ ਦਾਇਰੇ ਵਿੱਚ ਸ਼ਾਮਲ ਅਜਿਹੇ ਕਬਜ਼ਾਧਾਰੀ ਮੁਜ਼ਾਰਿਆਂ ਨੂੰ ਪੰਜਾਬ ਦੇ 700 ਤੋਂ ਵੱਧ ਪਿੰਡਾਂ ਸਮੇਤ ਪੂਰੇ ਦੇਸ਼ ਵਿੱਚ ਇਸੇ ਤਰ੍ਹਾਂ ਦੀ ਲੱਖਾਂ ਏਕੜ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਜਾਣ। ਪੰਚਾਇਤੀ, ਨਜ਼ੂਲ ਅਤੇ ਸਰਕਾਰੀ ਜ਼ਮੀਨਾਂ
ਉੱਤੇ ਕਾਬਜ਼ ਅਬਾਦਕਾਰ ਕਾਸ਼ਤਕਾਰਾਂ ਅਤੇ ਰਿਹਾਇਸ਼ੀ ਮਕਾਨਾਂ ਵਾਲੇ ਬੇਜ਼ਮੀਨੇ ਕਿਸਾਨਾਂ ਮਜ਼ਦੂਰਾਂ ਨੂੰ ਸਰਕਾਰੀ ਰਿਕਾਰਡ ਵਿੱਚ ਪੂਰੇ ਸੂਰੇ ਮਾਲਕੀ ਹੱਕ ਦਿੱਤੇ ਜਾਣ। ਜਿਉਂਦ ਪੱਕੇ ਮੋਰਚੇ ਦੇ ਸੰਘਰਸ਼ਸ਼ੀਲ ਕਿਸਾਨਾਂ ਮਜ਼ਦੂਰਾਂ ਵਿਰੁੱਧ ਦਰਜ ਕੀਤੇ ਗਏ ਝੂਠੇ ਪੁਲਿਸ ਕੇਸ ਰੱਦ ਕੀਤੇ ਜਾਣ। ਜ਼ਮੀਨੀ ਹਦਬੰਦੀ ਕਾਨੂੰਨ ਸਖ਼ਤੀ ਨਾਲ ਲਾਗੂ ਕਰਕੇ ਵੱਡੇ ਜਗੀਰਦਾਰਾਂ ਦੀਆਂ ਫਾਲਤੂ ਜ਼ਮੀਨਾਂ ਥੁੜਜਮੀਨੇ ਤੇ ਬੇਜ਼ਮੀਨੇ ਕਿਸਾਨਾਂ ਮਜ਼ਦੂਰਾਂ ਵਿੱਚ ਵੰਡੀਆਂ ਜਾਣ। ਇਸ ਮੌਕੇ ਸੂਬਾ ਆਗੂ ਹਾਕਮ ਸਿੰਘ ਧਨੇਠਾ, ਭੁਪਿੰਦਰ ਸਿੰਘ ਕੁਤਬੇਵਾਲ, ਰੁਪਿੰਦਰ ਸਿੰਘ, ਜਸਬੀਰ ਸਿੰਘ ਜਿੰਦਵੜੀ, ਬਲਜੀਤ ਸਿੰਘ ਭੱਟੀ, ਮਨਪ੍ਰੀਤ ਸਿੰਘ, ਜਗਰੂਪ ਸਿੰਘ, ਸੁਰਿੰਦਰ ਸਿੰਘ, ਓਕਾਰ ਸਿੰਘ, ਪ੍ਰਦੂਮਣ ਸਿੰਘ, ਤਰਜਿੰਦਰ ਸਿੰਘ ਮਾਨ, ਗੁਰਵਿੰਦਰ ਸਿੰਘ ਬਾਠ, ਜਸਵੀਰ ਸਿੰਘ ਸੀਰਾ, ਮੇਜਰ ਸਿੰਘ, ਗੁਰਵਿੰਦਰ ਸਿੰਘ ਪੰਜੋਲੀ ਮੌਜੂਦ ਸਨ। ਜਾਰੀ ਕਰਤਾ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਰਜਿ.31) ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ





















