Code Of Ethics

Download app

Subscribe To Print Edition

ਸਰਕਾਰ ਬਣਾਉਣ ਦਾ ਅੱਜ ਦਾਅਵਾ ਪੇਸ਼ ਕਰਨਗੇ ਮੋਦੀ

ਨਵੀਂ ਦਿੱਲੀ, 6 ਜੂਨ

ਭਾਜਪਾ ਦੀ ਅਗਵਾਈ ਹੇਠਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੀ ਭਲਕੇ ਮੀਟਿੰਗ ਹੋਣ ਦੀ ਸੰਭਾਵਨਾ ਹੈ ਜਿਸ ’ਚ ਨਰਿੰਦਰ ਮੋਦੀ ਨੂੰ ਗੱਠਜੋੜ ਦਾ ਆਗੂ ਚੁਣਿਆ ਜਾਵੇਗਾ। ਇਸ ਨਾਲ ਮੋਦੀ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦਾ ਹਲਫ਼ ਲੈਣ ਦਾ ਰਾਹ ਪੱਧਰਾ ਹੋਵੇਗਾ। ਹਲਫ਼ਦਾਰੀ ਸਮਾਗਮ ਐਤਵਾਰ ਨੂੰ ਹੋਣ ਦੀ ਸੰਭਾਵਨਾ ਹੈ। ਮੋਦੀ ਨੂੰ ਐੱਨਡੀਏ ਦਾ ਆਗੂ ਚੁਣੇ ਜਾਣ ਮਗਰੋਂ ਟੀਡੀਪੀ ਦੇ ਐੱਨ. ਚੰਦਰਬਾਬੂ ਨਾਇਡੂ ਅਤੇ ਜਨਤਾ ਦਲ (ਯੂ) ਦੇ ਨਿਤੀਸ਼ ਕੁਮਾਰ ਸਮੇਤ ਗੱਠਜੋੜ ਦੇ ਹੋਰ ਸੀਨੀਅਰ ਮੈਂਬਰ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਲਈ ਆਪਣੀ ਹਮਾਇਤ ਦਾ ਪੱਤਰ ਅਤੇ ਸੰਸਦ ਮੈਂਬਰਾਂ ਦੀ ਸੂਚੀ ਸੌਂਪਣਗੇ। ਭਾਜਪਾ ਦੀ ਅਗਵਾਈ ਹੇਠ ਬਣਨ ਵਾਲੀ ਨਵੀਂ ਸਰਕਾਰ ਦੀ ਟੇਕ ਇਨ੍ਹਾਂ ਦੋ ਪਾਰਟੀਆਂ ’ਤੇ ਨਿਰਭਰ ਰਹੇਗੀ। ਟੀਡੀਪੀ ਦੇ 16 ਅਤੇ ਜਨਤਾ ਦਲ (ਯੂ) ਦੇ 12 ਮੈਂਬਰ ਚੋਣ ਜਿੱਤ ਕੇ ਲੋਕ ਸਭਾ ਪਹੁੰਚੇ ਹਨ।

ਭਾਜਪਾ ਸਪੀਕਰ ਸਣੇ ਹੋਰ ਅਹਿਮ ਮੰਤਰਾਲੇ ਆਪਣੇ ਕੋਲ ਰੱਖਣ ਦੇ ਰੌਂਅ ’ਚ ਹੈ। ਜਨਤਾ ਦਲ (ਯੂ) ਦੀਆਂ ਨਜ਼ਰਾਂ ਰੇਲਵੇ, ਦਿਹਾਤੀ ਵਿਕਾਸ, ਖੇਤੀਬਾੜੀ, ਜਲ ਸਰੋਤਾਂ ਅਤੇ ਭਾਰੀ ਸਨਅਤਾਂ ਜਿਹੇ ਅਹਿਮ ਮੰਤਰਾਲਿਆਂ ’ਤੇ ਹੈ। ਉਂਜ ਪਾਰਟੀ ਆਗੂ ਅਤੇ ਬਿਹਾਰ ਦੇ ਦਿਹਾਤੀ ਵਿਕਾਸ ਮੰਤਰੀ ਸ਼੍ਰਵਨ ਕੁਮਾਰ ਨੇ ਪਟਨਾ ’ਚ ਖ਼ਬਰ ਏਜੰਸੀ ਨੂੰ ਦੱਸਿਆ ਕਿ ਮੰਤਰੀ ਬਣਾਉਣ ਦਾ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਮੁਖੀ ਨਿਤੀਸ਼ ਕੁਮਾਰ ਵੱਲੋਂ ਲਿਆ ਜਾਵੇਗਾ ਪਰ ਇਹ ਸਨਮਾਨ ਲਾਇਕ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖ ਕੇ ਮੰਤਰੀ ਮੰਡਲ ’ਚ ਨੁਮਾਇੰਦਗੀ ਦਾ ਫ਼ੈਸਲਾ ਲਿਆ ਜਾਣਾ ਚਾਹੀਦਾ ਹੈ। ਸਾਲ 2019 ’ਚ ਮੋਦੀ ਨੇ ਪਾਰਟੀ ਦੇ ਸਿਰਫ਼ ਇਕ ਆਗੂ ਨੂੰ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਸੀ ਜਿਸ ਨੂੰ ਨਿਤੀਸ਼ ਕੁਮਾਰ ਨੇ ਨਕਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰ ਸੰਜੈ ਝਾਅ, ਰਾਜੀਵ ਰੰਜਨ ਸਿੰਘ ਲੱਲਨ, ਕੌਸ਼ਲੇਂਦਰ ਕੁਮਾਰ, ਰਾਮਪ੍ਰਿਤ ਮੰਡਲ ਅਤੇ ਲਵਲੀ ਆਨੰਦ ਮੰਤਰੀ ਬਣਨ ਦੇ ਦਾਅਵੇਦਾਰਾਂ ’ਚ ਸ਼ਾਮਲ ਹਨ। ਉਧਰ ਟੀਡੀਪੀ ਸੁਪਰੀਮੋ ਐੱਨ ਚੰਦਰਬਾਬੂ ਨਾਇਡੂ ਨੇ ਆਪਣੀ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਨੂੰ ਭਲਕੇ ਦਿੱਲੀ ’ਚ ਐੱਨਡੀਏ ਦੀ ਮੀਟਿੰਗ ’ਚ ਹਾਜ਼ਰੀ ਭਰਨ ਦੇ ਨਿਰਦੇਸ਼ ਦਿੱਤੇ ਹਨ। ਨਾਇਡੂ ਨੇ ਐੱਨਡੀਏ ਦੀ ਮੀਟਿੰਗ ’ਚ ਹਾਜ਼ਰੀ ਯਕੀਨੀ ਬਣਾਉਣ ਲਈ ਆਪਣੇ ਸੰਸਦ ਮੈਂਬਰਾਂ ਨਾਲ ਬੈਠਕ ਵੀ ਕੀਤੀ। ਨਾਇਡੂ ਆਪਣੇ ਸੰਸਦ ਮੈਂਬਰਾਂ ਲਈ ਕੇਂਦਰੀ ਮੰਤਰੀ ਮੰਡਲ ’ਚ ਢੁੱਕਵੇਂ ਮੰਤਰਾਲੇ, ਆਂਧਰਾ ਪ੍ਰਦੇਸ਼ ਲਈ ਵਿੱਤੀ ਪੈਕੇਜ ਅਤੇ ਅਮਰਾਵਤੀ ਨੂੰ ਰਾਜਧਾਨੀ ਬਣਾਉਣ ਦੇ ਇੱਛੁਕ ਹਨ। ਭਾਜਪਾ ਦੇ ਇਕ ਹੋਰ ਭਾਈਵਾਲ ਅਤੇ ਐੱਲਜੇਪੀ (ਆਰ) ਆਗੂ ਚਿਰਾਗ ਪਾਸਵਾਨ, ਜੋ ਮੰਤਰੀ ਅਹੁਦੇ ਦਾ ਪ੍ਰਮੁੱਖ ਦਾਅਵੇਦਾਰ ਹੈ, ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਮੋਦੀ ਨੂੰ ਬਿਨਾਂ ਸ਼ਰਤ ਹਮਾਇਤ ਦੇਵੇਗੀ ਕਿਉਂਕਿ ਉਨ੍ਹਾਂ ਦੀ ਅਗਵਾਈ ਹੇਠ ਹੀ ਐੱਨਡੀਏ ਨੂੰ ਬਹੁਮਤ ਮਿਲਿਆ ਹੈ। ਇਸ ਦੌਰਾਨ ਅਮਿਤ ਸ਼ਾਹ ਅਤੇ ਰਾਜਨਾਥ ਸਿੰੰਘ ਸਣੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਪੂਰਾ ਦਿਨ ਸਰਕਾਰ ਦੇ ਗਠਨ ਨੂੰ ਲੈ ਕੇ ਚਰਚਾ ਕੀਤੀ। ਇਹ ਮੀਟਿੰਗ ਪਾਰਟੀ ਪ੍ਰਧਾਨ ਜੇਪੀ ਨੱਢਾ ਦੀ ਰਿਹਾਇਸ਼ ’ਤੇ ਹੋਈ ਜਿਸ ’ਚ ਵਜ਼ਾਰਤ ਵੰਡਣ ਜਿਹੇ ਮੁੱਦਿਆਂ ਅਤੇ ਭਾਈਵਾਲਾਂ ਤੱਕ ਪਹੁੰਚ ਬਣਾਉਣ ਬਾਰੇ ਚਰਚਾ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਜ਼ਿਕਰਯੋਗ ਹੈ ਕਿ ਐੱਨਡੀਏ ਕੋਲ 293 ਸੰਸਦ ਮੈਂਬਰ ਹਨ ਜੋ 543 ਮੈਂਬਰੀ ਲੋਕ ਸਭਾ ’ਚ 272 ਦੇ ਬਹੁਮਤ ਦੇ ਅੰਕੜੇ ਤੋਂ ਜ਼ਿਆਦਾ ਹਨ।

ਜੇਡੀਯੂ ਵੱਲੋਂ ਅਗਨੀਪਥ ਯੋਜਨਾ ਦੀ ਸਮੀਖਿਆ ਕਰਨ ਦੀ ਮੰਗ

ਨਵੀਂ ਦਿੱਲੀ: ਜਨਤਾ ਦਲ (ਯੂ) ਆਗੂ ਕੇਸੀ ਤਿਆਗੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਅਗਨੀਪਥ ਯੋਜਨਾ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਨੌਜਵਾਨਾਂ ’ਚ ਫ਼ੌਜ ’ਚ ਭਰਤੀ ਸਬੰਧੀ ਇਸ ਯੋਜਨਾ ਨੂੰ ਲੈ ਕੇ ਨਾਰਾਜ਼ਗੀ ਸੀ ਅਤੇ ਪਾਰਟੀ ਚਾਹੁੰਦੀ ਹੈ ਕਿ ਅਗਨੀਪਥ ਯੋਜਨਾ ਦੀਆਂ ਖਾਮੀਆਂ ਨੂੰ ਦੂਰ ਕੀਤਾ ਜਾਵੇ। ਭਾਜਪਾ ਨੂੰ ਸਰਕਾਰ ਬਣਾਉਣ ਲਈ ‘ਬਿਨਾਂ ਸ਼ਰਤ’ ਸਮਰਥਨ ਦੇਣ ਦਾ ਐਲਾਨ ਕਰਦਿਆਂ ਪਾਰਟੀ ਤਰਜਮਾਨ ਤਿਆਗੀ ਨੇ ਕਿਹਾ ਕਿ ਉਹ ਜਾਤੀ ਜਨਗਣਨਾ ਮੁੱਦੇ ਨੂੰ ਵੀ ਚੁੱਕੇਗੀ। ਉਨ੍ਹਾਂ ਕਿਹਾ ਕਿ ਬਿਹਾਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਵੀ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਸੂਬੇ ਦੀ ਵੰਡ ਤੋਂ ਬਾਅਦ ਬਿਹਾਰ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਨਤਾ ਦਲ (ਯੂ) ਵੱਲੋਂ ਅਗਨੀਪਥ ਯੋਜਨਾ ਦੀ ਸਮੀਖਿਆ ਕਰਨ ਦੀ ਮੰਗ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਐੱਲਜੇਪੀ (ਆਰ) ਆਗੂ ਚਿਰਾਗ ਪਾਸਵਾਨ ਨੇ ਕਿਹਾ ਕਿ ਮੋਦੀ ਨੇ ਬੁੱਧਵਾਰ ਨੂੰ ਐੱਨਡੀਏ ਦੀ ਮੀਟਿੰਗ ਦੌਰਾਨ ਆਖਿਆ ਸੀ ਕਿ ਉਹ ਭਾਈਵਾਲਾਂ ਦੇ ਵੱਖ ਵੱਖ ਮੁੱਦਿਆਂ ’ਤੇ ਸੁਝਾਅ ਸੁਣਨ ਲਈ ਤਿਆਰ ਹਨ। ਉਧਰ ‘ਆਪ’ ਆਗੂ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਜਨਤਾ ਦਲ (ਯੂ) ਵੱਲੋਂ ਅਗਨੀਪਥ ਯੋਜਨਾ ਦੀ ਨਜ਼ਰਸਾਨੀ ਸਬੰਧੀ ਕੀਤੀ ਗਈ ਮੰਗ 100 ਫ਼ੀਸਦੀ ਸਹੀ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਬਹੁਤ ਪਹਿਲਾਂ ਹੀ ਵਾਪਸ ਲੈ ਲਈ ਜਾਣੀ ਚਾਹੀਦੀ ਸੀ।

Advertisment

You May Like This

ਪੰਜਵੀਂ ਜਮਾਤ ਦੇ ਵਿਦਿਆਰਥੀ ਪ੍ਰਭਕੀਰਤ ਸਿੰਘ ਨੇ ਆਪਣੀ ਅਸਾਧਾਰਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ SOF ਇੰਟਰਨੈਸ਼ਨਲ ਹਿੰਦੀ ਓਲੰਪਿਆਡ 2025–26 ਵਿੱਚ ਇੰਟਰਨੈਸ਼ਨਲ ਗੋਲਡ ਮੈਡਲ, ਇੰਟਰਨੈਸ਼ਨਲ ਰੈਂਕ–1 ਅਤੇ ਪੰਜਾਬ/ਚੰਡੀਗੜ੍ਹ ਜੋਨ ਵਿੱਚ ਜੋਨਲ ਰੈਂਕ–1 ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਪੂਰੇ ਖੇਤਰ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ।