Code Of Ethics

Download app

Subscribe To Print Edition

ਮਰਨ ਤੋਂ ਪਹਿਲਾਂ ‘ਹੇ ਰਾਮ’ ਕਹਿਣ ਵਾਲੇ ਗਾਂਧੀ ਨੂੰ ਮੰਨਦੀ ਹੈ ਕਾਂਗਰਸ: ਪ੍ਰਿਯੰਕਾ

‘ਉਹ ਅਯੁੱਧਿਆ ’ਚ ਸਮਾਗਮ ਦਾ ਸੱਦਾ ਸਵੀਕਾਰ ਨਾ ਕਰਨ ਲਈ ਸਾਡੇ ’ਤੇ ਧਰਮ ਦੇ ਖ਼ਿਲਾਫ਼ ਹੋਣ ਦਾ ਦੋਸ਼ ਲਾਉਂਦੇ ਹਨ। 

ਰਾਏ ਬਰੇਲੀ, 16 ਮਈ ( ਪੰਜਾਬੀ ਅਖਰ )

ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਉਸ ਮਹਾਤਮਾ ਗਾਂਧੀ ਦੇ ਆਦਰਸ਼ਾਂ ’ਤੇ ਚੱਲਦੀ ਹੈ ਜਿਨ੍ਹਾਂ ਮਰਨ ਤੋਂ ਪਹਿਲਾਂ ‘ਹੇ ਰਾਮ’ ਕਿਹਾ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ’ਤੇ ਧਰਮ ਵਿਰੋਧੀ ਹੋਣ ਦਾ ਗਲਤ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਉਹ ਸਾਡੇ ’ਤੇ ਹਿੰਦੂ ਧਰਮ ਵਿਰੋਧੀ ਹੋਣ ਦਾ ਦੋਸ਼ ਲਗਾ ਰਹੇ ਹਨ। ਅਸੀਂ ਮਹਾਤਮਾ ਗਾਂਧੀ ਦੇ ਆਦਰਸ਼ਾਂ ਦਾ ਪਾਲਣ ਕਰਦੇ ਹਾਂ ਜਿਨ੍ਹਾਂ ਮਰਨ ਤੋਂ ਪਹਿਲਾਂ ਹੇ ਰਾਮ ਕਿਹਾ ਸੀ।’ ਉਨ੍ਹਾਂ ਦੋਸ਼ ਲਾਇਆ ਕਿ ਭਗਵਾ ਪਾਰਟੀ ‘ਹਿੰਦੂ ਧਰਮ ਦਾ ਚੈਂਪੀਅਨ’ ਹੋਣ ਦਾ ਦਾਅਵਾ ਕਰਦੀ ਹੈ ਪਰ ਉੱਤਰ ਪ੍ਰਦੇਸ਼ ’ਚ ਸਰਕਾਰੀ ਗਊਸ਼ਾਲਾਵਾਂ ਦੀ ਸਥਿਤੀ ਤਰਸਯੋਗ ਬਣੀ ਹੋਈ ਹੈ।

ਉਨ੍ਹਾਂ ਕਿਹਾ, ‘ਉਹ ਅਯੁੱਧਿਆ ’ਚ ਸਮਾਗਮ ਦਾ ਸੱਦਾ ਸਵੀਕਾਰ ਨਾ ਕਰਨ ਲਈ ਸਾਡੇ ’ਤੇ ਧਰਮ ਦੇ ਖ਼ਿਲਾਫ਼ ਹੋਣ ਦਾ ਦੋਸ਼ ਲਾਉਂਦੇ ਹਨ। ਜ਼ਰਾ ਯੂਪੀ ’ਚ ਗਊਸ਼ਾਲਾਵਾਂ ਦੀ ਹਾਲਤ ਦੇਖੋ ਜਿੱਥੇ ਇੱਕ ਵੀਡੀਓ ’ਚ ਕੁੱਤੇ ਮਰੀਆਂ ਹੋਈਆਂ ਗਊਆਂ ਦਾ ਮਾਸ ਨੋਚਦੇ ਦਿਖਾਈ ਦੇ ਰਹੇ ਹਨ।’ ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ’ਚ ਕਾਂਗਰਸ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਪਾਰਟੀ ਨੇ ਗਊਸ਼ਾਲਾਵਾਂ ਦੀ ਹਾਲਤ ਸੁਧਾਰੀ ਸੀ ਅਤੇ ਗਾਵਾਂ ਦਾ ਗੋਹਾ ਖਰੀਦ ਕੇ ਗਊਸ਼ਾਲਾਵਾਂ ਚਲਾਉਣ ਵਾਲੇ ਗਰੁੱਪਾਂ ਦੀ ਮਦਦ ਕੀਤੀ ਸੀ।

ਜ਼ਿਕਰਯੋਗ ਹੈ ਕਿ ਪ੍ਰਿਯੰਕਾ ਗਾਂਧੀ ਰਾਏ ਬਰੇਲੀ ’ਚ ਹਰ ਰੋਜ਼ ਪ੍ਰਚਾਰ ਕਰ ਰਹੀ ਹੈ ਜਿੱਥੋਂ ਰਾਹੁਲ ਗਾਂਧੀ ਚੋਣ ਲੜ ਰਹੇ ਹਨ। ਰਾਏ ਬਰੇਲੀ ਨਾਲ ਗਾਂਧੀ ਪਰਿਵਾਰ ਦੇ ਡੂੰਘੇ ਰਿਸ਼ਤੇ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਰਾਹੁਲ ਗਾਂਧੀ ਵੀ ਇਸ ਰਵਾਇਤ ਨੂੰ ਬਰਕਰਾਰ ਰੱਖਣਗੇ। ਉਨ੍ਹਾਂ ਮੋਦੀ ਸਰਕਾਰ ’ਤੇ ਯੋਜਨਾ ਨਾਲ ਸਬੰਧਤ ਕਾਗਜ਼ਾਂ ’ਤੇ ਆਪਣੀ ਤਸਵੀਰ ਲਗਾ ਕੇ ਮੁਫ਼ਤ ਰਾਸ਼ਨ ਯੋਜਨਾ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਹ ਕਾਂਗਰਸ ਦੀ ਅਗਵਾਈ ਹੇਠਲੀ ਯੂਪੀਏ ਸਰਕਾਰ ਸੀ ਜੋ ਅੰਨ ਸੁਰੱਖਿਆ ਅਧਿਕਾਰ ਕਾਨੂੰਨ ਲਿਆਈ ਸੀ।

ਕਾਂਗਰਸ ਆਗੂ ਨੇ ਯੂਪੀ ’ਚ ਵਾਰ-ਵਾਰ ਪ੍ਰਸ਼ਨ ਪੱਤਰ ਲੀਕ ਹੋਣ ’ਤੇ ਵੀ ਭਾਜਪਾ ਦੀ ਆਲੋਚਨਾ ਕੀਤੀ ਅਤੇ ਅਜਿਹੇ ਮਾਮਲੇ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ।

Advertisment