ਡਾ. ਚੀਮਾ ਦੇ ਹੱਕ ‘ਚ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਇੰਚਾਰਜ ਕਮਲਜੀਤ ਚਾਵਲਾ ਦੀ ਅਗਵਾਈ ਹੇਠ ਭਰਵੀਂ ਚੋਣ ਇਕੱਤਰਤਾ

ਦੀਨਾਨਗਰ, 15 ਮਈ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ‘ਚ ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਇੰਚਾਰਜ ਕਮਲਜੀਤ ਚਾਵਲਾ ਦੀ ਅਗਵਾਈ ਹੇਠ ਪਿੰਡ ਕੱਤੋਵਾਲ ਵਿਖੇ ਅਕਾਲੀ ਆਗੂ ਅਰਜਨ ਸਿੰਘ ਦੇ ਘਰ ਚੋਣ ਇਕੱਤਰਤਾ ਕਰਵਾਈ ਗਈ।
ਇਸ ਦੌਰਾਨ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਕਿਸੇ ਵੇਲੇ ਪੰਜਾਬ ਦੀ ਸਨਅਤ ਪੂਰੇ ਦੇਸ਼ ਦੀ ਸ਼ਾਨ ਹੁੰਦੀ ਸੀ ਪਰ ਕੇਂਦਰ ਸਰਕਾਰਾਂ ਦੀਆਂ ਪੰਜਾਬ ਵਿਰੋਧੀ ਨੀਤੀਆਂ ਕਾਰਨ ਪੰਜਾਬ ਵਿਚੋਂ ਸਾਰੀ ਸਨਅਤ ਹਿਜ਼ਰਤ ਕਰਕੇ ਗੁਆਂਢੀ ਸੂਬੇ ਹਿਮਾਚਲ, ਜੰਮੂ-ਕਸ਼ਮੀਰ ਤੇ ਹਰਿਆਣਾ ਵਿਚ ਚਲੀ ਗਈ ਹੈ। ਉਨ੍ਹਾਂ ਆਖਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿਚ ਧਾਰੀਵਾਲ ਦੀ ਵੂਲਨ ਮਿੱਲ ਅਤੇ ਬਟਾਲਾ ਦੀ ਲੋਹਾ ਸਨਅਤ ਇਸ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੰਦੀ ਸੀ ਪਰ ਪਿਛਲੀਆਂ ਕੇਂਦਰੀ ਸਰਕਾਰਾਂ ਨੇ ਪੰਜਾਬ ਵਿਰੋਧੀ ਨੀਤੀਆਂ ਤਹਿਤ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਨੂੰ ਉਦਯੋਗਿਕ ਪੈਕੇਜ ਦਿੱਤੇ ਗਏ ਪਰ ਪੰਜਾਬ ਨੂੰ ਅਣਗੌਲਿਆਂ ਕਰੀ ਰੱਖਿਆ, ਜਿਸ ਕਾਰਨ ਪੰਜਾਬ ਵਿਚੋਂ ਸਾਰੇ ਉਦਯੋਗ ਹਿਜ਼ਰਤ ਕਰਕੇ ਗੁਆਂਢੀ ਸੂਬਿਆਂ ਵਿਚ ਚਲੇ ਗਏ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿਚ ਗੁਰਦਾਸਪੁਰ ਨੇ ਦੇਸ਼ ਨੂੰ ਵੱਡੇ ਖਿਡਾਰੀ ਦਿੱਤੇ ਹਨ ਪਰ ਸਰਕਾਰਾਂ ਇਸ ਜ਼ਿਲ੍ਹੇ ਵਿਚ ਅਜੇ ਤੱਕ ਕੋਈ ਕੌਮਾਂਤਰੀ ਪੱਧਰ ਦਾ ਖੇਡ ਸਟੇਡੀਅਮ ਹੀ ਨਹੀਂ ਬਣਵਾ ਸਕੀਆਂ। ਉਨ੍ਹਾਂ ਆਖਿਆ ਕਿ ਉਹ ਜਿੱਤਣ ਤੋਂ ਬਾਅਦ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਉਦਯੋਗ ਲਵਾਉਣ ਲਈ ਕੇਂਦਰ ਸਰਕਾਰ ਕੋਲੋਂ ਵਿਸ਼ੇਸ਼ ਸਨਅਤੀ ਪੈਕੇਜ ਲੈ ਕੇ ਆਉਣਗੇ ਅਤੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਇਕ ਕੌਮਾਂਤਰੀ ਪੱਧਰ ਦਾ ਖੇਡ ਸਟੇਡੀਅਮ ਵੀ ਬਣਾਉਣਗੇ। ਉਨ੍ਹਾਂ ਕਿਹਾ ਕਿ ਦੀਨਾਨਗਰ ਦੀਆਂ ਵਿਰਾਸਤੀ ਥਾਵਾਂ ਨੂੰ ਵਿਕਸਿਤ ਕਰਕੇ ਸੈਰ-ਸਪਾਟਾ ਨੂੰ ਉਤਸ਼ਾਹਿਤ ਕਰਨਾ ਵੀ ਉਨ੍ਹਾਂ ਦਾ ਮੁੱਖ ਏਜੰਡਾ ਹੋਵੇਗਾ ਤਾਂ ਜੋ ਇਥੋਂ ਦਾ ਆਰਥਿਕ ਵਿਕਾਸ ਹੋ ਸਕੇ।
ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਕਮਲਜੀਤ ਚਾਵਲਾ ਨੇ ਆਖਿਆ ਕਿ ਹੁਣ ਤੱਕ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰਾਂ ਦੇ ਗੁੰਮਸ਼ੁਦਗੀ ਪੋਸਟਰ ਲੱਗਦੇ ਰਹੇ ਹਨ ਪਰ ਇਸ ਵਾਰ ਹਲਕੇ ਨੂੰ ਆਪਣਾ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਰੂਪ ਵਿਚ ਮਿਲਿਆ ਹੈ, ਜਿਨ੍ਹਾਂ ਦੀ ਜਨਮ ਭੂਮੀ ਵੀ ਗੁਰਦਾਸਪੁਰ ਹੈ। ਉਨ੍ਹਾਂ ਆਖਿਆ ਕਿ ਡਾ. ਚੀਮਾ ਨੂੰ ਵੱਡੇ ਫਰਕ ਨਾਲ ਜਿਤਾਉਣ ਲਈ ਅਕਾਲੀ ਵਰਕਰ ਦਿਨ-ਰਾਤ ਇਕ ਕਰ ਦੇਣਗੇ। ਇਸ ਮੌਕੇ ਜਥੇਦਾਰ ਨਰਿੰਦਰ ਸਿੰਘ ਬਾੜਾ ਨੇ ਆਖਿਆ ਕਿ ਹਲਕੇ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਡਾ. ਚੀਮਾ ਦੀ ਜਿੱਤ ਲਈ ਇਕਜੁਟਤਾ ਦੇ ਨਾਲ ਮਿਹਨਤ ਕਰ ਰਹੀ ਹੈ।
ਇਸ ਮੌਕੇ ਅਰਜਨ ਸਿੰਘ, ਜਸਵੰਤ ਸਿੰਘ, ਜਸਵੀਰ ਸਿੰਘ, ਰਤਨ ਸਿੰਘ, ਅਵਤਾਰ ਸਿੰਘ, ਸੰਤੋਖ ਸਿੰਘ, ਗੁਰਮੁਖ ਸਿੰਘ, ਅੰਮ੍ਰਿਤਪਾਲ ਸਿੰਘ, ਮਨਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਈ.ਟੀ. ਵਿੰਗ ਆਗੂ ਨਵਜੋਤ ਸਿੰਘ, ਸਰਕਲ ਪ੍ਰਧਾਨ ਦਲਵੀਰ ਸਿੰਘ ਭਟੋਆ, ਸ਼ਹਿਰੀ ਪ੍ਰਧਾਨ ਵਿਜੇ, ਨੌਜਵਾਨ ਅਕਾਲੀ ਆਗੂ ਮਨਪ੍ਰੀਤ ਸਿੰਘ ਬਾੜਾ, ਸੱਚਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਬੀਬੀ ਸੁਖਵਿੰਦਰ ਕੌਰ, ਪਲਵਿੰਦਰ ਕੌਰ, ਰਾਜਵਿੰਦਰ ਕੌਰ, ਕਮਲਜੀਤ ਕੌਰ, ਕੁਲਜੀਤ ਕੌਰ ਅਤੇ ਅਜੈਬ ਸਿੰਘ ਕਲੀਚ ਆਦਿ ਵੀ ਹਾਜ਼ਰ ਸਨ ! Punjabi Akhar





















