* ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ ਉਮੀਦਵਾਰ ਡਾ. ਚੀਮਾ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਨੀਤੀਗਤ ਏਜੰਡੇ ਦਾ ਐਲਾਨ

ਗੁਰਦਾਸਪੁਰ 13 ਮਈ (ਪੰਜਾਬੀ ਅੱਖਰ )
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਮੌਕੇ ਡਾ. ਚੀਮਾ ਨੇ ਆਖਿਆ ਕਿ ਲੋਕ ਸਭਾ ਚੋਣਾਂ ਲੜ ਰਹੀ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਸਮੇਤ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇਸ਼ ਦੇ ਅਸਲ ਮੁੱਦਿਆਂ ਲਈ ਜਨਤਾ ਅੱਗੇ ਆਪਣੀ ਜਵਾਬਦੇਹੀ ਤੋਂ ਭੱਜ ਰਹੇ ਹਨ।
ਅੱਜ ਇੱਥੇ ਜੇਲ੍ਹ ਰੋਡ ਵਿਖੇ ਡਾਲ਼ਾ ਫਾਰਮ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਚੀਮਾ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਪਿਛਲੇ ਦਸ ਸਾਲਾ ਸ਼ਾਸਨ ਦੌਰਾਨ ਦੇਸ਼ ਅੰਦਰ ਵਧੀ ਮਹਿੰਗਾਈ, ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਕਰਨ ਦੇ ਨਾਲ ਆਮ ਨਾਗਰਿਕਾਂ ਲਈ ਜੀਵਨ ਬੋਝ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਧੀ ਬੇਰੁਜ਼ਗਾਰੀ, ਅਮਨ-ਕਾਨੂੰਨ ਦੀ ਬਦਤਰ ਸਥਿਤੀ ਅਤੇ ਪੰਜਾਬ ਦੀ ਨੌਜਵਾਨੀ ਦੇ ਵਿਦੇਸ਼ਾਂ ਵਿਚ ਪਰਵਾਸ ਕਰਨ ਦੀ ਮਜਬੂਰੀ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ, ਜਿਸ ਨੇ ਸੱਤਾ ‘ਚ ਆਉਣ ਲਈ ਪੰਜਾਬ ਦੇ ਲੋਕਾਂ ਨਾਲ ਇੱਥੋਂ ਤੱਕ ਲੁਭਾਉਣੇ ਵਾਅਦੇ ਕੀਤੇ ਸਨ ਕਿ ਉਹ ਪੰਜਾਬ ਵਿਚ ਏਨੀ ਬਿਹਤਰ ਰੁਜ਼ਗਾਰ ਵਿਵਸਥਾ ਕਰੇਗੀ ਕਿ ਗੋਰਿਆਂ ਨੂੰ ਵੀ ਪੰਜਾਬ ਵਿਚ ਆ ਕੇ ਨੌਕਰੀਆਂ ਕਰਨੀਆਂ ਪੈਣਗੀਆਂ।
ਡਾ. ਚੀਮਾ ਨੇ ਦੋਸ਼ ਲਾਇਆ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਮ-ਮਸ਼ਵਰਾ ਹੋ ਕੇ ਪੰਜਾਬ ਦੇ ਕਿਸਾਨਾਂ ਉੱਤੇ ਜਬਰ ਢਾਹਿਆ ਹੈ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਲਈ ਦਿੱਲੀ ਜਾਣ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਸ਼ੰਭੂ ਹੱਦ ‘ਤੇ ਰੋਕ ਕੇ ਹਰਿਆਣਾ ਦੀ ਪੁਲਿਸ ਵਲੋਂ ਪੰਜਾਬ ਵਿਚ ਵੜ ਕੇ ਉਨ੍ਹਾਂ ਉੱਤੇ ਡਾਂਗਾਂ, ਹੰਝੂ ਗੈਸ, ਪਾਣੀ ਦੀਆਂ ਤੋਪਾਂ ਅਤੇ ਸਿੱਧੀਆਂ ਗੋਲੀਆਂ ਵਰ੍ਹਾਈਆਂ ਗਈਆਂ, ਇਸ ਦੌਰਾਨ ਇਕ ਨੌਜਵਾਨ ਸ਼ੁੱਭਕਰਨ ਸਿੰਘ ਦੀ ਮੌਤ ਵੀ ਹੋ ਗਈ ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਅੰਦਰਖਾਤੇ ਕਿਸਾਨਾਂ ਵਿਰੁੱਧ ਕੇਂਦਰ ਸਰਕਾਰ ਨਾਲ ਮਿਲੀਭੁਗਤ ਹੋਣ ਕਾਰਨ ਹਰਿਆਣਾ ਪੁਲਿਸ ਉੱਤੇ ਕਾਨੂੰਨ ਅਨੁਸਾਰ ਬਣਦੀ ਕੋਈ ਵੀ ਕਾਰਵਾਈ ਨਹੀਂ ਕੀਤੀ। ਡਾ. ਚੀਮਾ ਨੇ ਦੋਸ਼ ਲਾਇਆ ਕਿ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੌਰਾਨ ਘੱਟ-ਗਿਣਤੀ ਸਿੱਖਾਂ, ਇਸਾਈਆਂ ਅਤੇ ਮੁਸਲਮਾਨਾਂ ਨਾਲ ਬੇਇਨਸਾਫੀ ਵਧੀ ਹੈ ਅਤੇ ਉਨ੍ਹਾਂ ਨੂੰ ਹਾਸ਼ੀਏ ਵੱਲ ਧੱਕਿਆ ਗਿਆ। ਉਨ੍ਹਾਂ ਕਿਹਾ ਕਿ ਘੱਟ-ਗਿਣਤੀਆਂ ਦੇ ਜੀਣ-ਥੀਣ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰਨ ਲਈ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਸਕਾਲਰਸ਼ਿਪਾਂ ਨੂੰ ਬੰਦ ਕਰ ਦਿੱਤਾ ਗਿਆ। ਉਨ੍ਹਾਂ ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਆਖਿਆ ਕਿ ਦੇਸ਼ ਦੀ ਜਨਤਾ ਨੂੰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਰਿਹਾ ਕਿ ਆਪ ਕਿਸ ਏਜੰਡੇ ‘ਤੇ ਲੋਕ ਸਭਾ ਚੋਣਾਂ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਵਲੋਂ ਪੰਜਾਬ ਤੋਂ ਬਣਾਏ ਗਏ 7 ਰਾਜ ਸਭਾ ਮੈਂਬਰਾਂ ਵਿਚੋਂ ਇਕ ਨੇ ਵੀ ਅੱਜ ਤੱਕ ਕਦੇ ਪੰਜਾਬ ਜਾਂ ਦੇਸ਼ ਦੀ ਜਨਤਾ ਦੇ ਮੁੱਦੇ ‘ਤੇ ਰਾਜ ਸਭਾ ਵਿਚ ਗੱਲ ਨਹੀਂ ਕੀਤੀ ਅਤੇ ਦੇਸ਼ ਦੀ ਲੋਕ ਸਭਾ ਵਿਚ ਜਾ ਕੇ ਇਸ ਦੇ ਨੁਮਾਇੰਦੇ ਕੀ ਗੱਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਆਪ ਨੇ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਾਉਣ ਵੇਲੇ ਵੀ 7 ਵਿਚੋਂ 5 ਦੂਜੇ ਸੂਬਿਆਂ ਵਿਚੋਂ ਬਣਾ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪ ਦੇ 92 ਵਿਧਾਇਕ ਬਣਾ ਕੇ ਇਸ ਦੀ ਸਰਕਾਰ ਬਣਾਈ ਪਰ ਭਗਵੰਤ ਮਾਨ ਸਰਕਾਰ ਬੋਗਸ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਆਪ ਦਾ ਕੌਮੀ ਕਨਵੀਨਰ ਤੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 338 ਕਰੋੜ ਦੇ ਆਬਕਾਰੀ ਨੀਤੀ ਘੁਟਾਲੇ ‘ਚ ਫੜਿਆ ਗਿਆ ਹੈ ਜਦੋਂਕਿ ਪੰਜਾਬ ਵਿਚ ਵੀ ਭਗਵੰਤ ਮਾਨ ਸਰਕਾਰ ਨੇ ਆਬਕਾਰੀ ਨੀਤੀ ਵਿਚ ਵੱਡਾ ਘਪਲਾ ਕੀਤਾ ਹੈ, ਜੋ ਜਲਦ ਬੇਨਕਾਬ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿਚ ਤਹਿਸੀਲਾਂ, ਕਚਹਿਰੀਆਂ ਵਿਚ ਰਿਸ਼ਵਤਖੋਰੀ ਵਿਚ ਵਾਧਾ ਹੋਇਆ ਹੈ ਜਦੋਂਕਿ ਸੂਬੇ ਦੀ ਅਮਨ-ਕਾਨੂੰਨ ਵਿਵਸਥਾ ਕਾਬੂ ਤੋਂ ਬਾਹਰ ਹੋ ਗਈ ਹੈ, ਜਿਸ ਦੀ ਮਿਸਾਲ ਆਏ ਦਿਨ ਲੁੱਟਾਂ-ਖੋਹਾਂ, ਫਿਰੌਤੀਆਂ ਅਤੇ ਕਤਲੋਗਾਰਦ ਦੀਆਂ ਘਟਨਾਵਾਂ ਹਨ, ਜਿਸ ਕਾਰਨ ਕੋਈ ਵੀ ਕਾਰੋਬਾਰੀ ਤੇ ਵਪਾਰੀ ਪੰਜਾਬ ਵਿਚ ਰਹਿਣ ਲਈ ਰਾਜੀ ਨਹੀਂ ਹੈ।
ਡਾ. ਚੀਮਾ ਨੇ ਦੋਸ਼ ਲਾਇਆ ਕਿ ਪੰਜਾਬ ਦੇ ਰਾਜਪਾਲ ਨੇ ਹੀ ਪਿਛਲੇ ਦਿਨੀਂ ਖੁਲਾਸਾ ਕੀਤਾ ਸੀ ਕਿ ਸੂਬੇ ਦੇ ਸਰਹੱਦੀ ਖੇਤਰ ਦੇ ਪਿੰਡਾਂ ਵਿਚ ਕਰਿਆਨੇ ਦੀਆਂ ਦੁਕਾਨਾਂ ‘ਤੇ ਵੀ ਸ਼ਰ੍ਹੇਆਮ ਨਸ਼ਾ ਵਿਕ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਪ ਸਰਕਾਰ ਨੇ ਅਕਾਲੀ ਸਰਕਾਰ ਦੁਆਰਾ ਗਰੀਬਾਂ ਦੇ ਬਣਾਏ 10 ਲੱਖ 43 ਹਜ਼ਾਰ ਨੀਲੇ ਕਾਰਡ ਰੱਦ ਕਰਕੇ ਆਪਣੀ ਲੋਕ ਵਿਰੋਧੀ ਸੋਚ ਪ੍ਰਤੱਖ ਕਰ ਦਿੱਤੀ। ਡਾ. ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ ਜਿਹੜੇ ਕੇਜਰੀਵਾਲ ਭ੍ਰਿਸ਼ਟਾਚਾਰ ਦੇ ਬਹੁਕਰੋੜੀ ਮਾਮਲੇ ਵਿਚ ਸੁਪਰੀਮ ਕੋਰਟ ਵਲੋਂ ਸਿਰਫ 2 ਜੂਨ ਤੱਕ ਜ਼ਮਾਨਤ ‘ਤੇ ਹਨ ਉਹ ਬੀਤੇ ਕੱਲ੍ਹ ਦੇਸ਼ ਦੇ ਲੋਕਾਂ ਨੂੰ 10 ਗਾਰੰਟੀਆਂ ਦਿੰਦਿਆਂ ਭ੍ਰਿਸ਼ਟਾਚਾਰ ਖਤਮ ਕਰਨ ਦੀ ਗੱਲ ਵੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ‘ਚ ਵੋਟਾਂ ਲੈਣ ਲਈ ਕਿਸਾਨਾਂ ਨੂੰ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦੇ ਵਾਅਦੇ ਕਰ ਰਹੀ ਆਪ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਪੰਜਾਬ ਵਿਚ ਇਸ ਨੇ ਆਪਣੀ ਸਰਕਾਰ ਹੁੰਦਿਆਂ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਕਿਉਂ ਨਹੀਂ ਦਿੱਤਾ?
ਡਾ. ਚੀਮਾ ਨੇ ਆਖਿਆ ਕਿ ਕਾਂਗਰਸ ਨੇ ਘਰ-ਘਰ ਨੌਕਰੀ ਦੇਣ ਦੇ ਝੂਠੇ ਵਾਅਦੇ ਅਤੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕ ਕੇ 2017 ਵਿਚ ਸਰਕਾਰ ਬਣਾ ਲਈ ਸੀ ਪਰ ਲੋਕਾਂ ਨੇ 2022 ‘ਚ ਕਾਂਗਰਸ ਨੂੰ ਬੁਰੀ ਤਰ੍ਹਾਂ ਸਬਕ ਸਿਖਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ 1 ਜੂਨ ਨੂੰ ਲੋਕਾਂ ਨੂੰ ਜ਼ਮੀਰ ਦੀ ਆਵਾਜ਼ ਨਾਲ ਵੋਟ ਪਾਉਣ ਦੀ ਗੱਲ ਆਖ ਰਹੇ ਹਨ ਪਰ ਜੇ ਲੋਕਾਂ ਨੇ ਜ਼ਮੀਰ ਦੀ ਆਵਾਜ਼ ਸੁਣ ਲਈ ਤਾਂ ਸੁਖਜਿੰਦਰ ਰੰਧਾਵਾ ਦੀ ਜ਼ਮਾਨਤ ਤੱਕ ਜਬਤ ਹੋਵੇਗੀ ਕਿਉਂਕਿ ਜੂਨ 1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕਾਂਗਰਸ ਸਰਕਾਰ ਦੇ ਹਮਲੇ ਦੀ 1 ਜੂਨ ਨੂੰ 40ਵੀਂ ਵਰ੍ਹੇਗੰਢ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਵੇਲੇ ਸੁਖਜਿੰਦਰ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਪ੍ਰਸੰਸਾ ਕੀਤੀ ਸੀ। ਉਨ੍ਹਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਨੇ ਉੱਪ ਮੁੱਖ ਮੰਤਰੀ ਬਣ ਕੇ ਵੀ ਆਪਣੇ ਵਿਰੋਧੀਆਂ ਖ਼ਿਲਾਫ਼ ਸਿਵਾਇ ਝੂਠੇ ਪਰਚਿਆਂ ਤੋਂ ਕੁਝ ਨਹੀਂ ਕੀਤਾ ਸੀ।
ਡਾ. ਚੀਮਾ ਨੇ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਨੀਤੀਗਤ ਏਜੰਡੇ ਬਾਰੇ ਬੋਲਦਿਆਂ ਆਖਿਆ ਕਿ ਪੰਜਾਬ ਦੀ ਆਰਥਿਕਤਾ ਨੂੰ ਵਧਾਉਣ ਲਈ ਪਾਕਿਸਤਾਨ ਨਾਲ ਅਟਾਰੀ ਸਰਹੱਦ ਰਾਹੀਂ ਸੜਕੀ ਰਸਤੇ ਖੁੱਲ੍ਹਾ ਵਪਾਰ ਸ਼ੁਰੂ ਕਰਨਾ, ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣੀ, ਕਿਸਾਨਾਂ ਦੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੇਣ ਲਈ ਕਾਨੂੰਨ ਬਣਾਉਣਾ, ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕਰਵਾਉਣੀ, ਸਾਬਕਾ ਫੌਜੀਆਂ ਲਈ ਇਕ ਰੈਂਕ, ਇਕ ਪੈਨਸ਼ਨ ਦਾ ਸਮਰਥਨ ਕਰਨਾ, ਫੌਜ ਵਿਚ ਅਗਨੀਵੀਰ ਭਰਤੀ ਕਰਕੇ ਕੇਂਦਰ ਵਲੋਂ ਠੇਕਾ ਪ੍ਰਣਾਲੀ ਦੀ ਕੀਤੀ ਅਸਿੱਧੀ ਸ਼ੁਰੂਆਤ ਨੂੰ ਰੋਕਣਾ, ਦਿੱਲੀ ਦੇ ਤੁਗਲਕਾ ਬਾਗ ਇਲਾਕੇ ਵਿਚ ਆਪ ਸਰਕਾਰ ਵਲੋਂ ਢਾਹੇ ਗਏ ਗੁਰੂ ਰਵੀਦਾਸ ਮੰਦਰ ਨੂੰ ਦੁਬਾਰਾ ਬਣਾਉਣਾ, ਦੇਸ਼ ਦੇ ਸੰਵਿਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਨਾ ਅਤੇ ਘੱਟ-ਗਿਣਤੀ ਸਿੱਖ, ਮੁਸਲਮਾਨ ਅਤੇ ਇਸਾਈਆਂ ਨੂੰ ਆਰਥਿਕ ਤੇ ਸਮਾਜਿਕ ਸੁਰੱਖਿਆ ਮੁਹੱਈਆ ਕਰਵਾਉਣਾ ਸ਼੍ਰੋਮਣੀ ਅਕਾਲੀ ਦਲ ਦੀਆਂ ਤਰਜੀਹਾਂ ਹੋਣਗੀਆਂ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਡਾ. ਚੀਮਾ ਨੇ ਆਖਿਆ ਕਿ ਸਤਲੁਜ-ਜਮੁਨਾ ਲਿੰਕ ਨਹਿਰ ਦੇ ਮਸਲੇ ‘ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹਿਤ ਵਿਚ ਲੜਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ 2016 ਵਿਚ ਸੁਪਰੀਮ ਕੋਰਟ ਵਲੋਂ ਸਤਲੁਜ-ਜਮੁਨਾ ਲਿੰਕ ਨਹਿਰ ਬਣਾਉਣ ਦੇ ਆਦੇਸ਼ਾਂ ਦੇ ਬਾਵਜੂਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਵਿਚ ਮਤਾ ਪਾ ਕੇ ਸਤਲੁਜ-ਜਮੁਨਾ ਲਿੰਕ ਨਹਿਰ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਕੇ ਸਪੱਸ਼ਟ ਕਿਹਾ ਸੀ ਕਿ ਪੰਜਾਬ ਕੋਲ ਨਾ ਤਾਂ ਦੂਜੇ ਸੂਬਿਆਂ ਨੂੰ ਦੇਣ ਲਈ ਵਾਧੂ ਪਾਣੀ ਹੈ ਅਤੇ ਨਾ ਹੀ ਕੋਈ ਨਹਿਰ। ਡਾ. ਚੀਮਾ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਲਈ ਆਪਣੇ ਏਜੰਡੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਆਖਿਆ ਕਿ ਬਟਾਲਾ ਦੀ ਲੋਹਾ ਸਨਅਤ ਨੂੰ ਪੁਨਰ-ਸੁਰਜੀਤ ਕਰਨਾ, ਰਾਵੀ ਦਰਿਆ ‘ਤੇ ਮਰਾੜਾ ਤੇ ਮਕੌੜਾ ਪੱਤਣ ਉੱਤੇ ਪੱਕੇ ਪੁਲਾਂ ਦਾ ਨਿਰਮਾਣ ਕਰਵਾਉਣਾ, ਸਰਹੱਦ ਨਾਲ ਲੱਗਦੀਆਂ ਤਾਰੋਂ ਪਾਰਲੀਆਂ ਜ਼ਮੀਨਾਂ ਦੇ ਮਾਲਕ ਕਿਸਾਨਾਂ ਦੇ ਮਸਲਿਆਂ ਦਾ ਸਰਲੀਕਰਨ ਕਰਨਾ, ਏਮਜ਼ ਵਰਗੀ ਇਕ ਵੱਕਾਰੀ ਸਿਹਤ ਸੰਸਥਾ ਗੁਰਦਾਸਪੁਰ ਵਿਚ ਲਿਆਉਣਾ, ਪਠਾਨਕੋਟ ਨੂੰ ਉਦਯੋਗਿਕ ਹੱਬ ਬਣਾਉਣਾ, ਇਕ ਕੌਮੀ ਪੱਧਰ ਦਾ ਖੇਡ ਸਟੇਡੀਅਮ ਗੁਰਦਾਸਪੁਰ ਹਲਕੇ ਵਿਚ ਬਣਾਉਣਾ ਅਤੇ ਕੰਡੀ/ ਸਰਹੱਦੀ ਖੇਤਰ ਵਿਕਾਸ ਬੋਰਡ ਦੀ ਸਥਾਪਨਾ ਕਰਨਾ ਉਨ੍ਹਾਂ ਦੀਆਂ ਤਰਜੀਹਾਂ ਹੋਣਗੀਆਂ।
ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ (ਸ਼ਹਿਰੀ) ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦੀ, ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਅਤੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਗੁਰਬਚਨ ਸਿੰਘ ਬੱਬੇਹਾਲੀ, ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ, ਬਟਾਲਾ ਦੇ ਹਲਕਾ ਇੰਚਾਰਜ ਨਰੇਸ਼ ਮਹਾਜਨ, ਫਤਹਿਗੜ੍ਹ ਚੂੜੀਆਂ ਦੇ ਹਲਕਾ ਇੰਚਾਰਜ ਲਖਬੀਰ ਸਿੰਘ ਲੋਧੀਨੰਗਲ, ਦੀਨਾਨਗਰ ਦੇ ਹਲਕਾ ਇੰਚਾਰਜ ਕਮਲਜੀਤ ਚਾਵਲਾ, ਭੋਆ ਦੇ ਹਲਕਾ ਇੰਚਾਰਜ ਰਵੀ ਮੋਹਨ, ਪਠਾਨਕੋਟ ਦੇ ਹਲਕਾ ਇੰਚਾਰਜ ਤੇ ਸ਼੍ਰੋਮਣੀ ਅਕਾਲੀ ਦਲ ਪਠਾਨਕੋਟ (ਸ਼ਹਿਰੀ) ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਕੰਵਰ ਮਿੰਟੂ, ਸੁਜਾਨਪੁਰ ਦੇ ਹਲਕਾ ਇੰਚਾਰਜ ਰਾਜ ਕੁਮਾਰ ਗੁਪਤਾ, ਸ਼੍ਰੋਮਣੀ ਅਕਾਲੀ ਦਲ ਦੀ ਪੀ.ਏ.ਸੀ. ਮੈਂਬਰ ਤੇ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ, ਸ਼੍ਰੋਮਣੀ ਕਮੇਟੀ ਮੈਂਬਰ ਗੁਰਨਾਮ ਸਿੰਘ ਜੱਸਲ, ਜਥੇਦਾਰ ਸੁਰਜੀਤ ਸਿੰਘ ਤੁਗਲਵਾਲ, ਬੀਬੀ ਜੋਗਿੰਦਰ ਕੌਰ, ਜਥੇਦਾਰ ਨਰਿੰਦਰ ਸਿੰਘ ਵਾੜਾ, ਯੂਥ ਅਕਾਲੀ ਦਲ ਪਠਾਨਕੋਟ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ, ਜਸਬੀਰ ਸਿੰਘ ਘੁੰਮਣ, ਐਡਵੋਕੇਟ ਬਲਵਿੰਦਰ ਕੌਰ ਵਡਾਲਾ ਬਾਂਗਰ, ਸੁਖਬੀਰ ਸਿੰਘ ਵਾਹਲਾ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਹਰਭਜਨ ਸਿੰਘ ਲਖਮਾਨੀਆ, ਕਮਲਜੀਤ ਸਿੰਘ ਚਾਹਲ ਅਤੇ ਬੀਬੀ ਗੀਤਾ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਅਕਾਲੀ ਆਗੂ ਤੇ ਵਰਕਰ ਵੀ ਹਾਜ਼ਰ ਸਨ।





















