13-02-2024 (ਲਹਿਰਾ ਮੁਹੱਬਤ)

ਜੀ.ਐੱਚ.ਟੀ. ਪੀ.ਠੇਕਾ ਮੁਲਾਜ਼ਮ ਯੂਨੀਅਨ ਵੱਲੋੰ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਮੁੱਖ ਗੇਟ ਤੇ ਅਗਲੇ ਸੰਘਰਸ਼ਾਂ ਦੀ ਤਿਆਰੀ ਸੰਬੰਧੀ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਮਾ.ਜਗਮੇਲ ਸਿੰਘ ਨੇ ਕਿਹਾ ਕਿ 16 ਫਰਵਰੀ ਨੂੰ ਵੱਖ-ਵੱਖ ਤਬਕਿਆਂ ਦੀਆਂ ਜਥੇਬੰਦੀਆਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਲੋਕ ਮੋਰਚਾ ਪੰਜਾਬ ਸਮਰਥਨ ਕਰਦਾ ਹੈ ਅਤੇ ਸਮੂਹ ਸੰਘਰਸ਼ਸ਼ੀਲ ਕਿਰਤੀ ਲੋਕਾਂ ਨੂੰ ਇਸ ਸੱਦੇ ਨੂੰ ਸਫਲ ਬਣਾਉਣ ਲਈ ਅਪੀਲ ਕਰਦਾ ਹੈ,ਆਗੂਆਂ ਨੇ ਕਿਹਾ ਕਿ ਹਕੂਮਤ ਦੀਆਂ ਸਾਮਰਾਜ ਪੱਖੀ ਆਰਥਿਕ ਨੀਤੀਆਂ ਲੋਕਾਂ ਦੇ ਸਾਰੇ ਤਬਕਿਆਂ ਦੇ ਖਿਲਾਫ ਭੁਗਤ ਰਹੀਆਂ ਹਨ ਅਤੇ ਇਹਨਾਂ ਨੀਤੀਆਂ ਦੇ ਕਾਰਨ ਜਮੀਨਾਂ, ਪਾਣੀ,ਜੰਗਲ,ਊਰਜਾ ਵਰਗੇ ਸੋਮਿਆਂ ਸਮੇਤ ਰੁਜ਼ਗਾਰ ਸਿਹਤ ਅਤੇ ਸਿੱਖਿਆ ਵਰਗੇ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ,ਸਾਡੇ ਦੇਸ਼ ਦਾ ਖਜ਼ਾਨਾ ਇੱਥੇ ਲੋਕਾਂ ਲਈ ਸਨਮਾਨਜਨਕ ਰੁਜ਼ਗਾਰ ਸਿਰਜਣ,ਪੱਕੇ ਅਤੇ ਸਰਕਾਰੀ ਰੁਜ਼ਗਾਰ ਵਿੱਚ ਜਾਨ ਪਾਉਣ,ਇੱਥੋਂ ਦੇ ਕੁਦਰਤੀ ਸੋਮਿਆਂ ਨੂੰ ਪ੍ਰਫੁੱਲਤ ਕਰਕੇ ਲੋਕ ਹਿਤਾਂ ਵਿੱਚ ਵਰਤਣ ਦੀ ਥਾਂ ਵੱਡੀਆਂ ਸਾਮਰਾਜੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਿਆਂ,ਛੋਟਾਂ ਅਤੇ ਹੋਰ ਸਹੂਲਤਾਂ ਵਿੱਚ ਲੁਟਾਇਆ ਜਾ ਰਿਹਾ ਹੈ,ਸਾਡੇ ਦੇਸ਼ ਦਾ ਹਰ ਖੇਤਰ ਕਾਰਪੋਰੇਟ ਅਤੇ ਸਾਮਰਾਜੀ ਲੁੱਟ ਲਈ ਖੋਲ ਦਿੱਤਾ ਗਿਆ ਹੈ,ਇਸ ਕਰਕੇ ਇਹਨਾਂ ਨੀਤੀਆਂ ਦਾ ਵਿਰੋਧ ਹਰ ਤਬਕੇ ਦੀ ਸਾਂਝੀ ਲੋੜ ਹੈ,ਇਸ ਕਰਕੇ ਨਾ ਸਿਰਫ ਇਹਨਾਂ ਨੀਤੀਆਂ ਦੇ ਵੱਖੋ-ਵੱਖਰੇ ਤਬਕਿਆਂ ਅੰਦਰ ਹੁੰਦੇ ਇਜ਼ਹਾਰਾਂ ਅਤੇ ਇਹਨਾਂ ਤਹਿਤ ਲਏ ਜਾਂਦੇ ਕਦਮਾਂ ਖਿਲਾਫ ਸਾਂਝਾ ਵਿਰੋਧ ਜੁਟਾਉਣਾ ਚਾਹੀਦਾ ਹੈ,ਸਗੋਂ ਇਹਨਾਂ ਨੀਤੀਆਂ ਨੂੰ ਮੁੱਢੋਂ-ਸੁੱਢੋਂ ਰੱਦ ਕਰਵਾਉਣ ਲਈ ਸਾਂਝੇ ਸੰਘਰਸ਼ਾਂ ਦਾ ਪੈੜਾ ਬੰਨ੍ਹਣਾ ਚਾਹੀਦਾ ਹੈ,ਇਸ ਪੱਖੋਂ ਲੋਕਾਂ ਦੇ ਵੱਖ-ਵੱਖ ਤਬਕਿਆਂ ਵੱਲੋਂ ਭਾਰਤ ਬੰਦ ਦਾ ਸਾਂਝਾ ਸੱਦਾ ਸਵਾਗਤਯੋਗ ਕਦਮ ਹੈ,ਆਗੂਆਂ ਨੇ ਕਿਹਾ ਕਿ ਲੋਕਾਂ ਵੱਲੋਂ ਹਕੂਮਤੀ ਨੀਤੀਆਂ ਖਿਲਾਫ ਅਜਿਹੇ ਸਾਂਝੇ ਸੱਦੇ ਦਾ ਮਹੱਤਵ ਇਸ ਸਮੇਂ ਹੋਰ ਵੀ ਵਧੇਰੇ ਹੈ ਜਦੋਂ ਇਹਨਾਂ ਨੀਤੀਆਂ ਨੂੰ ਹਰ ਹੀਲੇ ਲਾਗੂ ਕਰ ਰਹੀ ਮੋਦੀ ਸਰਕਾਰ ਆਪਣੇ ਕੁਕਰਮਾਂ ਤੋਂ ਧਿਆਨ ਭਟਕਾਉਣ ਲਈ ਜੋਰ-ਸ਼ੋਰ ਨਾਲ ਫਿਰਕੂ ਲਾਮਬੰਦੀਆਂ ਕਰ ਰਹੀ ਹੈ,ਹਕੂਮਤ ਵੱਲੋਂ ਲੋਕ ਰੋਹ ਨਾਲ ਨਜਿੱਠਣ ਲਈ ਮਜਬੂਤ ਕੀਤੀ ਜਾ ਰਹੀ ਰਾਜ ਮਸ਼ੀਨਰੀ ਅਤੇ ਸਾਣ ਉੱਤੇ ਲਾਏ ਜਾ ਰਹੇ ਕਾਲੇ ਕਾਨੂੰਨਾਂ ਖਿਲਾਫ ਵਿਰੋਧ ਵੀ ਇਸੇ ਇੱਕਜੁੱਟਤਾ ਦੀ ਮੰਗ ਕਰਦਾ ਹੈ,ਆਗੂਆਂ ਨੇ ਇਸ ਬੰਦ ਨੂੰ ਅਸਰਦਾਰ ਬਣਾਉਣ ਅਤੇ ਹਕੂਮਤ ਨੂੰ ਜੋਰਦਾਰ ਸੁਣਾਉਣੀ ਕਰਨ ਲਈ ਸਮੂਹ ਲੋਕਾਂ ਨੂੰ ਇਸ ਵਿੱਚ ਸਰਗਰਮ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ,ਇਸ ਸਮੇਂ ਪ੍ਰਧਾਨ ਜਗਰੂਪ ਸਿੰਘ,ਜਰਨਲ ਸਕੱਤਰ ਜਗਸੀਰ ਸਿੰਘ ਭੰਗੂ,ਸੀਨੀਅਰ ਮੀਤ ਪ੍ਰਧਾਨ ਬਾਦਲ ਸਿੰਘ ਭੁੱਲਰ,ਮੀਤ ਪ੍ਰਧਾਨ ਬਲਜਿੰਦਰ ਸਿੰਘ ਮਾਨ ਸਮੇਤ ਹੋਰ ਸਮੂਹ ਆਗੂ ਹਾਜ਼ਿਰ ਸਨ!
ਜਾਰੀ ਕਰਤਾ:-ਜਗਮੇਲ ਸਿੰਘ-94172 24822





















