ਮੁਕੇਰੀਆਂ, 27 ਜਨਵਰੀ
ਬੀਤੀ ਰਾਤ ਕਰੀਬ 10.30 ਵਜੇ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਕਸਬਾ ਉੱਚੀ ਬੱਸੀ ਕੋਲ ਸੜਕ ਹਾਦਸੇ ਵਿੱਚ ਕਾਰ ਸਵਾਰ 5 ਨੌਜਵਾਨਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਗੰਭੀਰ ਜ਼ਖਮੀ ਟਰੱਕ ਚਾਲਕ ਹਸਪਤਾਲ ਵਿੱਚ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਸੜ ਗਈ ਅਤੇ ਟਰੱਕ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਕਾਰ ਸਵਾਰਾਂ ਦੀ ਪਛਾਣ ਜਲੰਧਰ ਦੇ ਵਸਨੀਕਾਂ ਵਜੋਂ ਹੋਈ ਹੈ, ਜਿਹੜੇ ਪਠਾਨਕੋਟ ਤੋਂ ਵਾਪਸ ਜਲੰਧਰ ਨੂੰ ਆ ਰਹੇ ਸਨ।





ਜਾਣਕਾਰੀ ਅਨੁਸਾਰ ਕਾਰ ਸਵਾਰ ਰਾਜ ਕੁਮਾਰ, ਅੰਕਿਤ ਕੁਮਾਰ, ਰਿਸ਼ਭ, ਇੰਦਰਜੀਤ ਸਿੰਘ ਅਤੇ ਅਭੀ ਸਾਰੇ ਵਾਸੀ ਜਲੰਧਰ ਬੀਤੀ ਰਾਤ ਆਪਣੀ ਕਾਰ ਪੀਬੀ 08 ਡੀਵਾਈ 1900 ਵਿੱਚ ਸਵਾਰ ਹੋ ਕੇ ਪਠਾਨਕੋਟ ਤੋਂ ਜਲੰਧਰ ਨੂੰ ਵਾਪਸ ਆ ਰਹੇ ਸਨ, ਜਦੋਂ ਉਹ ਕਰੀਬ 10.30 ਵਜੇ ਕੌਮੀ ਮਾਰਗ ’ਤੇ ਪੈਂਦੇ ਕਸਬਾ ਉੱਚੀ ਬੱਸੀ ਕੋਲ ਪੁੱਜੇ ਤਾਂ ਅੱਗੇ ਜਾ ਰਹੇ ਟਰੱਕ ਨਾਲ ਜਾ ਟਕਰਾਏ। ਇਸ ਹਾਦਸੇ ਦੌਰਾਨ ਕਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਚਾਰ ਜਣੇ ਬੁਰੀ ਤਰ੍ਹਾਂ ਝੁਲਸ ਗਏ, ਜਦੋਂ ਕਿ ਇੱਕ ਕਾਰ ਸਵਾਰ ਨੂੰ ਸਿਵਲ ਹਸਪਤਾਲ ਮੁਕੇਰੀਆਂ ਪੁਜਾਇਆ ਗਿਆ, ਜਿਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਟਰੱਕ ਚਾਲਕ ਨੂੰ ਦਸੂਹਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ੳਸਦੀ ਹਾਲਤ ਗੰਭੀਰ ਦੇਖਦਿਆਂ ਉਸਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ ਨੇ ਕਿਹਾ ਕਿ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਗੱਡੀ ਨੰਬਰ ਦੇ ਅਧਾਰ ’ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।






















