ਵੈਨਕੂਵਰ, 17 ਜਨਵਰੀ

ਏਅਰ ਇੰਡੀਆ ਦੇ ਯਾਤਰੀ ਜਹਾਜ਼ ਕਨਿਸ਼ਕ ਦੇ ਵੈਨਕੂਨਰ ਤੋਂ 23 ਜੂਨ, 1985 ਨੂੰ ਉਡਾਣ ਭਰਨ ਮਗਰੋਂ ਹੋਏ ਬੰਬ ਧਮਾਕੇ ਦੀ ਨਿਰਪੱਖ ਜਾਂਚ ਦੀ ਮੰਗ ਕਰਨ ਸਬੰਧੀ ਦਸਤਖਤੀ ਮੁਹਿੰਮ ਵਿੱਢੀ ਗਈ ਹੈ ਤਾਂ ਜੋ 341 ਜਣਿਆਂ ਦੀ ਜਾਨ ਲੈਣ ਵਾਲੇ ਹਾਦਸੇ ਦੇ ਦੋਸ਼ੀਆਂ ਤੇ ਸਾਜਿਸ਼ਘਾੜਿਆਂ ਦਾ ਪਤਾ ਲੱਗ ਸਕੇ। ਸਰੀ ਰਹਿੰਦੇ ਮੀਡੀਆ ਕਰਮੀ ਗੁਰਪ੍ਰੀਤ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਇਸ ਦਸਤਖਤੀ ਮੁਹਿੰਮ ਦਾ ਵੱਡੀ ਗਿਣਤੀ ਲੋਕ ਹਿੱਸਾ ਬਣੇ ਹਨ। ਹਾਦਸੇ ਵਾਲੇ ਦਿਨ ਵੈਨਕੂਵਰ ਤੋਂ ਇੱਕੋ ਸਮੇਂ ਉੱਡੇ ਯਾਤਰੀ ਤੇ ਮਾਲਵਾਹਕ ਜਹਾਜ਼ਾਂ ਵਿੱਚ ਇੱਕੋ ਸਮੇਂ ਧਮਾਕੇ ਹੋਏ ਸਨ। ਯਾਤਰੀ ਜਹਾਜ਼ ਵਿੱਚ ਬੰਬ ਫਟਣ ਕਰਕੇ ਉਹ ਆਇਰਿਸ਼ ਸਾਗਰ ਵਿੱਚ ਡਿੱਗਿਆ ਜਿਸ ਕਰਕੇ 327 ਯਾਤਰੀ ਤੇ ਅਮਲੇ ਦੇ 12 ਮੈਂਬਰ ਮਾਰੇ ਗਏ ਸਨ। ਦੂਜਾ ਮਾਲਵਾਹਕ ਜਹਾਜ਼ ਟੋਕੀਓ ਹਵਾਈ ਅੱਡੇ ਉਤਰ ਚੁੱਕਿਆ ਸੀ ਜਿਸ ’ਚ ਬੰਬ ਫਟਣ ਕਰਕੇ ਸਮਾਨ ਉਤਾਰਦੇ ਦੋ ਕਾਮੇ ਮਾਰੇ ਗਏ ਸਨ।
ਕੈਨੇਡਾ ਜਾਂਚ ਏਜੰਸੀਆਂ ਨੇ ਕੀਤੀ ਜਾਂਚ ਵਿੱਚ ਇੰਦਰਜੀਤ ਸਿੰਘ ਰਿਆਤ, ਰਿਪੁਦਮਨ ਸਿੰਘ ਮਲਿਕ ਤੇ ਅਜੈਬ ਸਿੰਘ ਬਾਗੜੀ ’ਤੇ ਦੋਸ਼ ਲਾਏ ਗਏ ਜਿਨ੍ਹਾਂ ਵਿਚੋਂ ਸਿਰਫ ਰਿਆਤ ਨੂੰ ਹੀ ਸਜ਼ਾ ਹੋਈ ਜਦ ਕਿ ਗਵਾਹ ਮੁੱਕਰਨ ਕਰਕੇ ਅਦਾਲਤ ਨੇ ਮਲਿਕ ਤੇ ਬਾਗੜੀ ਨੂੰ ਬਰੀ ਕਰ ਦਿੱਤਾ। ਦਸਤਖਤੀ ਮੁਹਿੰਮ ਵਿੱਚ ਰਿਪੁਦਮਨ ਸਿੰਘ ਮਲਿਕ ਜਿਸ ਦਾ 2022 ਵਿੱਚ ਕਤਲ ਹੋਇਆ, ਨੂੰ ਮਾਰੇ ਜਾਣ ਤੋਂ ਪਹਿਲਾਂ ਕਥਿਤ ਉਸ ਦੀ ਭਾਰਤੀ ਏਜੰਸੀਆਂ ਨਾਲ ਸਾਂਝ ਦੀਆਂ ਜਨਤਕ ਹੋਈਆਂ ਕਾਰਵਾਈਆਂ ਦਾ ਜ਼ਿਕਰ ਕੀਤਾ ਗਿਆ ਹੈ। ਪਟੀਸ਼ਨ ਅਨੁਸਾਰ ਭਾਰਤੀ ਨਾਗਰਿਕ ਨਿਖਿਲ ਗੁਪਤਾ ’ਤੇ ਹੁਣ ਮਿਲੀਭੁਗਤ ਦੇ ਦੋਸ਼ ਲੱਗਣ ਕਰਕੇ ਕੈਨੇਡਾ ਸਰਕਾਰ ਲਈ ਜ਼ਰੂਰੀ ਬਣਦਾ ਹੈ ਕਿ ਕਨਿਸ਼ਕ ਕਾਂਡ ਦੀ ਨਿਰਪੱਖ ਜਾਂਚ ਕਰਕੇ ਸਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇ।





















