
ਚੰਡੀਗੜ੍ਹ, 1 ਜਨਵਰੀ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਨਵੇਂ ਸਾਲ ਦੀ ਆਮਦ ’ਤੇ ਚੱਲ ਰਹੀਆਂ ਸੀਤ ਲਹਿਰਾਂ ਕਰਕੇ ਠੰਢ ਦਾ ਕਹਿਰ ਜਾਰੀ ਰਿਹਾ। ਅੱਜ ਸਾਰਾ ਦਿਨ ਸ਼ਹਿਰ ਵਿੱਚ ਧੁੱਪ ਨਾ ਨਿਕਲਣ ਕਰਕੇ ਲੋਕਾਂ ਨੂੰ ਕੰਬਣੀ ਛਿੜੀ ਰਹੀ। ਉੱਧਰ ਠੰਢ ਵਧਣ ਕਰਕੇ ਦਿਨ ਸਮੇਂ ਤਾਪਮਾਨ ਵਿੱਚ 6.4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਠੰਢ ਵਧਣ ਕਰਕੇ ਸ਼ਹਿਰ ਵਿੱਚ ਥਾਂ-ਥਾਂ ’ਤੇ ਲੋਕ ਵੀ ਅੱਗ ਸੇਕਦੇ ਹੋਏ ਦਿਖਾਈ ਦਿੱਤੇ। ਮੌਸਮ ਵਿਭਾਗ ਨੇ ਸ਼ਹਿਰ ਵਿੱਚ ਅਗਲੇ ਚਾਰ ਦਿਨ 2 ਤੋਂ 5 ਜਨਵਰੀ ਤੱਕ ਧੁੰਦ ਤੇ ਠੰਢ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਨ੍ਹਾਂ ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਗਿਰਾਵਟ ਦਰਜ ਕੀਤੀ ਜਾਵੇਗੀ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 11.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 6.4 ਡਿਗਰੀ ਸੈਲਸੀਅਸ ਘੱਟ ਸੀ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸੇ ਤਰ੍ਹਾਂ ਅੱਜ ਮੁਹਾਲੀ ’ਚ ਵੱਧ ਤੋਂ ਵੱਧ ਤਾਪਮਾਨ 11.4 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 9.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਪੰਚਕੂਲਾ ਵਿੱਚ ਵੱਧ ਤੋਂ ਵੱਧ ਤਾਪਮਾਨ 12.6 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾੁਪਮਾਨ 9.9 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਸਿਟੀ ਬਿਊਟੀਫੁੱਲ ਵਿੱਚ ਸਾਲ 2024 ਦੇ ਪਹਿਲੇ ਦਿਨ ਹੀ ਠੰਢ ਦੇ ਜ਼ੋਰ ਫੜਨ ਕਰਕੇ ਰੋਜ਼ਾਨਾ ਦਿਹਾੜੀ ਕਰਨ ਵਾਲਿਆਂ ਦਾ ਕੰਮ-ਕਾਜ ਠੱਪ ਰਿਹਾ। ਇਸ ਦੌਰਾਨ ਲੋਕਾਂ ਨੂੰ ਵੀ ਵਾਹਨ ਚਲਾਉਣ ਸਮੇਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੂਜੇ ਪਾਸੇ ਠੰਢ ਵੱਧਣ ਕਰਕੇ ਗਰਮ ਕੱਪੜਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੀ ਦੁਕਾਨਾਂ ’ਤੇ ਲੋਕਾਂ ਦੀ ਭੀੜ ਲੱਗੀ ਦਿਖਾਈ ਦਿੱਤੀ।
ਪੰਚਕੂਲਾ (ਪੀ.ਪੀ. ਵਰਮਾ): ਨਵੇਂ ਸਾਲ ਦੇ ਪਲੇਠੇ ਦਿਨ ਅੱਜ ਲੋਕ ਠੰਢ ਕਾਰਨ ਘਰਾਂ ਵਿੱਚ ਦੁੱਬਕੇ ਰਹੇ। ਲੋਕਾਂ ਨੂੰ ਚੜ੍ਹਦੇ ਸਾਲ ਦੇ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ। ਸਾਰਾ ਦਿਨ ਧੁੱਪ ਨਾ ਨਿਕਲਣ ਕਾਰਨ ਮਾਰਕੀਟਾਂ ਵੀ ਠੰਢ ਕਾਰਨ ਸੁੰਨੀਆਂ ਰਹੀਆਂ। ਸਵੇਰੇ ਸ਼ਾਮ ਪੈ ਰਹੀ ਧੁੰਦ ਕਾਰਨ ਦੇਖਣ ਦੀ ਹੱਦ 10-15 ਮੀਟਰ ਹੀ ਰਹੀ। ਸਾਰਾ ਦਿਨ ਠੰਢੀਆਂ ਹਵਾਵਾਂ ਚਲਦੀਆਂ ਰਹੀਆਂ। ਹਾਊਸਿੰਗ ਸੁਸਾਇਟੀਆਂ ਦੇ ਸਕਿਉਰਿਟੀ ਗਾਰਡ ਅਤੇ ਰੇਹੜੀ-ਫੜ੍ਹੀ ਵਾਲੇ ਸਾਰਾ ਦਿਨ ਧੂਣੀ ਲਗਾ ਕੇ ਬੈਠੇ ਰਹੇ। ਮੌਸਮ ਵਿਭਾਗ ਅਨੁਸਾਰ ਅਗਲੇ ਦੋ-ਤਿੰਨ ਦਿਨ ਲੋਕਾਂ ਨੂੰ ਠੰਢ ਤੋਂ ਰਾਹਤ ਮਿਲਣ ਦੀ ਆਸ ਨਹੀਂ ਹੈ। ਮੌਸਮ ਵਿਭਾਗ ਨੇ ਕਿਹਾ ਕਿ ਫਿਲਹਾਲ ਬਰਸਾਤ ਦੀ ਕੋਈ ਸੰਭਾਵਨਾ ਨਹੀਂ ਹੈ। ਸਕੂਲਾਂ ਵਿੱਚ ਛੁੱਟੀਆਂ ਹੋਣ ਕਾਰਨ ਬੱਚੇ ਵੀ ਘਰਾਂ ਵਿੱਚ ਦੁਬਕੇ ਬੈਠੇ ਰਹੇ। ਬੀਤੀ ਰਾਤ ਪੰਚਕੂਲਾ ਵਿੱਚ ਧੁੰਦ ਛਾਈ ਰਹੀ। ਅੱਜ ਸੋਮਵਾਰ ਨੂੰ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੰਚਕੂਲਾ ਪੁਲੀਸ ਦੇ ਟਰੈਫਿਕ ਵਿੰਗ ਨੇ ਧੁੰਦ ਨੂੰ ਵੇਖਦੇ ਹੋਏ ਕਈ ਟਰੈਫਿਕ ਗਾਈਡ ਲਾਈਨਾਂ ਜਾਰੀ ਕੀਤੀਆਂ ਹਨ। ਮੌਸਮ ਵਿਭਾਗ ਹਰਿਆਣਾ ਨੇ ਠੰਢ ਅਤੇ ਧੁੰਦ ਦੇ ਮੱਦੇਨਜ਼ਰ ਤਿੰਨ ਦਿਨਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ।
ਸੁਖਨਾ ਝੀਲ ’ਤੇ ਲੱਗੀ ਰਹੀ ਭੀੜ
ਸਾਲ 2024 ਦੀ ਆਮਦ ’ਤੇ ਠੰਢ ਦਾ ਕਹਿਰ ਜਾਰੀ ਹੈ। ਉਸ ਦੇ ਬਾਵਜੂਦ ਸੁਖਨਾ ਝੀਲ ’ਤੇ ਪੂਰਾ ਦਿਨ ਭੀੜ ਲੱਗੀ ਰਹੀ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਵੱਡੀ ਗਿਣਤੀ ਵਿੱਚ ਲੋਕ ਸੁਖਨਾ ਝੀਲ ’ਤੇ ਘੁੰਮਣ ਲਈ ਪਹੁੰਚੇ। ਇਸ ਕਰਕੇ ਸੁਖਨਾ ਝੀਲ ਵਾਲੀ ਸੜਕ ’ਤੇ ਵੀ ਜਾਮ ਵਰਗੇ ਹਾਲਾਤ ਬਣੇ ਰਹੇ। ਟਰੈਫਿਕ ਜਾਮ ਦੀ ਸਮੱਸਿਆ ’ਤੇ ਨੱਥ ਪਾਉਣ ਲਈ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਸੁਖਨਾ ਝੀਲ ਵੱਲ ਜਾਣ ਵਾਲੀ ਸੜਕਾਂ ’ਤੇ ਵਾਹਨਾਂ ਦੇ ਜਾਣ ’ਤੇ ਪਾਬੰਦੀ ਲਗਾ ਦਿੱਤੀ ਸੀ। ਉਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਬੱਸ ਤੇ ਥ੍ਰੀ ਵ੍ਹੀਲਰ ਰਾਹੀਂ ਪਹੁੰਚਦੇ ਦਿਖਾਈ ਦਿੱਤੇ।
ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਸ੍ਰੀ ਫ਼ਤਹਿਗੜ੍ਹ ਸਾਹਿਬ (ਹਿਮਾਂਸ਼ੂ ਸੂਦ): ਕੜਾਕੇ ਦੀ ਠੰਢ ਦੇ ਮੱਦੇਨਜ਼ਰ ਸਰਦੀ ’ਚ ਬਿਮਾਰੀਆਂ ਤੋਂ ਬਚਾਅ ਲਈ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਇਸ ਸਮੇਂ ਸਰਦੀ ਦੇ ਨਾਲ-ਨਾਲ ਸੀਤ ਲਹਿਰ ਵੀ ਸ਼ੁਰੂ ਹੋ ਚੁੱਕੀ ਹੈ, ਜਿਸ ਵਿੱਚ ਜ਼ਿਆਦਾਤਰ ਬਜ਼ੁਰਗ ਅਤੇ ਛੋਟੇ ਬੱਚੇ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਨੂੰ ਸਰਦੀ ਲੱਗਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ, ਇਸ ਲਈ ਬਜ਼ੁਰਗ ਅਤੇ ਦਿਲ ਦੇ ਰੋਗਾਂ ਦੇ ਮਰੀਜ਼ ਸਵੇਰ ਅਤੇ ਦੇਰ ਸ਼ਾਮ ਸੈਰ ਕਰਨ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨ। ਬੱਚਿਆਂ ਦੀ ਸੰਭਾਲ ਵੱਲ ਖਾਸ ਧਿਆਨ ਦਿੰਦੇ ਹੋਏੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਗਰਮ ਕੱਪੜੇ ਪਾਏ ਜਾਣ। ਘਰਾਂ ਵਿੱਚ ਬੰਦ ਕਮਰੇ ਵਿੱਚ ਅੰਗੀਠੀ ਬਾਲ ਕੇ ਅੱਗ ਨਾ ਸੇਕੀ ਜਾਵੇ ਕਿਉਂਕਿ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ।





















