Code Of Ethics

Download app

Subscribe To Print Edition

ਚੋਣਾਂ ਜਿੱਤਣ ਤੋਂ ਪਹਿਲਾਂ ਲੋਕਾਂ ਦੇ ਦਿਲ ਜਿੱਤਣੇ ਜ਼ਰੂਰੀ: ਮੋਦੀ ਔਰਤਾਂ ਨੂੰ ਵੱਡੀ ‘ਜਾਤੀ’ ਕਰਾਰ ਦਿੱਤਾ; ਵਿਰੋਧੀ ਪਾਰਟੀਆਂ ਤੋਂ ਸੁਚੇਤ ਰਹਿਣ ਲਈ ਕਿਹਾ

ਨਵੀਂ ਦਿੱਲੀ, 10 ਦਸੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਮੋਦੀ ਦੀ ਗਾਰੰਟੀ ’ਚ ਦਮ ਹੈ ਅਤੇ ਕੁਝ ਪਾਰਟੀਆਂ ਇਹ ਨਹੀਂ ਸਮਝਦੀਆਂ ਕਿ ‘ਝੂਠੇ ਐਲਾਨ’ ਕਰਨ ਨਾਲ ਉਨ੍ਹਾਂ ਨੂੰ ਕੁਝ ਵੀ ਹਾਸਲ ਨਹੀਂ ਹੋਵੇਗਾ। ‘ਵਿਕਸਤ ਭਾਰਤ ਸੰਕਲਪ ਯਾਤਰਾ’ ਦੇ ਲਾਭਪਾਤਰੀਆਂ ਨਾਲ ਗੱਲਬਾਤ ਦੌਰਾਨ ਮੋਦੀ ਨੇ ਕਿਹਾ ਕਿ ਚੋਣਾਂ ਜਿੱਤਣ ਤੋਂ ਪਹਿਲਾਂ ਲੋਕਾਂ ਦੇ ਦਿਲ ਜਿੱਤਣਾ ਜ਼ਰੂਰੀ ਹੈ ਅਤੇ ਲੋਕਾਂ ਨੂੰ ਅਕਲਮੰਦ ਨਾ ਸਮਝਣਾ ਸਹੀ ਨਹੀਂ ਹੈ। ਯਾਤਰਾ ਨੂੰ ਲੋੜਵੰਦਾਂ ਤੱਕ ਪਹੁੰਚਣ ਦਾ ਬਹੁਤ ਵੱਡਾ ਸਾਧਨ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਹੀ ਘੱਟ ਸਮੇਂ ’ਚ ਹੁਣ ਤੱਕ ਸਵਾ ਕਰੋੜ ਤੋਂ ਵੱਧ ਲੋਕ ‘ਮੋਦੀ ਦੀ ਗਾਰੰਟੀ’ ਵਾਲੀ ਗੱਡੀ ਤੱਕ ਪਹੁੰਚੇ ਹਨ ਅਤੇ ਉਸ ਦਾ ਸਵਾਗਤ ਕੀਤਾ ਹੈ। ਵਿਰੋਧੀ ਧਿਰਾਂ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਆਪਣੇ ਹਿੱਤਾਂ ਦੀ ਬਜਾਏ ਸੇਵਾ ਭਾਵਨਾ ਨੂੰ ਤਰਜੀਹ ਦਿੱਤੀ ਹੁੰਦੀ ਤਾਂ ਦੇਸ਼ ਦੀ ਬਹੁਤ ਵੱਡੀ ਆਬਾਦੀ ਸਮੱਸਿਆਵਾਂ ਨਾਲ ਘਿਰੀ ਨਾ ਰਹਿੰਦੀ। ‘ਸਾਡੀ ਸਰਕਾਰ ‘ਮਾਈ-ਬਾਪ’ ਸਰਕਾਰ ਨਹੀਂ ਹੈ ਸਗੋਂ ਮਾਪਿਆਂ ਦੀ ਸੇਵਾ ਕਰਨ ਵਾਲੀ ਸਰਕਾਰ ਹੈ। ਜਿਵੇਂ ਇਕ ਬੱਚਾ ਆਪਣੇ ਮਾਪਿਆਂ ਦੀ ਸੇਵਾ ਕਰਦਾ ਹੈ ਉਸੇ ਤਰ੍ਹਾਂ ਇਹ ਮੋਦੀ ਤੁਹਾਡੀ ਸੇਵਾ ਲਈ ਕੰਮ ਕਰਦਾ ਹੈ। ਮੋਦੀ ਗਰੀਬਾਂ ਤੇ ਹਾਸ਼ੀਏ ’ਤੇ ਧੱਕੇ ਲੋਕਾਂ ਦੀ ਪਰਵਾਹ ਕਰਦਾ ਹੈ ਜਿਨ੍ਹਾਂ ਦੀ ਕਿਸੇ ਨੇ ਪਰਵਾਹ ਨਹੀਂ ਕੀਤੀ ਸੀ। ਜਿਨ੍ਹਾਂ ਲਈ ਦਫ਼ਤਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ, ਮੋਦੀ ਨਾ ਸਿਰਫ਼ ਉਨ੍ਹਾਂ ਦੀ ਦੇਖਭਾਲ ਕਰਦਾ ਹੈ ਸਗੋਂ ਉਹ ਉਨ੍ਹਾਂ ਦੀ ਪੂਜਾ ਵੀ ਕਰਦਾ ਹੈ। ਮੇਰੇ ਲਈ ਹਰ ਗਰੀਬ, ਮਾਂ, ਧੀ, ਭੈਣ, ਕਿਸਾਨ ਅਤੇ ਨੌਜਵਾਨ ਵੀਆਈਪੀ ਹਨ।’ ਮੋਦੀ ਨੇ ਕਿਹਾ ਕਿ ਸਵਾਲ ਇਹ ਹੈ ਕਿ ਦੇਸ਼ ਅਜਿਹੇ ਲੋਕਾਂ ’ਤੇ ਭਰੋਸਾ ਕਿਉਂ ਨਹੀਂ ਕਰਦਾ ਜੋ ਉਨ੍ਹਾਂ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਕੁਝ ਪਾਰਟੀਆਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਐਲਾਨ ਕਰਕੇ ਕੁਝ ਹਾਸਲ ਨਹੀਂ ਕਰ ਸਕਣਗੇ ਕਿਉਂਕਿ ਚੋਣਾਂ ਸੋਸ਼ਲ ਮੀਡੀਆ ’ਤੇ ਨਹੀਂ ਲੋਕਾਂ ਵਿਚਕਾਰ ਜਾ ਕੇ ਜਿੱਤੀਆਂ ਜਾਂਦੀਆਂ ਹਨ। ਪ੍ਰਧਾਨ ਮੰਤਰੀ ਨੇ ਔਰਤਾਂ ਨੂੰ ਵੰਡਪਾਊ ਸਿਆਸਤ ਤੋਂ ਖ਼ਬਰਦਾਰ ਕਰਦਿਆਂ ਕਿਹਾ ਕਿ ਉਹ ਇਕ ਵੱਡੀ ‘ਜਾਤੀ’ ਹਨ ਜੋ ਕਿਸੇ ਵੀ ਚੁਣੌਤੀ ਦਾ ਡਟ ਕੇ ਸਾਹਮਣਾ ਕਰ ਸਕਦੀਆਂ ਹਨ। ਮਹਿਲਾ ਲਾਭਪਾਤਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਸਾਰੀਆਂ ਔਰਤਾਂ ਨੂੰ ਇਕਜੁੱਟ ਰਹਿਣਾ ਚਾਹੀਦਾ ਹੈ। ਅੱਜ-ਕੱਲ ਕੁਝ ਲੋਕ ਔਰਤਾਂ ਵਿਚਕਾਰ ਵੰਡੀਆਂ ਪੈਦਾ ਕਰ ਰਹੇ ਹਨ। ਸਾਰੀਆਂ ਔਰਤਾਂ ਦੀ ਇਕ ਜਾਤ ਹੁੰਦੀ ਹੈ ਜੋ ਇੰਨੀ ਵੱਡੀ ਹੈ ਕਿ ਉਹ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰ ਸਕਦੀ ਹੈ।’’ ਬਾਅਦ ’ਚ ਇਕ ਸਰਕਾਰੀ ਬਿਆਨ ’ਚ ਉਨ੍ਹਾਂ ਔਰਤਾਂ ਨੂੰ ਵੰਡਪਾਊ ਸਿਆਸਤ ਤੋਂ ਚੌਕਸ ਰਹਿਣ ਲਈ ਕਿਹਾ ਤਾਂ ਜੋ ਉਨ੍ਹਾਂ ’ਚ ਕੋਈ ਮੱਤਭੇਦ ਪੈਦਾ ਨਾ ਕੀਤੇ ਜਾ ਸਕਣ। ਮੋਦੀ ਦੇ ਇਸ ਬਿਆਨ ਨੂੰ ਕਾਂਗਰਸ ਹੋਰ ਪਾਰਟੀਆਂ ’ਤੇ ਤਨਜ਼ ਵਜੋਂ ਦੇਖਿਆ ਜਾ ਰਿਹਾ ਹੈ ਜਿਨ੍ਹਾਂ ਜਾਤ ਆਧਾਰਿਤ ਜਨਗਣਨਾ ’ਤੇ ਜ਼ੋਰ ਦਿੱਤਾ ਹੋਇਆ ਜਦਕਿ ਪ੍ਰਧਾਨ ਮੰਤਰੀ ਲਗਾਤਾਰ ਇਸ ਗੱਲ ’ਤੇ ਜ਼ੋਰ ਦੇ ਰਹੇ ਹਨ ਕਿ ਗਰੀਬ, ਔਰਤਾਂ, ਨੌਜਵਾਨ ਅਤੇ ਕਿਸਾਨ ਉਨ੍ਹਾਂ ਲਈ ਚਾਰ ਸਭ ਤੋਂ ਵੱਡੀਆਂ ਜਾਤੀਆਂ ਹਨ ਅਤੇ ਉਨ੍ਹਾਂ ਦੀ ਤਰੱਕੀ ਨਾਲ ਭਾਰਤ ਵਿਕਸਤ ਬਣੇਗਾ।

ਪਿਛਲੇ 10 ਸਾਲਾਂ ’ਚ ਕੀਤੇ ਸੁਧਾਰਾਂ ਨਾਲ ਅਰਥਚਾਰਾ ਹੋਇਆ ਮਜ਼ਬੂਤ: ਮੋਦੀ

ਗਾਂਧੀਨਗਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਮੌਜੂਦਾ ਵਿੱਤੀ ਵਰ੍ਹੇ ਦੇ ਪਹਿਲੇ ਛੇ ਮਹੀਨਿਆਂ ’ਚ ਦੇਸ਼ ਦੀ ਵਿਕਾਸ ਦਰ 7.7 ਫ਼ੀਸਦ ਰਹਿਣਾ ਮਜ਼ਬੂਤ ਹੁੰਦੇ ਅਰਥਚਾਰੇ ਅਤੇ ਪਿਛਲੇ 10 ਸਾਲਾਂ ’ਚ ਕੀਤੇ ਗਏ ਅਹਿਮ ਸੁਧਾਰਾਂ ਦਾ ਅਕਸ ਹੈ। ਮੋਦੀ ਨੇ ਇਥੇ ‘ਇਨਫਿਨਿਟੀ ਫੋਰਮ 2.0’ ਸੰਮੇਲਨ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਗੁਜਰਾਤ ਇੰਟਰਨੈਸ਼ਨਲ ਫਾਇਨਾਂਸ ਟੈੱਕ-ਸਿਟੀ (ਗਿਫਟ ਸਿਟੀ) ਨੂੰ ਨਵੇਂ ਯੁੱਗ ਦੇ ਵਿੱਤੀ ਅਤੇ ਤਕਨਾਲੋਜੀ ਸੇਵਾਵਾਂ ਦਾ ਆਲਮੀ ਕੇਂਦਰ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਆਸ ਜਤਾਈ ਕਿ ਅਗਲੇ ਕੁਝ ਸਾਲਾਂ ’ਚ ਮੁਲਕ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ ਅਤੇ 2047 ਤੱਕ ਵਿਕਸਤ ਮੁਲਕਾਂ ’ਚ ਸ਼ੁਮਾਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆਰਥਿਕ ਸੁਧਾਰਾਂ ਨਾਲ ਦੇਸ਼ ਦੀ ਨੀਂਹ ਮਜ਼ਬੂਤ ਹੋਈ ਹੈ। ‘ਕੋਵਿਡ-19 ਮਹਾਮਾਰੀ ਦੌਰਾਨ ਜਦੋਂ ਜ਼ਿਆਦਾਤਰ ਦੇਸ਼ ਸਿਰਫ਼ ਵਿੱਤੀ ਅਤੇ ਮਾਲੀ ਰਾਹਤ ’ਤੇ ਧਿਆਨ ਕੇਂਦਰਤ ਕਰ ਰਹੇ ਸਨ, ਅਸੀਂ ਲੰਬੇ ਸਮੇਂ ਦੇ ਵਿਕਾਸ ਅਤੇ ਆਰਥਿਕ ਸਮਰੱਥਾ ਦੇ ਵਿਸਥਾਰ ’ਤੇ ਧਿਆਨ ਦਿੱਤਾ।’ ਉਨ੍ਹਾਂ ਕਿਹਾ ਕਿ ਸਤੰਬਰ ’ਚ ਕੌਮਾਂਤਰੀ ਮੁਦਰਾ ਫੰਡ ਨੇ ਅੰਦਾਜ਼ਾ ਲਾਇਆ ਸੀ ਕਿ ਭਾਰਤ ਕਾਰਨ ਆਲਮੀ ਵਿਕਾਸ ਦਰ 16 ਫ਼ੀਸਦ ਰਹੇਗੀ। ਮੋਦੀ ਨੇ ਕਿਹਾ ਕਿ ਆਲਮੀ ਬੈਂਕ ਨੇ ਇਹ ਵੀ ਕਿਹਾ ਹੈ ਕਿ ਚੁਣੌਤੀਆਂ ਦੌਰਾਨ ਭਾਰਤ ਤੋਂ ਕਾਫ਼ੀ ਉਮੀਦਾਂ ਹਨ। -ਪੀਟੀਆਈ

ਚੰਡੀਗੜ੍ਹ ’ਚ ਚਾਹ ਦੀ ਦੁਕਾਨ ਚਲਾਉਣ ਵਾਲੀ ਕਿੰਨਰ ਨਾਲ ਪ੍ਰਧਾਨ ਮੰਤਰੀ ਨੇ ਕੀਤੀ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਹੋਰ ਲਾਭਪਾਤਰੀ ਮੋਨਾ ਨਾਲ ਵੀ ਗੱਲਬਾਤ ਕੀਤੀ ਜੋ ਕਿੰਨਰ ਹੈ। ਉਹ ਰਾਂਚੀ ਦੀ ਰਹਿਣ ਵਾਲੀ ਅਤੇ ‘ਪੀਐੱਮ ਸਵੈਨਿਧੀ ਯੋਜਨਾ’ ਰਾਹੀਂ 10 ਹਜ਼ਾਰ ਰੁਪਏ ਦਾ ਕਰਜ਼ਾ ਲੈਣ ਮਗਰੋਂ ਹੁਣ ਚੰਡੀਗੜ੍ਹ ’ਚ ਇਕ ਚਾਹ ਦੀ ਦੁਕਾਨ ਦੀ ਮਾਲਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿੰਨਰ ਫਿਰਕੇ ਨੂੰ ਸਰਕਾਰੀ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਸਬਕਾ ਸਾਥ, ਸਬਕਾ ਵਿਕਾਸ’ ਤਹਿਤ ਵਿਕਾਸ ਦਾ ਲਾਭ ਸਮਾਜ ਦੇ ਹਰੇਕ ਤਬਕੇ ਤੱਕ ਪਹੁੰਚ ਰਿਹਾ ਹੈ।

Advertisment

You May Like This