ਅਹਿਮਦਾਬਾਦ, 19 ਨਵੰਬਰ
ਮਿਸ਼ੇਲ ਸਟਾਰਕ ਦੀ ਅਗਵਾਈ ’ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਟਰੈਵਿਸ ਹੈੱਡ (137) ਦੇ ਸੈਂਕੜੇ ਦੀ ਬਦੌਲਤ ਆਸਟਰੇਲੀਆ ਅੱਜ ਇਥੇ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿੱਚ ਮੇਜ਼ਬਾਨ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਉਪਰੋਥਲੀ ਨੌਵੀਂ ਜਿੱਤ ਨਾਲ 6ਵੀਂ ਵਾਰ ਵਿਸ਼ਵ ਚੈਂਪੀਅਨ ਬਣ ਗਿਆ ਹੈ। ਭਾਰਤ ਇਕ ਵਾਰ ਫਿਰ ਆਈਸੀਸੀ ਟੂਰਨਾਮੈਂਟਾਂ ਵਿਚ ਫਾਈਨਲ ਦਾ ਦਬਾਅ ਝੱਲਣ ਵਿੱਚ ਨਾਕਾਮ ਰਿਹਾ। ਇਸੇ ਸਾਲ ਖੇਡੇ ਆਈਸੀਸੀ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਵੀ ਭਾਰਤ ਨੂੰ ਕੰਗਾਰੂਆਂ ਹੱਥੋਂ ਸ਼ਿਕਸਤ ਝੱਲਣੀ ਪਈ ਸੀ। 2015 ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਆਸਟਰੇਲੀਆ ਨੇ ਹੀ ਭਾਰਤ ਨੂੰ ਟੂਰਨਾਮੈਂਟ ਤੋਂ ਬਾਹਰ ਦਾ ਰਾਹ ਦਿਖਾਇਆ ਸੀ। ਆਸਟਰੇਲੀਅਨ ਟੀਮ ਨੇ ਮੈਚ ਜਿੱਤ ਕੇ 140 ਕਰੋੜ ਭਾਰਤੀਆਂ ਦਾ ਦਿਲ ਤੇ ਮੇਜ਼ਬਾਨ ਟੀਮ ਦਾ ਵਿਸ਼ਵ ਚੈਂਪੀਅਨ ਬਣਨ ਦਾ ਸੁਫ਼ਨਾ ਤੋੜ ਦਿੱਤਾ। ਉਪਰੋਥਲੀ 10 ਮੈਚ ਜਿੱਤ ਕੇ ਫਾਈਨਲ ਵਿੱਚ ਪਹੁੰਚੀ ਭਾਰਤੀ ਟੀਮ ਨੂੰ ਨਰਿੰਦਰ ਮੋਦੀ ਸਟੇਡੀਅਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਤੀਜਾ ਵਿਸ਼ਵ ਕੱਪ ਜਿੱਤਣ ਦੀ ਉਮੀਦ ਸੀ। ਟੂਰਨਾਮੈਂਟ ਦੇ ਸਭ ਤੋਂ ਸਫ਼ਲ ਬੱਲੇਬਾਜ਼ ਵਿਰਾਟ ਕੋਹਲੀ ਤੇ ਰਵੀਚੰਦਰਨ ਅਸ਼ਿਵਨ ਨੇ ਇਕ ਰੋਜ਼ਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਦੂਜੀ ਵਾਰ ਹਿੱਸਾ ਬਣਨ ਜਦੋਂਕਿ ਕਪਤਾਨ ਰੋਹਿਤ ਸ਼ਰਮਾ ਨੇ ਪਹਿਲੀ ਵਾਰ ਇਕ ਰੋਜ਼ਾ ਵਿਸ਼ਵ ਚੈਂਪੀਅਨ ਬਣਨਾ ਦਾ ਸੁਪਨਾ ਦੇਖਿਆ ਸੀ, ਪਰ ਪੈਟ ਕਮਿਨਸ ਨੇੇ ਇਨ੍ਹਾਂ ਸੁਫ਼ਨਿਆਂ ਨੂੰ ਪੂਰਾ ਨਹੀਂ ਹੋਣ ਦਿੱਤਾ। ਆਸਟਰੇਲੀਅਨ ਟੀਮ ਨੇ ਭਾਰਤ ਖਿਲਾਫ਼ ਪਹਿਲੇ ਮੈਚ ਸਣੇ ਲਗਾਤਾਰ ਦੋ ਹਾਰ ਨਾਲ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦਾ ਆਗਾਜ਼ ਕੀਤਾ ਸੀ, ਪਰ ਫਿਰ ਲਗਾਤਾਰ ਨੌਂ ਮੈਚ ਜਿੱਤ ਕੇ ਖਿਤਾਬ ਆਪਣੇ ਨਾਮ ਕੀਤਾ। ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੂੰ ਟੂਰਨਾਮੈਂਟ ਵਿੱਚ ਬਣਾਈਆਂ 765 ਦੌੜਾਂ ਲਈ ‘ਪਲੇਅਰ ਆਫ ਦੀ ਸੀਰੀਜ਼’ ਐਲਾਨਿਆ ਗਿਆ। ਕੋਹਲੀ ਨੇ 95.62 ਦੀ ਔਸਤ ਤੇ 90.31 ਦੇ ਸਟਰਾਈਕ ਰੇਟ ਨਾਲ ਤਿੰਨ ਸੈਂਕੜੇ ਤੇ ਦੋ ਨੀਮ ਸੈਂਕੜੇ ਵੀ ਜੜੇ। ਉਂਜ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਬੱਲੇਬਾਜ਼ ਨੇ 700 ਦੌੜਾਂ ਬਣਾਈਆਂ। ਕੋਹਲੀ ਨੇ ਸਚਿਨ ਤੇਂਦੁਲਕਰ ਵੱਲੋਂ 2003 ਵਿਸ਼ਵ ਕੱਪ ਵਿੱਚ ਬਣਾਏ 673 ਦੌੜਾਂ ਦੇ ਰਿਕਾਰਡ ਨੂੰ ਤੋੜਿਆ।