ਪੰਜਾਬ ਡਿਜ਼ੀਟਲ ਮੀਡੀਆ ਐਸੋਸੀਏਸ਼ਨ ਨੇ ਲੱਖਾ ਸਿਧਾਣਾ ਅਤੇ ਰਤਨਦੀਪ ਸਿੰਘ ਧਾਲੀਵਾਲ ਦਾ ਵਿਵਾਦ ਸੁਲਝਾਇਆ

ਪੰਜਾਬ ਡਿਜ਼ੀਟਲ ਮੀਡੀਆ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰਤਨਦੀਪ ਸਿੰਘ ਧਾਲੀਵਾਲ ਅਤੇ ਉਹਨਾਂ ਦੇ ਸਾਥੀ ਕੈਮਰਾਮੈਨ ਸੁਖਵੰਤ ਸਿੰਘ ਨਾਲ਼ ਲੱਖਾ ਸਿਧਾਣਾ ਵੱਲੋਂ ਬੀਤੇ ਦਿਨੀਂ ਕੀਤੇ ਗਏ ਦੁਰਵਿਹਾਰ ਮਾਮਲੇ ਨੂੰ ਦੋਨਾਂ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਹੱਲ ਕਰ ਲਿਆ ਗਿਆ। ਜਥੇਬੰਦੀ ਵੱਲੋਂ ਤਹਿ ਕੀਤੇ ਵਫਦ ਨੇ ਇਸ ਮਾਮਲੇ ਵਿੱਚ ਲੱਖਾ ਸਿਧਾਣਾ ਦਾ ਪੱਖ ਵੀ ਸੁਣਿਆ ਗਿਆ। ਜਿਸ ਵਿੱਚ ਲੱਖਾ ਸਿਧਾਣਾ ਵੱਲੋਂ ਇਹ ਗੱਲ ਸਾਫ ਕੀਤੀ ਗਈ ਕਿ ਉਹਨਾਂ ਦੇ ਖਿਲਾਫ ਤੇ ਪੱਤਰਕਾਰ ਰਤਨਦੀਪ ਸਿੰਘ ਧਾਲੀਵਾਲ ਖਿਲਾਫ ਕੁੱਝ ਸ਼ਰਾਰਤੀ ਲੋਕਾਂ ਵੱਲੋਂ ਸੋਸ਼ਲ ਮੀਡੀਆ ਉੱਪਰ ਜਾਣ ਬੁੱਝ ਕੇ ਇਸ ਮਾਮਲੇ ਨੂੰ ਲਾਂਬੂ ਲਾਇਆ ਜਾ ਰਿਹਾ ਹੈ ਅਤੇ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਲੱਖਾ ਸਿਧਾਣਾ ਵੱਲੋਂ ਵੱਡਾ ਦਿਲ ਕਰਦਿਆਂ ਪੱਤਰਕਾਰ ਰਤਨਦੀਪ ਸਿੰਘ ਧਾਲੀਵਾਲ ਦੇ ਕੈਮਰਾਮੈਨ ਸੁਖਵੰਤ ਸਿੰਘ ਨਾਲ ਗੁੱਸੇ ਗਿਲੇ ਦੂਰ ਕੀਤੇ ਗਏ। ਇਸ ਮੌਕੇ ਲੱਖਾ ਸਿਧਾਣਾ ਨੇ ਕਿਹਾ ਕਿ ਉਹ ਪੰਜਾਬ ਪੱਖੀ ਮੀਡੀਆ ਦਾ ਦਿਲੋਂ ਸਤਿਕਾਰ ਕਰਦਾ ਹੈ ਅਤੇ ਕਰਦਾ ਰਹੇਗਾ। ਇਸ ਮੌਕੇ ਪ੍ਰੈਸ ਸਕੱਤਰ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਪਰ ਜਾਣ ਬੁੱਝ ਕੇ ਫਰਜ਼ੀ ਖ਼ਬਰਾਂ ਬਣਾ ਕੇ ਸ਼ੇਅਰ ਕੀਤੀਆ ਜਾ ਰਹੀਆਂ ਹਨ ਜਦਕਿ ਅਜਿਹੀ ਕੋਈ ਵੀ ਗੱਲਬਾਤ ਨਹੀਂ ਹੋਈ। ਉਹਨਾਂ ਨੇ ਪੰਜਾਬ ਦੇ ਅਮਨ-ਕਾਨੂੰਨ ਪਸੰਦ ਲੋਕਾਂ ਨੂੰ ਇਹ ਅਪੀਲ ਕੀਤੀ ਇਹ ਉਹ ਫਰਜ਼ੀ ਖ਼ਬਰਾਂ ਨੂੰ ਨਾ ਸ਼ੇਅਰ ਕਰਨ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਰਤਨਦੀਪ ਸਿੰਘ ਧਾਲੀਵਾਲ ਵੱਲੋਂ ਲੱਖਾ ਸਿਧਾਣਾ ਦੇ ਘਰ ਇੰਟਰਵਿਊ ਕੀਤਾ ਗਿਆ ਸੀ ਜਿਸ ਤੋਂ ਬਾਅਦ ਲੱਖਾ ਸਿਧਾਣਾ ਵੱਲੋਂ ਇੰਟਰਵਿਊ ਡਲੀਟ ਕਰਵਾਇਆ ਗਿਆ ਸੀ। ਪਰ ਸੋਸ਼ਲ ਮੀਡੀਆ ਉੱਪਰ ਕੁੱਝ ਸ਼ਰਾਰਤੀ ਲੋਕਾਂ ਨੇ ਇਸ ਮਾਮਲੇ ਨੂੰ ਪੱਤਰਕਾਰ ਦੀ ਕੁੱਟਮਾਰ ਦਾ ਮਾਮਲਾ ਬਣਾ ਕੇ ਫਰਜ਼ੀ ਖ਼ਬਰਾਂ ਵਾਇਰਲ ਕੀਤੀਆਂ ਸਨ ਜੋ ਕਿ ਬੇਬੁਨਿਆਦ ਸਨ। ਇਸ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਜਸਵੀਰ ਸਿੰਘ ਮੁਕਤਸਰ ਨੇ ਕਿਹਾ ਕਿ ਪੰਜਾਬ ਡਿਜ਼ੀਟਲ ਮੀਡੀਆ ਐਸੋਸੀਏਸ਼ਨ ਹਮੇਸ਼ਾ ਨਿਰਪੱਖ ਅਤੇ ਪੰਜਾਬ ਪੱਖੀ ਪੱਤਰਕਾਰਿਤਾ ਨੂੰ ਪਹਿਲ ਦਿੰਦੀ ਰਹੇਗੀ। Punjabi Akhar





















