
ਗੁਰਦਾਸਪੁਰ, 20 ਅਗਸਤ
ਬਿਆਸ ਦਰਿਆ ਨੇੜਲੇ ਬੇਟ ਇਲਾਕੇ ਵਿੱਚ ਹੜ੍ਹ ਦਾ ਪਾਣੀ ਉਤਰ ਜਾਣ ਤੋਂ ਬਾਅਦ ਜਨ-ਜੀਵਨ ਆਮ ਵਾਂਗ ਹੋਣਾ ਸ਼ੁਰੂ ਹੋ ਗਿਆ ਹੈ। ਜਗਤਪੁਰ ਟਾਂਡਾ ਨੇੜੇ ਧੁੱਸੀ ਬੰਨ੍ਹ ਵਿੱਚ ਪਾੜ ਭਰ ਲਏ ਜਾਣ ਤੋਂ ਬਾਅਦ ਪਿੰਡਾਂ ਵਿੱਚ ਆਵਾਜਾਈ ਬਹਾਲ ਹੋ ਰਹੀ ਹੈ ਅਤੇ ਅੱਜ ਬਾਅਦ ਦੁਪਹਿਰ ਧੁੱਸੀ ’ਤੇ ਪਏ ਪਾੜ ਨੂੰ ਭਰਨ ਦਾ ਕੰਮ ਅੱਜ ਪੂਰਾ ਕਰ ਲਿਆ ਗਿਆ। ਤਿੰਨ ਦਿਨ ਵਿੱਚ ਇਸ ਪਾੜ ਨੂੰ ਭਰੇ ਜਾਣ ਮੌਕੇ ਇਲਾਕਾ ਵਾਸੀਆਂ ਨੇ ਜੈਕਾਰੇ ਛੱਡ ਕੇ ਖ਼ੁਸ਼ੀ ਜਤਾਈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅੱਗਰਵਾਲ ਨੇ ਕਿਹਾ ਕਿ ਆਪਣੇ ਦ੍ਰਿੜ੍ਹ ਹੌਸਲੇ ਤੇ ਹਿੰਮਤ ਸਦਕਾ ਪੰਜਾਬੀਆਂ ਨੇ ਦਰਿਆਵਾਂ ਨੂੰ ਬੰਨ੍ਹ ਮਾਰਨ ਦੀ ਅਦੁੱਤੀ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੂੰ ਸੁਵਿਧਾਵਾਂ ਦੇਣ ਲਈ ਪਿੰਡ ਪੱਧਰ ’ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜੋ ਪ੍ਰਭਾਵਿਤ ਪਿੰਡਾਂ ਵਿੱਚ ਜਾ ਕੇ ਵਿਸ਼ੇਸ਼ ਕੈਂਪ ਲਗਾਉਣਗੀਆਂ ਅਤੇ ਹੜ੍ਹ ਪੀੜਤਾਂ ਦੀ ਮਦਦ ਕਰਨਗੀਆਂ।
ਡੀਸੀ ਨੇ ਜਾਰੀ ਹੁਕਮਾਂ ਵਿੱਚ ਹਦਾਇਤ ਕੀਤੀ ਹੈ ਪੰਜਾਬ ਪੁਲੀਸ ਪਿੰਡਾਂ ਵਿੱਚ ਲੱਗਣ ਵਾਲੇ ਕੈਂਪਾਂ, ਟਰੈਫ਼ਿਕ ਵਿਵਸਥਾ ਅਤੇ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਠੀਕ ਰੱਖਣਾ ਯਕੀਨੀ ਬਣਾਏਗੀ। ਮਾਲ ਵਿਭਾਗ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੜ੍ਹ ਕਾਰਨ ਹੋਏ ਹਰ ਤਰ੍ਹਾਂ ਦੇ ਨੁਕਸਾਨ ਜਿਵੇਂ ਕਿ ਘਰਾਂ ਦਾ, ਪਸ਼ੂਆਂ ਦਾ ਅਤੇ ਪਾਣੀ ਘਟਣ ’ਤੇ ਫ਼ਸਲਾਂ ਦੇ ਨੁਕਸਾਨ ਦਾ ਅਨੁਮਾਨ ਲਗਾ ਕੇ ਰਿਪੋਰਟ ਤਿਆਰ ਕੀਤੀ ਜਾਵੇਗੀ। ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਕੈਂਪ ਲਗਾਏ ਜਾਣਗੇ ਅਤੇ ਪਿੰਡਾਂ ਵਿੱਚ ਫੌਗਿੰਗ ਕੀਤੀ ਜਾਵੇਗੀ। ਪਸ਼ੂ ਪਾਲਣ ਵਿਭਾਗ ਵੱਲੋਂ ਪ੍ਰਭਾਵਿਤ ਪਿੰਡਾਂ ਵਿੱਚ ਪਸ਼ੂਆਂ ਦੀ ਦੇਖਭਾਲ ਕਰਨਾ ਯਕੀਨੀ ਬਣਾਉਣ ਦੇ ਨਾਲ ਪਸ਼ੂਆਂ ਦੇ ਇਲਾਜ/ਚਾਰਾ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ ।
ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਪ੍ਰਭਾਵਿਤ ਪਿੰਡਾਂ ਵਿੱਚ ਕਿਸਾਨਾਂ ਨਾਲ ਤਾਲਮੇਲ ਕਰਕੇ ਖੇਤੀਬਾੜੀ ਸਬੰਧੀ ਆ ਰਹੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨਗੇ ਅਤੇ ਮਾਲ ਮਹਿਕਮੇ ਵੱਲੋਂ ਫ਼ਸਲਾਂ ਦੇ ਨੁਕਸਾਨ ਦੀ ਰਿਪੋਰਟ ਤਿਆਰ ਕਰਨ ਵਿੱਚ ਸਹਿਯੋਗ ਕਰਨਗੇ।
ਡੀਸੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ

ਤਲਵਾੜਾ (ਦੀਪਕ ਠਾਕੁਰ): ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਬਾਅਦ ਦੁਪਹਿਰ ਹੜ੍ਹ ਪ੍ਰਭਾਵਿਤ ਪਿੰਡ ਬੇਲਾ ਸਰਿਆਣਾ, ਚੱਕ ਮੀਰਪੁਰ ਅਤੇ ਪੱਤੀ ਨਵੇਂ ਘਰ ’ਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਬੇਲਾ ਸਰਿਆਣਾ ਦੇ ਸਰਪੰਚ ਪ੍ਰੀਤਮ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਦੀ ਅਗਵਾਈ ’ਚ ਅੱਜ ਬਾਅਦ ਦੁਪਹਿਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਲਾਕ ਹਾਜੀਪੁਰ ਅਧੀਨ ਆਉਂਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਪ੍ਰਭਾਵਿਤ ਪਿੰਡਾਂ ਤੋਂ ਸੁਰਿੰਦਰ ਸਿੰਘ, ਗੁਰਨਾਮ ਸਿੰਘ, ਗੁਰਦੇਵ ਸਿੰਘ, ਬਲਦੇਵ ਸਿੰਘ, ਸਰਪੰਚ ਵਿਜੈ ਕੁਮਾਰ ਚੱਕਮੀਰਪੁਰ, ਵਰਿੰਦਰ ਸਿੰਘ ਆਦਿ ਨੇ ਡੀਸੀ ਮੈਡਮ ਮਿਤੱਲ ਕੋਲ਼ ਬਿਆਸ ਦਰਿਆ ’ਚ ਚੱਲਦੇ ਕਥਿਤ ਖਣਨ ਦਾ ਮਾਮਲਾ ਉਠਾਉਂਦਿਆਂ ਕਿਹਾ ਕਿ ਕਰੱਸ਼ਰਾਂ ਮਾਲਕਾਂ ਵੱਲੋਂ ਕੀਤੀ ਕਥਿਤ ਖੁਦਾਈ ਕਾਰਨ ਦਰਿਆ ਦਾ ਰੁੱਖ਼ ਰਿਹਾਇਸ਼ੀ ਅਬਾਦੀਆਂ ਅਤੇ ਵੱਗਦੀਆਂ ਜ਼ਮੀਨਾਂ ਵੱਲ ਮੁੜ ਗਿਆ। ਲੋਕਾਂ ਦੇ ਮਾਲ ਡੰਗਰ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਹੀ ਏਕੜਾਂ ’ਚ ਲੱਗੀ ਝੋਨੇ, ਕਮਾਦ ਆਦਿ ਦੀ ਫਸਲ ਤਬਾਹ ਹੋ ਗਈ ਹੈ। ਪਿੰਡਾਂ ਦੇ ਸੰਪਰਕ ਮਾਰਗ ਦਰਿਆ ਦੇ ਪਾਣੀ ’ਚ ਹੜ੍ਹ ਗਏ ਹਨ ਅਤੇ ਖੇਤਾਂ ’ਚ ਅਜੇ ਵੀ ਕਰੀਬ 6 ਤੋਂ 7 ਫੁੱਟ ਪਾਣੀ ਖੜ੍ਹਾ ਹੈ। ਸਰਪੰਚ ਪ੍ਰੀਤਮ ਸਿੰਘ ਨੇ ਦੱਸਿਆ ਕਿ ਭਾਵੇਂ ਪੌਂਗ ਡੈਮ ’ਚੋਂ ਪਾਣੀ ਦੀ ਨਿਕਾਸੀ ’ਚ ਕਟੌਤੀ ਕੀਤੀ ਗਈ ਹੈ ਅਤੇ ਦਰਿਆ ’ਚ ਪਾਣੀ ਦਾ ਵਹਾਅ ਵੀ ਘਟਿਆ ਹੈ, ਪਰ ਖੇਤਾਂ ਅਤੇ ਰਿਹਾਇਸ਼ੀ ਅਬਾਦੀ ’ਚ ਖੜ੍ਹੇ ਪਾਣੀ ਕਾਰਨ ਮਹਾਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ, ਜ਼ਿਮੀਂਦਾਰਾਂ ਸਾਹਮਣੇ ਡੰਗਰਾਂ ਲਈ ਹਰੇ ਪੱਠੇ ਦਾ ਸੰਕਟ ਖੜ੍ਹਾ ਹੋ ਗਿਆ ਹੈ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਪ੍ਰਭਾਵਿਤ ਪਿੰਡ ਵਾਸੀਆਂ ਨੂੰ ਦਰਿਆ ਕੰਢੇ ਬੰਨ੍ਹ ਬਣਵਾਉਣ ਅਤੇ ਨਾਜਾਇਜ਼ ਚੱਲਦੇ ਸਟੋਨ ਕਰੱਸ਼ਰਾਂ ਨੂੰ ਬੰਦ ਕਰਵਾਉਣ ਦਾ ਭਰੋਸਾ ਦਿੱਤਾ ਹੈ, ਉੱਥੇ ਹੀ ਹੜ੍ਹ ਪੀੜ੍ਹਤਾਂ ਦੀ ਹਰ ਸੰਭਵ ਮਦਦ ਕਰਨ ਦੀ ਗੱਲ ਆਖੀ ਹੈ। ਇਸ ਮੌਕੇ ਬੀਡੀਪੀਓ ਤਲਲਵਾੜਾ ਅਤੇ ਹਾਜੀਪੁਰ, ਤਹਿਸੀਲਦਾਰ ਮੁਕੇਰੀਆਂ ਆਦਿ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦਾ ਅਮਲਾ ਅਤੇ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ। Punjabi Akhar





















