Code Of Ethics

Download app

Subscribe To Print Edition

ਸਾਰੇ ਕੂਟਨੀਤਕ ਪ੍ਰਤੀਨਿਧੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੰਮ ਕੀਤਾ ਜਾ ਰਿਹੈ: ਕੈਨੇਡਾ ਸਰਕਾਰ

ਟੋਰਾਂਟੋ, 7 ਅਗਸਤ

ਕੈਨੇਡਾ ਦੇ ਜਨਤਕ ਸੁਰੱਖਿਆ ਵਿਭਾਗ ਨੇ ਕਿਹਾ ਹੈ ਕਿ ਉਹ ਭਾਰਤੀ ਡਿਪਲੋਮੈਟਾਂ ਖ਼ਿਲਾਫ਼ ਧਮਕੀਆਂ ਭਰੇ ਆਨਲਾਈਨ ਵੀਡੀਓ ਨਸ਼ਰ ਹੋਣ ਤੋਂ ਬਾਅਦ ਦੇਸ਼ ਵਿੱਚ ਸਾਰੇ ਕੂਟਨੀਤਕ ਪ੍ਰਤੀਨਿਧਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਵਿਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਪਬਲਿਕ ਸੇਫਟੀ ਕੈਨੇਡਾ ਦਾ ਇਹ ਬਿਆਨ ਖਾਲਿਸਤਾਨੀ ਪੋਸਟਰਾਂ ਦੇ ਆਨਲਾਈਨ ਨਸ਼ਰ ਹੋਣ ਤੋਂ ਲਗਪਗ ਇੱਕ ਮਹੀਨੇ ਬਾਅਦ ਆਇਆ ਹੈ। ਦੱਸਣਾ ਬਣਦਾ ਹੈ ਕਿ ਇਨ੍ਹਾਂ ਖਾਲਿਸਤਾਨੀ ਪੋਸਟਰਾਂ ਵਿੱਚ ਭਾਰਤੀ ਅਧਿਕਾਰੀਆਂ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ ਨੇ ਆਪਣੇ ਭਾਈਵਾਲ ਦੇਸ਼ਾਂ ਕੈਨੇਡਾ, ਯੂਕੇ ਅਤੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਕੱਟੜਪੰਥੀ ਖਾਲਿਸਤਾਨੀ ਵਿਚਾਰਧਾਰਾ ਨੂੰ ਥਾਂ ਨਾ ਦੇਣ ਕਿਉਂਕਿ ਇਹ ਦੇਸ਼ਾਂ ਦੇ ਆਪਸੀ ਸਬੰਧਾਂ ਲਈ ਠੀਕ ਨਹੀਂ ਹੈ। ਪਬਲਿਕ ਸੇਫਟੀ ਕੈਨੇਡਾ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘ਹਿੰਸਾ ਨੂੰ ਭੜਕਾਉਣ ਲਈ ਕੈਨੇਡਾ ਵਿੱਚ ਕੋਈ ਥਾਂ ਨਹੀਂ ਹੈ। ਭਾਰਤੀ ਡਿਪਲੋਮੈਟਿਕ ਅਧਿਕਾਰੀਆਂ ਖਿਲਾਫ ਧਮਕੀਆਂ ਦੇ ਸਬੰਧ ਵਿੱਚ ਇੱਕ ਆਨਲਾਈਨ ਵੀਡੀਓ ਨਸ਼ਰ ਹੋਣ ਤੋਂ ਬਾਅਦ ਸਫਾਰਤਖਾਨੇ ਦੇ ਪ੍ਰਤੀਨਿਧਾਂ ਦੀ ਸੁਰੱਖਿਆ ਲਈ ਕੰਮ ਕੀਤਾ ਜਾ ਰਿਹਾ ਹੈ।’ ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਨੇ ਪਿਛਲੇ ਮਹੀਨੇ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਸੀ ਅਤੇ ਖਾਲਿਸਤਾਨ ਰੈਲੀ ਤੋਂ ਪਹਿਲਾਂ ਕੱਟੜਪੱਥੀਆਂ ਦੀ ਪ੍ਰਚਾਰ ਸਮੱਗਰੀ ਨੂੰ ਅਸਵੀਕਾਰ ਕੀਤਾ ਸੀ। ਇਸ ਤੋਂ ਪਹਿਲਾਂ ਜੂਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਜਸ਼ਨ ਮਨਾਉਣ ਵਾਲੇ ਬਰੈਂਪਟਨ ਵਿੱਚ ਇੱਕ ਝਾਕੀ ਕੱਢੀ ਗਈ ਸੀ ਜਿਸ ਦੀ ਭਾਰਤ ਨੇ ਸਖਤ ਨਿੰਦਾ ਕੀਤੀ ਸੀ। ਜੈਸ਼ੰਕਰ ਨੇ ਇਸ ਮੁੱਦੇ ’ਤੇ ਕਿਹਾ ਸੀ ਕਿ ਖਾਲਿਸਤਾਨੀ ਮੁੱਦੇ ’ਤੇ ਕੈਨੇਡਾ ਦਾ ਜਵਾਬ ਉਸ ਦੀਆਂ ਵੋਟ ਬੈਂਕ ਦੀਆਂ ਮਜਬੂਰੀਆਂ ਕਾਰਨ ਸੀਮਤ ਜਾਪਦਾ ਹੈ ਅਤੇ ਜੇਕਰ ਇਹ ਗਤੀਵਿਧੀਆਂ ਉਨ੍ਹਾਂ ਦੀ ਕੌਮੀ ਸੁਰੱਖਿਆ ਅਤੇ ਅਖੰਡਤਾ ’ਤੇ ਅਸਰ ਪਾਉਂਦੀਆਂ ਹਨ ਤਾਂ ਭਾਰਤ ਨੂੰ ਇਸ ਦਾ ਜਵਾਬ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਖਾਲਿਸਤਾਨੀ ਮੁੱਦੇ ਨੇ ਪਿਛਲੇ ਕੁਝ ਸਾਲਾਂ ਵਿੱਚ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਪ੍ਰਭਾਵਿਤ ਕੀਤਾ ਹੈ। ਜੈਸ਼ੰਕਰ ਨੇ ਕੈਨੇਡਾ ਨੂੰ ਖਾਲਿਸਤਾਨੀ ਸਮਰਥਕ ਵੱਖਵਾਦੀਆਂ ਅਤੇ ਕੱਟੜਪੰਥੀਆਂ ਨੂੰ ਥਾਂ ਦੇਣ ਦਾ ਵਿਰੋਧ ਕੀਤਾ ਸੀ। Punjabi Akhar 

Advertisment