ਕਈ ਮਜ਼ਦੂਰਾਂ ਦੀਆਂ ਪੱਗਾਂ ਲੱਥੀਆਂ; ਪੰਡਾਲ ਵਿੱਚ ਨਾਅਰੇਬਾਜ਼ੀ ਕਰਦੀਆਂ ਤਿੰਨ ਕਾਰਕੁਨਾਂ ਫੜੀਆਂ; ਮਜ਼ਦੂਰਾਂ ਨੇ ਅਗਰਸੈਨ ਚੌਕ ’ਚ ਲਾਇਆ ਧਰਨਾ

ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ
ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਏ ਰਾਜ ਪੱਧਰੀ ਸ਼ਰਧਾਂਜਲੀ ਸਮਾਗਮਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਜਾ ਰਹੇ ਪਿੰਡ ਨਮੋਲ ਦੇ ਮਜ਼ਦੂਰਾਂ ਨੂੰ ਪੁਲੀਸ ਨੇ ਸਥਾਨਕ ਅਗਰਸੈਨ ਚੌਕ ਵਿੱਚ ਰੋਕ ਲਿਆ। ਇਸ ਮੌਕੇ ਪੁਲੀਸ ਅਤੇ ਮਜ਼ਦੂਰਾਂ ਵਿੱਚ ਧੱਕਾ-ਮੁੱਕੀ ਵੀ ਹੋਈ, ਜਿਸ ਦੌਰਾਨ ਕਈ ਮਜ਼ਦੂਰਾਂ ਦੀਆਂ ਪੱਗਾਂ ਲਹਿ ਗਈਆਂ। ਪੁਲੀਸ ਵੱਲੋਂ ਰੋਕੇ ਜਾਣ ਮਗਰੋਂ ਮਜ਼ਦੂਰਾਂ ਨੇ ਅਗਰਸੈਨ ਚੌਕ ਵਿੱਚ ਹੀ ਧਰਨਾ ਲਾ ਦਿੱਤਾ ਅਤੇ ਪੰਜਾਬ ਸਰਕਾਰ ਤੇ ਸੁਨਾਮ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
ਧਰਨਾਕਾਰੀਆਂ ਦਾ ਕਹਿਣਾ ਸੀ ਕਿ ਪਿੰਡ ਨਮੋਲ ਸਥਿਤ ਦਲਿਤਾਂ ਦੀ ਰੂੜੀਆਂ ਵਾਲੀ ਥਾਂ ’ਤੇ ਕੁਝ ਰਸੂਖਵਾਨਾਂ ਨੇ ਕਥਿਤ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਰਸੂਖਵਾਨਾਂ ਦੀ ਵਿਧਾਇਕ ਵੱਲੋਂ ਕਥਿਤ ਤੌਰ ’ਤੇ ਪਿੱਠ ਥਾਪੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸ਼ਾਂਤੀਪੂਰਨ ਢੰਗ ਨਾਲ ਮੁੱਖ ਮੰਤਰੀ ਨਾਲ ਗੱਲ ਕਰਨਾ ਚਾਹੁੰਦੇ ਸਨ, ਪਰ ਪੁਲੀਸ ਨੇ ਧੱਕੇ ਨਾਲ ਉਨ੍ਹਾਂ ਨੂੰ ਸਮਾਗਮ ਵਾਲੀ ਥਾਂ ਵੱਲ ਜਾਣ ਤੋਂ ਰੋਕਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕੀਤੀ ਗਈ ਖਿੱਚ-ਧੂਹ ਵਿੱਚ ਲਖਵੀਰ ਸਿੰਘ ਗੁੱਜਰਾਂ, ਸੁਰਜੀਤ ਸਿੰਘ ਤੇ ਮੇਜਰ ਸਿੰਘ ਕਾਰਕੁਨਾਂ ਦੀਆਂ ਪੱਗਾਂ ਵੀ ਉਤਰ ਗਈਆਂ। ਇਸ ਮੌਕੇ ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਜੇਕਰ ਨਮੋਲ ਮਾਮਲੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਉੱਧਰ ਜਥੇਬੰਦੀ ਦੀਆਂ ਕਾਰਕੁਨਾਂ ਹਰਪ੍ਰੀਤ ਕੌਰ ਧੂਰੀ ਤੇ ਗੁਰਧਿਆਨ ਕੌਰ ਧਰਨੇ ਵਾਲੀ ਥਾਂ ’ਤੇ ਪੁੱਜ ਗਈਆਂ ਅਤੇ ਜਵਿੇਂ ਹੀ ਮੁੱਖ ਮੰਤਰੀ ਸਮਾਗਮ ਤੋਂ ਬਾਹਰ ਆਏ ਤਾਂ ਉਨ੍ਹਾਂ ਮੁੱਖ ਮੰਤਰੀ ਨੂੰ ਮਿਲਣਾ ਚਾਹਿਆ। ਇਸ ਮੌਕੇ ਸੁਰੱਖਿਆਂ ਕਰਮੀਆਂ ਵੱਲੋਂ ਰੋਕੇ ਜਾਣ ’ਤੇ ਉਨ੍ਹਾਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ, ਜਿਸ ਮਗਰੋਂ ਮਹਿਲਾ ਪੁਲੀਸ ਕਰਮੀ ਉਨ੍ਹਾਂ ਨੂੰ ਬਾਹਰ ਲੈ ਗਏ। Punjabi Akhar





















