Code Of Ethics

Download app

Subscribe To Print Edition

ਮਨੀਪੁਰ ’ਚ ਭਰੋਸਾ ਬਹਾਲੀ ਦੀ ਲੋੜ: ਅਰੁਣਾ ਰੌਏ ਵਿਰੋਧੀ ਧਿਰਾਂ ਦੇ ਮਨੀਪੁਰ ਦੌਰੇ ਨੂੰ ਭਾਜਪਾ ਵੱਲੋਂ ‘ਦਿਖਾਵਾ’ ਦੱਸਣ ਦੀ ਰਾਊਤ ਨੇ ਕੀਤੀ ਆਲੋਚਨਾ

ਕੋਲਕਾਤਾ/ਮੁੰਬਈ, 30 ਜੁਲਾਈ   

ਸਮਾਜਿਕ ਕਾਰਕੁਨ ਅਰੁਣਾ ਰੌਏ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਮਨੀਪੁਰ ਮਸਲੇ ਦੇ ਹੱਲ ਲਈ ਸਾਰੇ ਵਰਗਾਂ ਦੇ ਲੋਕਾਂ ਨਾਲ ਅਹਿੰਸਾ ਅਤੇ ਆਪਸੀ ਵਿਸ਼ਵਾਸ ਦਾ ਮਾਹੌਲ ਪੈਦਾ ਕਰਨ ਲਈ ਗੱਲਬਾਤ ਕਰਨੀ ਚਾਹੀਦੀ ਹੈ। ਖ਼ਬਰ ਏਜੰਸੀ ਨਾਲ ਇੰਟਰਵਿਊ ’ਚ ਮੈਗਸੇਸੇ ਪੁਰਸਕਾਰ ਜੇਤੂ ਅਰੁਣਾ ਰੌਏ ਨੇ ਕਿਹਾ ਕਿ ਹਿੰਸਾ ਕਰਨ ਵਾਲਿਆਂ ਨੂੰ ਸਖ਼ਤ ਸੁਨੇਹਾ ਦਿੰਦਿਆਂ ਸਖ਼ਤੀ ਨਾਲ ਸਿੱਝਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਨੀਪੁਰ ’ਚ ਸਿਆਸੀ ਲੀਡਰਸ਼ਿਪ ਅਤੇ ਪ੍ਰਸ਼ਾਸਨ ਆਪਣੀ ਜਵਾਬਦੇਹੀ ਤੋਂ ਨਹੀਂ ਭੱਜ ਸਕਦਾ ਹੈ। ਉਨ੍ਹਾਂ ਔਰਤਾਂ ਨਾਲ ਹੋਈ ਬਦਸਲੂਕੀ ਦੀ ਨਿੰਦਾ ਕਰਦਿਆਂ ਕਿਹਾ ਕਿ ਅਜੇ ਤੱਕ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਲਾਤ ਸੁਖਾਵੇਂ ਬਣਾਉਣ ਲਈ ਵਸੀਲਿਆਂ ਦੀ ਇਕਸਾਰ ਵੰਡ ਯਕੀਨੀ ਬਣਾਈ ਜਾਣੀ ਚਾਹੀਦੀ ਹੈ।

ਇਸੇ ਦੌਰਾਨ ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ ਨੇ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੇ ਸੰਸਦ ਮੈਂਬਰਾਂ ਦੇ ਮਨੀਪੁਰ ਦੌਰੇ ਨੂੰ ਭਾਜਪਾ ਵੱਲੋਂ ਦਿਖਾਵਾ ਦੱਸਣ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਤਾਂ ਹਿੰਸਾਗ੍ਰਸਤ ਸੂਬੇ ’ਚ ਗਏ ਹਨ ਅਤੇ ਨਾ ਹੀ ਉਨ੍ਹਾਂ ਸੰਸਦ ’ਚ ਇਸ ਬਾਰੇ ਕੋਈ ਬਿਆਨ ਦਿੱਤਾ ਹੈ।

ਰਾਊਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ, ਮਨੀਪੁਰ ਭਾਰਤ ਦਾ ਹਿੱਸਾ ਹੈ ਅਤੇ ਉਥੋਂ ਦੇ ਨਾਗਰਿਕ ਭਾਰਤੀ ਹਨ। ‘ਉਨ੍ਹਾਂ ਦੀ ਆਵਾਜ਼ ਸੁਣੋ। ਤੁਸੀਂ ਖਾਮੋਸ਼ ਬੈਠੇ ਹੋ ਜਿਸ ਕਾਰਨ ‘ਇੰਡੀਆ’ ਦਾ ਵਫ਼ਦ ਸੂਬੇ ਦੇ ਦੌਰੇ ’ਤੇ ਗਿਆ। ਲੋਕਾਂ ਦਾ ਦਰਦ ਸਮਝਣ ਅਤੇ ਉਨ੍ਹਾਂ ਨਾਲ ਹਮਦਰਦੀ ਜਤਾਉਣ ਨੂੰ ਦਿਖਾਵਾ ਕਿਵੇਂ ਕਿਹਾ ਜਾ ਸਕਦਾ ਹੈ।’ ਉਨ੍ਹਾਂ ਕਿਹਾ ਕਿ ਜੇਕਰ ਇਹ ਦਿਖਾਵਾ ਹੈ ਤਾਂ ਫਿਰ ਮੁਲਕ ਨੇ ਅਜਿਹੀ ਜ਼ਾਲਮ ਸਰਕਾਰ ਅਤੇ ਸਿਆਸਤ ਨਹੀਂ ਦੇਖੀ ਹੈ। 

‘ਇੰਡੀਆ’ ਵੱਲੋਂ ਝਾਰਖੰਡ ’ਚ ਸੂਬਾਈ ਰੋਸ ਮੁਜ਼ਾਹਰਾ ਭਲਕੇ

ਰਾਂਚੀ: ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਮਨੀਪੁਰ ’ਚ ਦੋ ਮਹਿਲਾਵਾਂ ਦੀ ਨਗਨ ਪਰੇਡ ਦੀ ਘਟਨਾ ਖ਼ਿਲਾਫ਼ 1 ਅਗਸਤ ਨੂੰ ਝਾਰਖੰਡ ’ਚ ਸੂਬਾ ਪੱਧਰੀ ਰੋਸ ਮੁਜ਼ਾਹਰਾ ਕਰਕੇ ਮਨੀਪੁਰ ’ਚ ਰਾਸ਼ਟਰਪਤੀ ਰਾਜ ਲਾਉਣ ਸਬੰਧੀ ਆਪਣੀ ਮੰਗ ਨੂੰ ਲੈ ਕੇ ਦਬਾਅ ਬਣਾਏਗਾ। ਇਹ ਫ਼ੈਸਲਾ ਇੱਥੇ ਕਾਂਗਰਸ ਭਵਨ ’ਚ ਗੱਠਜੋੜ ਦੀ ਸੂਬਾ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਕਰਨ ਮਗਰੋਂ ਕਾਂਗਰਸ ਦੀ ਝਾਰਖੰਡ ਇਕਾਈ ਦੇ ਪ੍ਰਧਾਨ ਰਾਜੇਸ਼ ਠਾਕੁਰ ਨੇ ਕਿਹਾ, ‘ਅਸੀਂ ਮਨੀਪੁਰ ’ਚ ਮਹਿਲਾਵਾਂ ਦੀ ਨਗਨ ਪਰੇਡ ਦੀ ਘਟਨਾ ਖ਼ਿਲਾਫ਼ 1 ਅਗਸਤ ਨੂੰ ਰਾਂਚੀ ਵਿਚ ਰਾਜ ਭਵਨ ਤੇ ਸੂਬੇ ਦੇ ਹੋਰ ਜ਼ਿਲ੍ਹਿਆਂ ਦੇ ਕੁਲੈਕਟਰ ਦਫ਼ਤਰਾਂ ਸਾਹਮਣੇ ਰੋਸ ਮੁਜ਼ਾਹਰੇ ਕਰਨ ਦਾ ਫ਼ੈਸਲਾ ਲਿਆ ਹੈ। ਅਸੀਂ ਝਾਰਖੰਡ ਦੇ ਰਾਜਪਾਲ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਾਂਗੇ ਤੇ ਉਨ੍ਹਾਂ ਨੂੰ ਮਨੀਪੁਰ ’ਚ ਤੁਰੰਤ ਰਾਸ਼ਟਰਪਤੀ ਰਾਜ ਲਾਉਣ ਦੀ ਅਪੀਲ ਕਰਾਂਗੇ। Punjabi Akhar 

Advertisment