
ਨਵੀਂ ਦਿੱਲੀ : ਕਾਂਗਰਸ ਨੇ ਮਨੀਪੁਰ ਵਿੱਚ ਦੋ ਆਦਿਵਾਸੀ ਮਹਿਲਾਵਾਂ ਨੂੰ ਨਗਨ ਘੁਮਾਉਣ ਦੀ ਘਟਨਾ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਮਗਰੋਂ ਅੱਜ ਕਿਹਾ ਕਿ ਸ੍ਰੀ ਮੋਦੀ ਨੇ ਉੱਤਰ-ਪੂਰਬੀ ਰਾਜ ਵਿੱਚ ਨਸਲੀ ਹਿੰਸਾ ਦੇ ਮੁੱਦੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਤੇ ਮੁੱਖ ਮੰਤਰੀ ਐੱਮ.ਬੀਰੇਨ ਸਿੰਘ ਨੂੰ ਅਹੁਦਾ ਛੱਡਣ ਲਈ ਵੀ ਨਹੀਂ ਕਿਹਾ। ਪਾਰਟੀ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਫੌਰੀ ਅਸਤੀਫ਼ਾ ਦੇਣਾ ਚਾਹੀਦਾ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੀ ਜਵਾਬਦੇਹੀ ਤੋਂ ਨਹੀਂ ਬਚ ਸਕਦੇ। ਮੁੱਖ ਵਿਰੋਧੀ ਧਿਰ ਕਾਂਗਰਸ ਨੇ ਮਨੀਪੁਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤੇ ਜਾਣ ਦੀ ਮੰਗ ਵੀ ਕੀਤੀ। ਪਾਰਟੀ ਨੇ ਕਿਹਾ ਕਿ ਸੰਸਦ ਦੇ ਮੌਨਸੂਨ ਇਜਲਾਸ ਵਿੱਚ ਵਿਰੋਧੀ ਧਿਰਾਂ ਦਾ ਗੱਠਜੋੜ ‘ਇੰਡੀਆ’ ਮਨੀਪੁਰ ਨੂੰ ਲੈ ਕੇ ਸਰਕਾਰ ਤੋਂ ਜਵਾਬ ਮੰਗੇਗਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖ਼ੁਦ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮਨੀਪੁਰ ਹਿੰਸਾ ਨੂੰ ਲੈ ਕੇ 80 ਦਿਨਾਂ ਤੱਕ ‘ਚੁੱਪ ਧਾਰੀ ਰੱਖੀ’ ਤੇ ਦੇਸ਼ ਇਸ ਰਵੱਈਏ ਲਈ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਜਮਹੂਰੀਅਤ ਤੇ ਕਾਨੂੰਨ ਦੇ ਸ਼ਾਸਨ ਨੂੰ ‘ਭੀੜਤੰਤਰ’ ਵਿਚ ਬਦਲ ਦਿੱਤਾ ਹੈ। ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਮਨੀਪੁਰ ਦਾ ਦੌਰਾ ਕਰਨਾ ਚਾਹੀਦਾ ਹੈ। ਉਧਰ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘‘1800 ਘੰਟਿਆਂ ਤੋਂ ਵੱਧ ਦੀ ਚੁੱਪੀ ਮਗਰੋਂ ਅਖੀਰ ਪ੍ਰਧਾਨ ਮੰਤਰੀ ਨੇ ਮਨੀਪੁਰ ਬਾਰੇ ਕੁੱਲ 30 ਸਕਿੰਟਾਂ ਤੱਕ ਗੱਲ ਕੀਤੀ।’’ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਹੋਰਨਾਂ ਰਾਜਾਂ, ਖਾਸ ਕਰਕੇ ਗੈਰ-ਭਾਜਪਾ ਸ਼ਾਸਿਤ ਰਾਜਾਂ (ਰਾਜਸਥਾਨ ਤੇ ਛੱਤੀਸਗੜ੍ਹ) ਵਿੱਚ ਮਹਿਲਾਵਾਂ ਖਿਲਾਫ਼ ਅਪਰਾਧਾਂ ਦੀ ਤੁਲਨਾ ਕਰਕੇ ਮਨੀਪੁਰ ਵਿੱਚ ਸ਼ਾਸਨ ਦੀ ਵੱਡੀ ਅਸਫ਼ਲਤਾ ਤੇ ਮਨੁੱਖੀ ਤ੍ਰਾਸਦੀ ਤੋਂ ਧਿਆਨ ਹਟਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਇੰਡੀਆ’ ਜਵਾਬ ਮੰਗਣਾ ਜਾਰੀ ਰੱਖੇਗਾ। ਉਧਰ ਕਾਂਗਰਸ ਸੰਸਦੀ ਦਲ ਦੀ ਆਗੂ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਸਦਨ ਵਿੱਚ ਮਨੀਪੁਰ ਦੇ ਹਾਲਾਤ ਬਾਰੇ ਚਰਚਾ ਕਰਨ। ਸੀਨੀਅਰ ਪਾਰਟੀ ਆਗੂ ਪੀ.ਚਿਦੰਬਰਮ ਨੇ ਟਵੀਟ ਕੀਤਾ, ‘‘ਮਾਣਯੋਗ ਪ੍ਰਧਾਨ ਮੰਤਰੀ ਨੇ ਮਨੀਪੁਰ ਬਾਰੇ ਆਪਣੀ ਚੁੱਪੀ ਤੋੜੀ। ਜਦੋਂ ਉਹ ਅਮਰੀਕਾ, ਫਰਾਂਸ, ਯੂਏਈ ਤੇ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਪ੍ਰਾਜੈਕਟਾਂ ਦੇ ਉਦਘਾਟਨ ਜਾਂ ਫਿਰ ਕਿਸੇ ਹੋਰ ਕੰਮ ਗਏ, ਉਨ੍ਹਾਂ ਕਦੇ ਵੀ ਮਨੀਪੁਰ ਦੇ ਲੋਕਾਂ ਬਾਰੇ ਸੋਚਣ ਲਈ ਸਮਾਂ ਨਹੀਂ ਕੱਢਿਆ। ਮੈਂ ਹੈਰਾਨ ਹਾਂ ਕਿ ਉਹ ਮਨੀਪੁਰ ਨੂੰ ਯਾਦ ਕਰਨ ਲਈ ਕਿਉਂ ਮਜਬੂਰ ਹੋਏ? ਕੀ ਇਸ ਪਿੱਛੇ ਮਨੀਪੁਰ ਦੀਆਂ ਮਹਿਲਾਵਾਂ ਖਿਲਾਫ਼ ਅਪਰਾਧ ਦੀ ਖੌਫ਼ਨਾਕ ਵੀਡੀਓ ਸੀ? ਕੀ ਸੁਪਰੀਮ ਕੋਰਟ ਵੱਲੋਂ ਮਨੀਪੁਰ ਵਿੱਚ ਵੱਡੇ ਪੱਧਰ ’ਤੇ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਖ਼ੁਦ ਨੋਟਿਸ ਲੈਣਾ ਸੀ?’’ ਪਾਰਟੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੌਨਸੂਨ ਇਜਲਾਸ ਦੀ ਸ਼ੁਰੂਆਤ ਤੋਂ ਪਹਿਲਾਂ 8 ਮਿੰਟ ਤੇ 25 ਸਕਿੰਟ ਲਈ ਬੋਲੇ…ਅਤੇ ਉਨ੍ਹਾਂ ਮਨੀਪੁਰ ਨੂੰ ਸਿਰਫ਼ 36 ਸਕਿੰਟ ਦਿੱਤੇ।’’ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕੀਤਾ, ‘ਬਹੁਤ ਦੁੱਖ ਦੀ ਗੱਲ ਹੈ ਕਿ ਮਨੀਪੁਰ ’ਚ ਹਿੰਸਾ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਇਸ ਤੋਂ ਪੂਰਾ ਦੇਸ਼ ਫਿਕਰਮੰਦ ਹੈ। ਭਾਜਪਾ ਦੀ ਲਾਪ੍ਰਵਾਹੀ ਕਾਰਨ ਮਨੀਪੁਰ ’ਚ ਹੁਣ ਤੱਕ 142 ਲੋਕਾਂ ਦੀ ਮੌਤ ਹੋ ਚੁੱਕੀ ਹੈ।’ Punjabi Akhar





















