Code Of Ethics

Download app

Subscribe To Print Edition

ਮੀਂਹ ਕਾਰਨ ਹਿਮਾਚਲ ’ਚ ਅੱਠ ਹਜ਼ਾਰ ਕਰੋੜ ਦਾ ਨੁਕਸਾਨ: ਸੁੱਖੂ

ਕੇਂਦਰ ਸਰਕਾਰ ਤੋਂ ਦੋ ਹਜ਼ਾਰ ਕਰੋੜ ਰੁਪਏ ਦੀ ਅੰਤਰਿਮ ਰਾਹਤ ਰਾਸ਼ੀ ਮੰਗੀ; ਸੂਬੇ ’ਚ ਫਸੇ 70 ਹਜ਼ਾਰ ਸੈਲਾਨੀ ਸੁਰੱਖਿਅਤ ਥਾਵਾਂ ’ਤੇ ਪਹੁੰਚਾਏ

ਸ਼ਿਮਲਾ, 16 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਕਿਹਾ ਕਿ ਭਾਰੀ ਮੀਂਹ ਕਾਰਨ ਸੂਬੇ ਨੂੰ ਤਕਰੀਬਨ ਅੱਠ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਢਿੱਗਾਂ ਖਿਸਕਣ ਤੇ ਹੜ੍ਹਾਂ ਕਾਰਨ ਸੂਬੇ ਦੀਆਂ ਸੜਕਾਂ ਤੇ ਬੁਨਿਆਦੀ ਢਾਂਚੇ ਦਾ ਵੱਡਾ ਨੁਕਸਾਨ ਹੋਇਆ ਹੈ। ਸੂਬੇ ਦੇ ਐਮਰਜੈਂਸੀ ਪ੍ਰਤੀਕਿਰਿਆ ਕੇਂਦਰ ਅਨੁਸਾਰ ਲੰਘੀ ਰਾਤ ਤੱਕ ਇਹ ਨੁਕਸਾਨ ਲਗਪਗ ਚਾਰ ਹਜ਼ਾਰ ਕਰੋੜ ਰੁਪਏ ਦਾ ਸੀ ਤੇ ਸੁੱਖੂ ਨੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਦੋ ਹਜ਼ਾਰ ਕਰੋੜ ਰੁਪਏ ਦੀ ਅੰਤਰਿਮ ਰਾਹਤ ਰਾਸ਼ੀ ਮੰਗੀ ਹੈ।
ਸੁੱਖੂ ਨੇ ਇੱਥੇ ਜਾਰੀ ਇੱਕ ਬਿਆਨ ’ਚ ਕਿਹਾ ਕਿ ਸੂਬੇ ’ਚ ਫਸੇ ਤਕਰੀਬਨ 70 ਹਜ਼ਾਰ ਸੈਲਾਨੀ ਸੁਰੱਖਿਅਤ ਥਾਵਾਂ ’ਤੇ ਪਹੁੰਚਾਏ ਗਏ ਹਨ ਜਦਕਿ 15 ਹਜ਼ਾਰ ਵਾਹਨ ਬਾਹਰ ਭੇਜੇ ਗਏ ਹਨ। ਕੁੱਲੂ ਜ਼ਿਲ੍ਹੇ ਦੇ ਕਸੋਲ, ਮਨੀਕਰਨ ਤੇ ਨੇੜਲੇ ਹੋਰ ਇਲਾਕਿਆਂ ’ਚ ਫਸੇ ਕੁਝ ਸੈਲਾਨੀਆਂ ਨੇ ਆਪਣੇ ਵਾਹਨਾਂ ਬਿਨਾਂ ਇੱਥੋਂ ਜਾਣ ਤੋਂ ਇਨਕਾਰ ਕਰਦਿਆਂ ਹਾਲਾਤ ਸੁਧਰਨ ਤੇ ਸਾਰੀਆਂ ਸੜਕਾਂ ਖੁੱਲ੍ਹਣ ਤੱਕ ਇੱਥੇ ਹੀ ਰੁਕਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਫ਼ਤ ਪ੍ਰਭਾਵਿਤ 80 ਫੀਸਦ ਇਲਾਕੇ ’ਚ ਬਿਜਲੀ, ਪਾਣੀ ਤੇ ਦੂਰਸੰਚਾਰ ਸੇਵਾਵਾਂ ਆਰਜ਼ੀ ਤੌਰ ’ਤੇ ਬਹਾਲ ਕਰ ਦਿੱਤੀਆਂ ਗਈਆਂ ਹਨ ਤੇ ਬਾਕੀ ਇਲਾਕਿਆਂ ’ਚ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਸੇਵਾ 899 ਮਾਰਗਾਂ ’ਤੇ ਬੰਦ ਹਨ ਤੇ 256 ਬੱਸਾਂ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ ਹੈ।  Punjabi Akhar 

Advertisment