
ਅਜੀਤ ਪਵਾਰ ਨੇ ਰਾਊਤ ਦੇ ਦਾਅਵੇ ਨੂੰ ਮਾਹੌਲ ਖਰਾਬ ਕਰਨ ਦਾ ਯਤਨ ਦੱਸਿਆ
ਮੁੰਬਈ, 16 ਜੁਲਾਈ
ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ ਨੇ ਅੱਜ ਦਾਅਵਾ ਕੀਤਾ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕੇਂਦਰੀ ਸੱਤਾ ’ਤੇ ਕਾਬਜ਼ ਭਾਜਪਾ ਨੂੰ ਅਪੀਲ ਕੀਤੀ ਸੀ ਕਿ ਮਹਾਰਾਸ਼ਟਰ ਸਰਕਾਰ ਵਿੱਚ ਅਜੀਤ ਪਵਾਰ ਨੂੰ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਨਾ ਸੌਂਪੀ ਜਾਵੇ ਪਰ ਭਾਜਪਾ ਨਹੀਂ ਮੰਨੀ। ਸ੍ਰੀ ਰਾਊਤ ਨੇ ਇਹ ਵੀ ਦਾਅਵਾ ਕੀਤਾ ਕਿ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਧੜੇ ਨੂੰ ਇਹ ਵੀ ਕਿਹਾ ਗਿਆ ਜੇਕਰ ਅਜੀਤ ਪਵਾਰ ਨੂੰ ਵਿੱਤ ਮੰਤਰਾਲਾ ਸੌਂਪਣ ਨਾਲ ਰਾਸ਼ਟਰਵਾਦੀ ਕਾਂਗਰਸ ਪਾਰਟੀ ਨਾਲ ਕੁਝ ਮੁੱਦੇ (ਵੱਖਰੇਵੇਂ) ਹਨ ਤਾਂ ਉਸ (ਅਜੀਤ ਪਵਾਰ) ਨਾਲ ਮੁੱਖ ਮੰਤਰੀ ਦੇ ਅਹੁਦੇ ਦੀ ਵੀ ਅਦਲਾ-ਬਦਲੀ ਕੀਤੀ ਜਾ ਸਕਦੀ ਹੈ। ਇਸ ਸਬੰਧ ਵਿੱਚ ਜਦੋਂ ਅਜੀਤ ਪਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰਾਊਤ ਨੇ ਕਿਹਾ, ‘‘ਉਹ (ਸ਼ਿੰਦੇ ਧੜਾ) ਦਿੱਲੀ ਗਏ ਸਨ ਪਰ ਉਨ੍ਹਾਂ ਦੀਆਂ ਮੰਗਾਂ ’ਤੇ ਗੌਰ ਨਹੀਂ ਕੀਤਾ ਗਿਆ। ਦਿੱਲੀ ਤੋਂ ਜਵਾਬ ਮਿਲਿਆ ਕਿ ਅਜੀਤ ਪਵਾਰ ਨੂੰ ਵਿੱਤ ਮੰਤਰਾਲਾ ਸੌਂਪਣ ’ਤੇ ਐੱਨਸੀਪੀ ਨਾਲ ਕੁਝ ਮੁੱਦੇ ਹਨ ਤਾਂ ਵਿੱਤ ਮੰਤਰਾਲੇ ਨੂੰ ਸ਼ਿੰਦੇ ਧੜੇ ਵੱਲੋ ਖੁਦ ਆਪਣੇ ਕੋਲ ਰੱਖ ਲਿਆ ਜਾਵੇ ਤੇ ਮੁੱਖ ਮੰਤਰੀ ਦਾ ਅਹੁਦਾ ਅਜੀਤ ਪਵਾਰ ਨਾਲ ਬਦਲ ਲਿਆ ਜਾਵੇ। ਕਾਬਿਲੇਗੌਰ ਹੈ ਕਿ ਬੀਤੇ ਦਿਨ ਮਹਾਰਾਸ਼ਟਰ ਮੰਤਰੀ ਮੰਡਲ ਦਾ ਵਿਸਥਾਰ ਹੋਇਆ ਸੀ ਤੇ ਵਿੱਤ ਤੇ ਯੋਜਨਾ ਮੰਤਰਾਲਾ ਅਜੀਤ ਪਵਾਰ ਨੂੰ ਸੋਂਪਿਆ ਗਿਆ ਸੀ। ਇਸੇ ਦੌਰਾਨ ਸੰਜੈ ਰਾਊਤ ਨੇ ਸੂਬਾਈ ਕੈਬਨਿਟ ’ਚ ਅਜੀਤ ਪਵਾਰ ਦੇ ਸ਼ਾਮਲ ਹੋਣ ਦਾ ਸਵਾਗਤ ਕੀਤਾ ਤੇ ਕਿਹਾ ਕਿ ਉਸ ਨੂੰ ਵਿੱਤ ਮੰਤਰਾਲਾ ਸੌਂਪਣ ਵਿੱਚ ਸ਼ਿੰਦੇ ਧੜੇ ਦੀ ਮਜਬੂਰੀ ਝਲਕਦੀ ਹੈ। ਨਾਸਿਕ ਵਿੱਚ ਅਜੀਤ ਪਵਾਰ ਨੇ ਕਿਹਾ ਕਿ ਸੂਬੇ ਵਿੱਚ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਹ ਮੰਤਰਾਲਿਆਂ ਦੀ ਵੰਡ ਤੋਂ ਖੁਸ਼ ਹਨ ਤੇ ਮੰਤਰੀ ਮੰਡਲ ਦੇ ਵਿਸਥਾਰ ਬਾਰੇ ਮੁੱਖ ਮੰਤਰੀ ਹੀ ਟਿੱਪਣੀ ਕਰ ਸਕਦੇ ਹਨ। Punjabi Akhar





















