Code Of Ethics

Download app

Subscribe To Print Edition

ਮੁਸੀਬਤਾਂ ਦੇ ਹੜ੍ਹ ਵਿੱਚ ਡੁੱਬੀ ਜ਼ਿੰਦਗੀ

ਸ਼ਾਹਕੋਟ, 14 ਜੁਲਾਈ
ਸ਼ਾਹਕੋਟ ਸਬ-ਡਿਵੀਜ਼ਨ ਵਿੱਚ ਹੜ੍ਹ ਦੀ ਲਪੇਟ ’ਚ ਆਏ ਤਿੰਨ ਦਰਜਨ ਪਿੰਡਾਂ ’ਚੋਂ ਇਕ ਦਰਜਨ ਪਿੰਡ ਜ਼ਿਆਦਾ ਪ੍ਰਭਾਵਿਤ ਹੋਏ ਹਨ। ਹੜ੍ਹ ਨਾਲ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਚੁੱਕਿਆ ਹੈ। ਬਿਜਲੀ ਦੇ ਖੰਭੇ ਡਿੱਗਣ ਕਾਰਨ ਤਾਰਾਂ ਟੁੱਟ ਚੁੱਕੀਆਂ ਹਨ ਅਤੇ ਟਰਾਂਸਫਾਰਮਰਾਂ ’ਚ ਪਾਣੀ ਭਰ ਗਿਆ ਹੈ।
ਜਾਣਕਾਰੀ ਅਨੁਸਾਰ ਮੰਢਾਲਾ, ਮਹਿਰਾਜਵਾਲਾ, ਸਰਦਾਰਵਾਲਾ, ਜਾਣੀਆਂ ਚਾਹਲ, ਗੱਟੀ ਰਾਇਪੁਰ, ਗੱਟੀ ਪੀਰ ਬਖਸ਼, ਕੁਤਬੀਵਾਲ, ਨਸੀਰਪੁਰ, ਨੱਲ੍ਹ, ਜਲਾਲਪੁਰ ਖੁਰਦ, ਕੰਗ ਖੁਰਦ, ਮੁੰਡੀ ਚੋਹਲੀਆਂ, ਦਾਰੇਵਾਲ, ਗਿੱਦੜਪਿੰਡੀ ਅਤੇੇ ਖੋਸਾ ਆਦਿ ਤੋਂ ਇਲਾਵਾ ਕਈ ਹੋਰ ਪਿੰਡਾਂ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਕਰੀਬ 30 ਹਜ਼ਾਰ ਏਕੜ ਜ਼ਮੀਨ ’ਤੇ ਬੀਜੀ ਫਸਲ ਪਾਣੀ ’ਚ ਡੁੱਬ ਗਈ ਹੈ। ਹੜ੍ਹਾਂ ਵਿਚ ਘਿਰੇ ਵੱਡੀ ਗਿਣਤੀ ਲੋਕਾਂ ਨੂੰ ਪ੍ਰਸ਼ਾਸਨ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਸੈਂਕੜੇ ਪਰਿਵਾਰ ਆਪਣੇ ਘਰਾਂ ਦੀਆਂ ਛੱਤਾਂ ’ਤੇ ਜ਼ਰੂਰੀ ਘਰੇਲੂ ਸਾਮਾਨ ਰੱਖ ਕੇ ਬੈਠੇ ਹਨ। ਪ੍ਰਸ਼ਾਸਨ, ਫੌਜ, ਪੁਲੀਸ, ਐੱਸਡੀਆਰਆਫ ਦੀਆਂ ਟੀਮਾਂ ਅਤੇ ਆਮ ਲੋਕ ਹੜ੍ਹ ਪੀੜਤਾਂ ਦੀ ਦਿਨ-ਰਾਤ ਮਦਦ ਕਰ ਰਹੇ ਹਨ। ਇਸ ਦੌਰਾਨ ਪੀਣ ਵਾਲੇ ਪਾਣੀ ਅਤੇ ਪਸ਼ੂਆਂ ਦੇ ਚਾਰੇ ਦੀ ਕਿੱਲਤ ਪਾਈ ਜਾ ਰਹੀ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ, ਉਨ੍ਹਾਂ ਦੇ ਸੇਵਾਦਾਰ ਅਤੇ ਆਮ ਲੋਕ ਪਾੜ ਪੂਰਨ ਲਈ ਮੁਸ਼ੱਕਤ ਕਰ ਰਹੇ ਹਨ। 300 ਫੁੱਟ ਦੇ ਪਾੜ ’ਚੋਂ 100 ਫੁੱਟ ਪੂਰਿਆ ਜਾ ਚੁੱਕਾ ਹੈ। ਹੜ੍ਹ ਪ੍ਰਭਾਵਿਤ ਬਜ਼ੁਰਗਾਂ ਦਾ ਕਹਿਣਾ ਹੈ ਕਿ ਹਰ ਚਾਰ-ਪੰਜ ਸਾਲ ਬਾਅਦ ਦਰਿਆ ਸਤਲੁਜ ਉਨ੍ਹਾਂ ਦੀ ਕਮਾਈ ਰੋੜ੍ਹ ਕੇ ਲੈ ਜਾਂਦਾ ਹੈ। ਇਸ ਦੌਰਾਨ ਹੜ੍ਹ ਪੀੜਤ ਬਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰਾਂ ਦੀ ਅਣਗਹਿਲੀ ਕਾਰਨ ਉਨ੍ਹਾਂ ਦੀ ਜ਼ਿੰਦਗੀ ਦੀ ਗੱਡੀ ਕਈ ਵਾਰ ਲੀਹੋਂ ਉੱਤਰ ਚੁੱਕੀ ਹੈ। ਹੜ੍ਹ ਆਉਣ ’ਤੇ ਹਰ ਵਾਰ ਲੋਕ ਖੁਦ ਪਾੜ ਪੂਰਦੇ ਹਨ। ਦਰਿਆ ’ਚ ਪਾਣੀ ਘਟਣ ਤੋਂ ਬਾਅਦ ਮਰੇ ਪਸ਼ੂਆਂ ਦੀ ਬਦਬੂ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਵਧ ਜਾਂਦਾ ਹੈ। ਉਨ੍ਹਾਂ ਸਰਕਾਰ ਤੋਂ ਹੜ੍ਹਾਂ ਦੀ ਰੋਕਥਾਮ ਲਈ ਧੁੱਸੀ ਬੰਨ੍ਹ ਪੱਕਾ ਤੇ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਸ਼ਾਹਕੋਟ ਦੇ ਐੱਸਡੀਐੱਮ ਰਿਸ਼ਭ ਬਾਂਸਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤਹਿਸੀਲ ਵਿਚਲੇ ਹੜ੍ਹ ਪੀੜਤਾਂ ਦੇ ਰਾਹਤ ਕਾਰਜਾਂ ਲਈ 30 ਲੱਖ ਰੁਪਏ ਜਾਰੀ ਕੀਤੇ ਗਏ ਹਨ। ਹੜ੍ਹ ਪੀੜਤਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਸਪਲਾਈ ਕਰਨ ਦੀ ਜ਼ਿੰਮੇਵਾਰੀ ਫੂਡ ਸਪਲਾਈ ਵਿਭਾਗ ਦੀ ਲਗਾਈ ਗਈ ਹੈ। ਪੀੜਤਾਂ ਦੀ ਮਦਦ ਕਰਨ ’ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। Punjabi Akhar

Advertisment