
ਬੀਤੇ ਦਿਨ ਤਰਨਤਾਰਨ ਵਿਖੇ ਰੁਸਤਮ – ਏ- ਹਿੰਦ ਸਰਦਾਰ ਸਲਵਿੰਦਰ ਸਿੰਘ ਪੱਟੀ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਸਪੁੱਤਰ ਦੰਗਲ ਕਿੰਗ ਜੱਸਾ ਪੱਟੀ ਅਤੇ ਨੂੰਹ ਭਾਰਤੀ ਕਬੱਡੀ ਟੀਮ ਦੀ ਸਾਬਕਾ ਕਪਤਾਨ ਮਨਦੀਪ ਕੌਰ ਛੀਨਾ ਨਾਲ ਮਿਲਣ ਦਾ ਸਬੱਬ ਬਣਿਆ। ਇਸ ਮਿਲਣੀ ਦੌਰਾਨ ਖੇਡਾਂ ਦੀ ਆਮ ਜ਼ਿੰਦਗੀ ਅਤੇ ਸਮਾਜ ਨਿਰਮਾਣ ਵਿੱਚ ਅਹਿਮੀਅਤ ਉੱਤੇ ਭਰਵੀਂ ਗੱਲਬਾਤ ਹੋਈ। ਕਿਸੇ ਵੀ ਸਿਹਤਮੰਦ ਅਤੇ ਨਰੋਏ ਸਮਾਜ ਦੇ ਸਿਰਜਣ ਅਤੇ ਨੌਜਵਾਨਾਂ ਦੀ ਸਖਸ਼ੀਅਤ ਦੇ ਬਹੁਪੱਖੀ ਵਿਕਾਸ ਵਿੱਚ ਖੇਡਾਂ ਦੇ ਯੋਗਦਾਨ ਨੂੰ ਵਿਸਾਰਿਆ ਨਹੀਂ ਜਾ ਸਕਦਾ। ਅੱਜ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਰਗੇ ਕੋਹੜ ਤੋਂ ਮੁਕਤ ਕਰਾਉਣ ਲਈ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਲੋੜ ਹੈ।





















