ਚੰਡੀਗੜ ਸੰਗੀਤ ਨਾਟਕ ਅਕੈਡਮੀ ਦੇ ਸਹਿਯੋਗ ਨਾਲ ਪੰਜਾਬੀ ਥੀਏਟਰ ਅਕੈਡਮੀ ਯੂਕੇ ਅਤੇ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਵੱਲੋਂ ਨਾਟਕ ਦੁੱਲੇ ਦੀ ਮੁਹੱਬਤ (ਪੰਜਾਬੀ ਰੋਬਿਨਹੁੱਡ) ਦੀ ਪੇਸ਼ਕਾਰੀ ਕੀਤੀ ਗਈ। ਤਜਿੰਦਰ ਸਿੰਧਰਾ ਵੱਲੋਂ ਲਿਖਿਆ ਅਤੇ ਦਲਜੀਤ ਸੋਨਾ ਦੁਆਰਾ ਨਿਰਦੇਸ਼ਿਤ ਇਹ ਨਾਟਕ ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਇਕ ਦੁੱਲਾ ਭੱਟੀ ਦੇ ਜੀਵਨ ਤੇ ਅਧਾਰਿਤ ਸੀ। ਪੰਜਾਬੀਆਂ ਦਾ ਰੋਬਿਨ ਹੁੱਡ ਦੁੱਲਾ ਭੱਟੀ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਵਿੱਚ ਵੰਡਣ ਵਾਲਾ ਅਤੇ ਮੁਗਲ ਹਕੂਮਤ ਦੇ ਤਸ਼ਦੱਦਾਂ ਦੇ ਵਿਰੁੱਧ ਲੜਣ ਵਾਲਾ ਸੂਰਬੀਰ ਯੋਧਾ ਸੀ। ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਵਰਗੇ ਲੋਕ ਗੀਤ ਦਾ ਨਾਇਕ ਦੁੱਲਾ ਭੱਟੀ ਅੱਜ ਵੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦਾ ਹੈ। ਮਾਂ ਲੱਧੀ ਅਤੇ ਦੁੱਲੇ ਦੇ ਦ੍ਰਿਸ਼ ਜਿੱਥੇ ਦਰਸ਼ਕਾਂ ਨੂੰ ਭਾਵੁਕ ਕਰ ਗਏ ਉੱਥੇ ਹੀ ਦੁੱਲੇ ਦੀ ਅਕਬਰ ਖਿਲਾਫ ਚੁੱਕੀ ਗਈ ਆਵਾਜ਼ ਦਰਸ਼ਕਾਂ ਵਿੱਚ ਜੋਸ਼ ਭਰਦੀ ਦਿਖੀ।ਚੰਡੀਗੜ ਸੰਗੀਤ ਨਾਟਕ ਅਕੈਡਮੀ ਦੇ ਉਪ ਪ੍ਰਧਾਨ ਬਲਕਾਰ ਸਿੰਘ ਸਿੱਧੂ ਸਮੇਤ ਬਹੁਤ ਸਾਰੇ ਦਿੱਗਜ਼ ਕਲਾਕਾਰ ਇਸ ਮੌਕੇ ਹਾਜ਼ਿਰ ਰਹੇ।ਸੰਗੀਤ,ਐਕਸ਼ਨ,ਭਾਵੁਕਤਾ ਅਤੇ ਜੋਸ਼ ਨਾਲ ਭਰਪੂਰ ਇਸ ਨਾਟਕ ਵਿੱਚ ਅਦਾਕਾਰ ਦਲਜੀਤ ਸੋਨਾ,ਸ਼ਰਨਜੀਤ ਸਿੰਘ ਰਟੌਲ ,ਮਨਿੰਦਰ ਸਿੰਘ ,ਗੁਰਵਿੰਦਰ ਕੌਰ ,ਮੋਹਿਤ ਚਾਵਲਾ ,ਪਰਮਜੀਤ ਸਿੰਘ ,ਅਮਰਜੀਤ ਕੌਰ ,ਅਨਮੋਲਪ੍ਰੀਤ ਕੌਰ ,ਲਵਪ੍ਰੀਤ ਸਿੰਘ,ਐਮਰੋਜ਼ ਕੌਰ ,ਆਸਲੀਨ ਕੌਰ ,ਹਰਮਨਪ੍ਰੀਤ ਸਿੰਘ ,ਯੁਵਰਾਜ ਸਿੰਘ ,ਅੰਮ੍ਰਿਤਪਾਲ ਸਿੰਘ ,ਦਿਲਸ਼ਾਨ ਸਿੰਘ ,ਸੁਰਿੰਦਰ ਸਿੰਘ ,ਸਤਨਾਮ ਮੂਧਲ ਅਤੇ ਮਨਪ੍ਰੀਤ ਕੌਰ ਵੱਲੋਂ ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ ਗਿਆ। ਨਾਟਕ ਵਿੱਚ ਸੰਗੀਤ ਦੀ ਵਾਗਡੋਰ ਨਵਰੂਪ ਕੌਰ ਅਤੇ ਲਾਈਟ ਦੀ ਹਰਕਿਰਤ ਸਿੰਘ ਵੱਲੋਂ ਸੰਭਾਲੀ ਗਈ। ਦਰਸ਼ਕਾਂ ਦੀਆਂ ਤਾੜੀਆਂ ਅਤੇ ਜੋਸ਼ ਦੱਸਦਾ ਹੈ ਕਿ ਦਰਸ਼ਕਾਂ ਵੱਲੋਂ ਨਾਟਕ ਨੂੰ ਕਾਫੀ ਪਸੰਦ ਕੀਤਾ ਗਿਆ। ਨਾਟਕ ਦੇਖਣ ਲਈ ਖਾਸਤੌਰ ਤੇ ਨਿਰਦੇਸ਼ਕ ,ਐਕਟਰ ਅਤੇ ਲੇਖਕ ਸਤੀਸ਼ ਵਰਮਾ, ਪੰਜਾਬੀ ਫਿਲਮ ਐਕਟਰ ਕੁਲਜਿੰਦਰ ਸਿੰਘ ਸਿੱਧੂ, ਫਿਲਮ ਡਾਇਰੈਕਟਰ ਸਿਮਰਨਜੀਤ ਸਿੰਘ ਹੁੰਦਲ ਵੱਲੋਂ ਸ਼ਿਰਕਤ ਕੀਤੀ ਗਈ।ਅੰਤ ਵਿੱਚ ਸਭ ਸਖਸ਼ੀਅਤਾਂ ਨੂੰ ਪੰਜਾਬੀ ਥੀਏਟਰ ਅਕੈਡਮੀ ਯੂਕੇ ਅਤੇ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਵੱਲੋਂ ਸਨਮਾਨਿਤ ਕੀਤਾ ਗਿਆ।




























