Code Of Ethics

Download app

Subscribe To Print Edition

ਝੋਨੇ ਦੀ ਪਨੀਰੀ ਦੀ ਬਿਜਾਈ 20 ਮਈ ਤੋਂ ਬਾਅਦ ਹੀ ਸ਼ੁਰੂ ਕੀਤੀ ਜਾਵੇ : ਡਾ. ਅਮਰੀਕ ਸਿੰਘ

ਗੁਰਦਾਸਪੁਰ, 6 ਮਈ (  ਬਿਊਰੋ  ) – ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਜ਼ਿਲ੍ਹਾ ਕਿਸਾਨ ਸਿਖਲਾਈ ਕੇਂਦਰ ਵੱਲੋਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਅਤੇ ਝੋਨੇ ਦੀ ਪਨੀਰੀ ਤਿਆਰ ਕਰਨ ਦੀ ਜਾਣਕਾਰੀ ਦੇਣ ਲਈ ਬਲਾਕ ਗੁਰਦਾਸਪੁਰ ਦੇ ਪਿੰਡ ਸਲੀਮਪੁਰ ਅਫ਼ਗਾਨਾ ਵਿਖੇ ਵਿਸ਼ੇਸ਼ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਜ਼ਿਲ੍ਹਾ ਸਿਖਲਾਈ ਅਫ਼ਸਰ ਡਾ. ਅਮਰੀਕ ਸਿੰਘ, ਡਾ. ਹਰਪਿੰਦਰ ਸਿੰਘ ਖੇਤੀਬਾੜੀ ਅਫਸਰ, ਡਾ. ਦਿਲਰਾਜ ਸਿੰਘ ਖੇਤੀਬਾੜੀ ਵਿਕਾਸ ਅਫਸਰ, ਜਗਬੀਰ ਸਿੰਘ ਸਰਪੰਚ, ਤਰਸੇਮ ਸਿੰਘ ਅਤੇ ਹਰਭਜਨ ਸਿੰਘ ਸਮੇਤ ਹੋਰ ਕਿਸਾਨ ਵੀ ਹਾਜ਼ਰ ਸਨ।

ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਜਿੰਨਾਂ ਇਲਾਕਿਆਂ ਵਿੱਚ ਝੋਨੇ ਦੀ ਫਸਲ ਨੂੰ ਮਧਰੇਪਣ ਰੋਗ ਨੇ ਵਧੇਰੇ ਪ੍ਰਭਾਵਤ ਕੀਤਾ ਸੀ, ਉਨਾਂ ਇਲਾਕਿਆਂ ਵਿੱਚ ਕਿਸਮਾਂ ਦੀ ਚੋਣ ਕਰਨ ਲੱਗਿਆਂ ਵਧੇਰੇ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਇਸ ਰੋਗ ਨੇ ਤਕਰੀਬਨ ਹਰੇਕ ਝੌਨੇ ਦੀ ਹਰੇਕ ਕਿਸਮ ਦਾ ਨੁਕਸਾਨ ਕੀਤਾ ਸੀ ਪਰ ਪੀ ਆਰ 126, ਪੀ ਆਰ 128 ਅਤੇ ਐਚ ਕੇ ਆਰ 47 ਕਿਸਮਾਂ ਉੱਪਰ ਇਸ ਰੋਗ ਦਾ ਹਮਲਾ ਦੇਖਣ ਨੂੰ ਨਹੀਂ ਮਿਲਿਆ ਸੀ। ਇਸ ਲਈ ਝੋਨੇ ਦੀ ਪਨੀਰੀ ਬੀਜਣ ਸਮੇਂ ਇਨਾਂ ਕਿਸਮਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਪਿਛਲੇ ਸਾਲ ਇਸ ਬਿਮਾਰੀ ਨਾਲ ਪ੍ਰਭਾਵਤ ਫਸਲ ਵਿੱਚ ਇਹ ਵੀ ਦੇਖਿਆ ਗਿਆ ਜਿਸ ਫਸਲ ਦੀ ਲਵਾਈ 10 ਜੂਨ ਤੋਂ 25 ਜੂਨ ਦੇ ਦਰਮਿਆਨ ਹੋਈ ਸੀ, ਉਸ ਫਸਲ ਉੱਪਰ ਵਿਸ਼ਾਣੂ ਰੋਗ ਦਾ ਹਮਲਾ ਵਧੇਰੇ ਸੀ ਜਦ ਕਿ 25 ਜੂਨ ਤੋਂ ਬਾਅਦ ਲਵਾਈ ਕੀਤੀ ਝੋਨੇ ਦੀ ਫਸਲ ਉਪਰ ਵਿਸ਼ਾਣੂ ਰੋਗ ਦਾ ਹਮਲਾ ਨਾਮਾਤਰ ਸੀ। ਇਸ ਲਈ ਝੋਨੇ ਦੀ ਪਨੀਰੀ ਦੀ ਬਿਜਾਈ 20 ਮਈ ਤੋਂ ਬਾਅਦ ਹੀ ਕਰਨੀ ਚਾਹੀਦੀ ਹੈ।

ਡਾ. ਹਰਪਿੰਦਰ ਸਿੰਘ ਨੇ ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਨਾੜ ਸਾੜਨ ਕਾਰਨ ਪੈਦਾ ਹੋਏ ਧੂੰਏਂ ਨਾਲ ਦਿਨ ਵੇਲੇ ਦੇਖਣ ਦੀ ਵੱਧ ਤੋਂ ਵੱਧ ਹੱਦ ਬਹੁਤ ਘੱਟ ਜਾਂਦੀ ਹੈ ਜਿਸ ਕਾਰਨ ਸੜਕੀ ਦੁਰਘਟਨਾਵਾਂ ਵਧ ਜਾਂਦੀਆਂ ਹਨ ਅਤੇ ਕਈ ਕੀਮਤੀ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਜ਼ਮੀਨ ਦੀ ਸਿਹਤ ਨੂੰ ਬਰਕਰਾਰ  ਰੱਖਣ ਅਤੇ ਹਵਾ ਦੇ ਪ੍ਰਦੂਸ਼ਣ ਤੋਂ ਬਚਣ ਲਈ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀ ਬਿਜਾਏ ਖੇਤਾਂ ਵਿੱਚ ਵਾਹ ਕੇ ਝੋਨੇ ਦੀ ਲਵਾਈ ਕਰਨੀ ਚਾਹੀਦੀ ਹੈ।

ਡਾ. ਦਿਲਰਾਜ ਸਿੰਘ ਨੇ ਪੀ.ਐਮ ਕਿਸਾਨ ਨਿਧੀ ਸਕੀਮ ਬਾਰੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੀਐਮ ਕਿਸਾਨ ਨਿਧੀ ਦੇ ਲਾਭਪਾਤਰੀਆਂ ਨੂੰ ਕੇ.ਵਾਈ.ਸੀ. ਜਲਦ ਤੋਂ ਜਲਦ ਕਰਵਾ ਲੈਣੀ ਚਾਹੀਦੀ ਹੈ ਤਾਂ ਜੋ ਬੰਦ ਪਈਆਂ ਕਿਸ਼ਤਾਂ ਚਾਲੂ ਕਰਵਾਈਆਂ ਜਾ ਸਕਣ।    

Advertisment