ਬਟਾਲਾ, 3 ਮਈ (ਬਿਊਰੋ ) ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਦਯੋਗਿਕ ਕਿਰਤੀਆਂ ਦੀਆਂ ਲੜਕੀਆਂ ਦੀ ਸ਼ਾਦੀ ਲਈ ਵਿਸ਼ੇਸ਼ ਸ਼ਗਨ ਸਕੀਮ ਚਲਾਈ ਜਾ ਰਹੀ ਹੈ ਜਿਸ ਤਹਿਤ ਰਜ਼ਿਸਟਰਡ ਉਦਯੋਗਿਕ ਕਿਰਤੀ ਆਪਣੀ ਧੀ ਦੀ ਸ਼ਾਦੀ ਮੌਕੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਕੇਵਲ ਉਨ੍ਹਾਂ ਉਦਯੋਗਿਕ ਕਿਰਤੀਆਂ ਨੂੰ ਮਿਲੇਗਾ ਜੋ ਪੰਜਾਬ ਲੇਬਰ ਵੈਲਫੇਅਰ ਫੰਡ ਐਕਟ-1965 ਅਧੀਨ ਰਜਿਸਟਰਡ ਅਦਾਰੇ/ ਇਸਟੈਬਲਿਸ਼ਮੈਂਟ ਵਿੱਚ ਕੰਮ ਕਰਦੇ ਹੋਣ ਅਤੇ ਪੰਜਾਬ ਲੇਬਰ ਵੈਲਫੇਅਰ ਫੰਡ ਵਿੱਚ ਲਗਾਤਾਰ ਯੋਗਦਾਨ ਦੇ ਰਹੇ ਹੋਣ।
ਉਨ੍ਹਾਂ ਦੱਸਿਆ ਕਿ ਕਿਰਤੀ ਆਪਣੀ ਧੀ ਦੇ ਵਿਆਹ ਦੀ ਨਿਰਧਾਰਤ ਮਿਤੀ ਤੱਕ ਸਬੰਧਤ ਸਹਾਇਕ ਕਿਰਤ ਕਮਿਸ਼ਨਰ/ ਕਿਰਤ ਸੁਲਾਹ ਅਫ਼ਸਰ ਨੂੰ ਨਿਰਧਾਰਤ ਫਾਰਮ ’ਤੇ ਪ੍ਰਾਰਥਨਾ ਪੱਤਰ ਭੇਜ ਸਕਦੇ ਹਨ। ਸ਼ਗਨ ਸਕੀਮ ਅਧੀਨ ਜੋ ਲੜਕੀ ਖੁਦ ਕੰਮ ਕਰਦੀ ਹੋਵੇ (ਵਰਕਰ ਹੋਵੇ) ਉਸ ਨੂੰ ਵੀ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ। ਇਸ ਸਕੀਮ ਅਧੀਨ ਕੇਵਲ 2 ਲੜਕੀਆਂ ਦੀ ਸ਼ਾਦੀ ਦੇ ਮੌਕੇ ’ਤੇ ਇੱਕ ਵਾਰ ਹੀ ਸ਼ਗਨ ਸਕੀਮ ਲਾਗੂ ਹੋਵੇਗੀ ਨਾ ਕਿ ਤਲਾਕ ਆਦਿ ਹੋ ਜਾਣ ’ਤੇ ਦੁਬਾਰਾ ਸ਼ਾਦੀ ਕਰਨ ’ਤੇ। ਕਿਰਤੀ ਆਪਣੀ ਲੜਕੀ ਦੀ ਸ਼ਾਦੀ ਦੀ ਨਿਸ਼ਚਿਤ ਤਰੀਕ ਤੋਂ ਬਾਅਦ 6 ਮਹੀਨੇ ਦੇ ਅੰਦਰ-ਅੰਦਰ ਦਰਖਾਸ਼ਤ ਦੇ ਸਕਦਾ ਹੈ। ਜੇਕਰ ਕਿਰਤੀ ਨੂੰ ਇਸ ਸਕਮ ਅਧੀਨ ਰਾਜ ਸਰਕਾਰ ਜਾਂ ਕਿਸੇ ਹੋਰ ਸੰਸਥਾ ਵੱਲੋਂ ਕੋਈ ਅਜਿਹੀ ਵਿੱਤੀ ਸਹਾਇਤਾ ਲੈ ਰਿਹਾ ਹੈ ਤਾਂ ਉਹ ਵੀ ਇਸ ਸਕੀਮ ਅਧੀਨ ਲਾਭ ਪ੍ਰਾਪਤ ਕਰਨ ਦਾ ਹੱਕਦਾਰ ਹੋਵੇਗਾ।
ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਸ਼ਗਨ ਸਕੀਮ ਦੀ ਇਹ ਰਾਸ਼ੀ ਲੜਕੀ ਦੇ ਬੈਂਕ ਖਾਤੇ ਵਿੱਚ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਲੜਕੀ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਲੜਕੀ ਦੀ ਉਮਰ ਸਬੰਧੀ ਸਬੂਤ ਵਜੋਂ ਸਕੂਲ ਸਰਟੀਫਿਕੇਟ, ਜਨਮ ਸਰਟੀਫਿਕੇਟ, ਅਧਾਰ ਕਾਰਡ ਜਾਂ ਡਰਾਇਵਿੰਗ ਲਾਇਸੈਂਸ ਦੀ ਕਾਪੀ ਬਿਨੈਪੱਤਰ ਨਾਲ ਲਗਾਈ ਜਾ ਸਕਦੀ ਹੈ। ਬਿਨੈਪੱਤਰ ਦੇ ਨਾਲ ਰਜਿਸਟਰਡ ਮੈਰਿਜ ਸਰਟੀਫਿਕੇਟ ਵੀ ਲਗਾਇਆ ਜਾਵੇ। ਬਿਨੈਪੱਤਰ ਕਰਨ ਸਮੇਂ ਕਿਰਤੀ ਦੀ ਤਨਖਾਹ ਦੀ ਕੋਈ ਸੀਮਾ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਕਿਰਤੀ ਚਾਹੇ ਤਾਂ 20,000 ਰੁਪਏ ਦੀ ਰਾਸ਼ੀ ਵਿਆਹ ਸਬੰਧੀ ਪਿੰਡ ਦੇ ਸਰਪੰਚ ਜਾਂ ਸ਼ਹਿਰ ਦੇ ਐੱਮ.ਸੀ. ਪਾਸੋਂ ਅਟੈਸਟਿਡ ਸਵੈ ਘੋਸ਼ਣਾ ਪੱਤਰ ਲਗਾ ਕੇ ਵਿਆਹ ਦੀ ਤਰੀਕ ਤੋਂ 3 ਮਹੀਨੇ ਪਹਿਲਾਂ ਐਡਵਾਂਸ ਲੈ ਸਕਦਾ ਹੈ ਅਤੇ 11,000 ਰੁਪਏ ਦੀ ਰਾਸ਼ੀ ਵਿਆਹ ਹੋਣ ਉਪਰੰਤ 6 ਮਹੀਨਿਆਂ ਦੇ ਵਿੱਚ-ਵਿੱਚ ਮੈਰਿਜ ਰਜਿਸਟ੍ਰੇਸ਼ਨ ਸਰਟੀਫਿਕੇਸ਼ਨ ਲਗਾ ਕੇ ਅਪਲਾਈ ਕਰ ਸਕਦਾ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਰਜਿਸਟਰਡ ਉਦਯੋਗਿਕ ਕਿਰਤੀਆਂ ਨੂੰ ਇਸ ਸ਼ਗਨ ਸਕੀਮ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ।






















