
ਗੁਰਦਾਸਪੁਰ, 29 ਅਪ੍ਰੈਲ ( ਬਿਊਰੋ ) – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨ ਤੇ ਮਜ਼ਦੂਰਾਂ ਦੇ ਹਿਤਾਂ ਲਈ ਵਚਨਬੱਧ ਹੈ। ਇਸ ਵਚਨਬੱਧਤਾ ਨੂੰ ਦਰਸਾਉਂਦਿਆਂ ਰਾਜ ਸਰਕਾਰ ਵੱਲੋਂ ਕਣਕ ਦੀ ਫਸਲ ਦੀ ਖਰੀਦ ਲਈ ਮੰਡੀਆਂ ਵਿਚ ਹਰ ਤਰਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਦੀ ਫਸਲ ਦੀ ਨਾਲੋ-ਨਾਲੋ ਖਰੀਦ ਹੋ ਸਕੇ। ਅਨਾਜ ਮੰਡੀਆਂ ਅੰਦਰ ਚੱਲ ਰਹੀ ਕਣਕ ਦੀ ਖਰੀਦ ਪ੍ਰਕਿਰਿਆ ਤੋਂ ਕਿਸਾਨ, ਆੜਤੀਏ ਤੇ ਮਜ਼ਦੂਰ ਤਿੰਨੋ ਵਰਗ ਸੰਤੁਸ਼ਟ ਹਨ। ਇਹ ਤਿੰਨੋ ਵਰਗ ਹੀ ਕਿਸਾਨੀ ਕਿੱਤੇ ਦਾ ਧੁਰਾ ਹਨ।
ਅਨਾਜ ਮੰਡੀ ਗਜ਼ਨੀਪੁਰ ਵਿਚ ਆਪਣੀ ਫਸਲ ਲੈ ਕੇ ਪਹੁੰਚੇ ਗੱਜਣ ਸਿੰਘ ਗਜਨੀਪੁਰ, ਕੁਲਦੀਪ ਸਿੰਘ ਤੱਤਲੇ, ਰੂਪ ਸਿੰਘ ਤੱਤਲੇ ਨੇ ਦੱਸਿਆ ਕਿ ਉਨਾਂ ਦੀ ਕਣਕ ਮੰਡੀ ਵਿਚ ਪਹੰੁਚਣ ਸਾਰ ਹੀ ਤੁਲ ਗਈ ਹੈ। ਕਿਸਾਨਾਂ ਨੇ ਕਿਹਾ ਕਿ ਮੰਡੀ ਵਿਚ ਆਪਣੀ ਫਸਲ ਵੇਚਣ ਨੂੰ ਲੈ ਕੇ ਉਸ ਨੂੰ ਕਿਸੇ ਪ੍ਰਕਾਰ ਦੀ ਖੱਜਲ ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਉਸ ਦੇ ਵੱਲੋਂ ਸਵੇਰੇ ਲਿਆਂਦੀ ਕਣਕ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਸਰਕਾਰੀ ਰੇਟ 2125 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦ ਲਈ ਗਈ, ਜਿਸ ਤੋਂ ਬਾਅਦ ਉਸ ਦੀ ਫਸਲ ਤੁਲਣ ’ਤੇ ਬੋਰੀਆਂ ਵਿਚ ਪੈਕ ਕਰ ਲਈ ਗਈ ਅਤੇ ਉਸੇ ਦਿਨ ਸ਼ਾਮ ਤੱਕ ਉਹ ਆਪਣੀ ਫਸਲ ਵੇਚ ਕੇ ਵਿਹਲਾ ਹੋ ਕੇ ਆਪਣੇ ਘਰ ਪਰਤ ਗਿਆ।
ਕਿਸਾਨ ਲਖਵਿੰਦਰ ਸਿੰਘ ਦਬੂੜੀ ਨੇ ਖੁਸ਼ੀ ਮਹਿਸੂਸ ਕਰਦਿਆਂ ਦੱਸਿਆ ਕਿ ਫਸਲ ਦੀ ਖਰੀਦ ਤੋਂ ਬਾਅਦ 24 ਘੰਟਿਆਂ ਦੇ ਅੰਦਰ ਹੀ ਉਸ ਦੇ ਬੈਂਕ ਖਾਤੇ ਵਿਚ ਪੇਮੈਂਟ ਆ ਗਈ। ਕਿਸਾਨ ਨੇ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਅਤੇ ਫੂਡ ਸਪਲਾਈ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਮਾਨਸਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੰਡੀਆਂ ਵਿਚ ਕਣਕ ਦੀ ਖਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਆੜਤੀਆ ਸੁਖਦੇਵ ਸਿੰਘ ਨੇ ਕਿਹਾ ਕਿ ਮੰਡੀਆਂ ਵਿਚ ਲਿਫਟਿੰਗ ਪ੍ਰਕਿਰਿਆ ਬਹੁਤ ਹੀ ਸੁਚੱਜੇ ਢੰਗ ਨਾਲ ਚੱਲ ਰਹੀ ਹੈ ਅਤੇ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਪੇਸ਼ ਨਹੀਂ ਆ ਰਹੀ। ਉਨਾਂ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੰਡੀਆਂ ਅੰਦਰ ਕੀਤੇ ਪ੍ਰਬੰਧਾਂ ਕਾਰਨ ਸੁਖਾਵੇਂ ਮਾਹੌਲ ਵਿਚ ਖਰੀਦ ਪ੍ਰਕਿਰਿਆ ਚੱਲ ਰਹੀ ਹੈ।
ਮੰਡੀਆਂ ਵਿੱਚ ਕੰਮ ਕਰ ਰਹੇ ਮਜ਼ਦੂਰ ਵੀ ਕਣਕ ਦੀ ਖਰੀਦ ਦੇ ਪ੍ਰਬੰਧਾਂ ਤੋਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਪੀਣ ਵਾਲੇ ਸਾਫ ਸੁਥਰੇ ਪਾਣੀ ਅਤੇ ਪਖ਼ਾਨਿਆਂ ਤੋਂ ਇਲਾਵਾ ਹੋਰ ਲੋੜੀਂਦੀਆਂ ਸਹੂਲਤਾਂ ਦਾ ਖਾਸ ਖਿਆਲ ਰੱਖਿਆ ਗਿਆ ਹੈ। ਉਨਾ ਕਿਹਾ ਕਿ ਮੰਡੀਆਂ ਵਿਚ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਪੇਸ਼ ਨਹੀਂ ਆ ਰਹੀ।





















