ਸਕੂਲਾਂ ਦੇ ਵਿਦਿਆਰਥੀਆਂ ਨੂੰ ਮਲੇਰੀਏ ਤੋ ਬਚਾਅ ਸੰਬੰਧੀ ਜਾਗਰੂਕ ਕੀਤਾ

ਬਲਾਚੌਰ 25 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਨਿਰਦੇਸ਼ਾ ਅਨੁਸਾਰ ਲੈਫ਼ਟੀਨੈਂਟ ਜਰਨਲ ਬਿਕਰਮ ਸਿੰਘ ਸਬ ਹਸਪਤਾਲ ਬਲਾਚੌਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕੁਲਵਿੰਦਰ ਮਾਨ ਦੀ ਅਗਵਾਈ ਵਿਚ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਹਿੰਦੀਪੁਰ ਅਤੇ ਬੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਵਿਸ਼ਵ ਮਲੇਰੀਆ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਏ ਗਏ।
ਇਸ ਮੌਕੇ ਸੰਬੋਧਨ ਕਰਦਿਆਂ ਸਿਹਤ ਇੰਸਪੈਕਟਰ ਦਿਲਬਾਗ ਸਿੰਘ ਨੇ ਕਿਹਾ ਕੇ ਮਾਦਾ ਅੈਨੋਫਲੀਜ ਮੱਛਰ ਦੇ ਕੱਟਣ ਨਾਲ ਮਨੁੱਖ ਦੇ ਸਰੀਰ ਵਿਚ ਇਨਫੈਕਸ਼ਨ ਹੁੰਦੀ ਹੈ,ਜਿਸ ਨਾਲ ਠੰਡ ਲੱਗ ਕੇ ਬੁਖਾਰ ਹੋਣਾ, ਪੇਟ ਵਿਚ ਗੜਬੜੀ, ਸਰੀਰ ਤੇ ਜੋੜਾਂ ਵਿੱਚ ਦਰਦ, ਉਲਟੀ ਜਾਂ ਪਤਲੇ ਦਸਤ ਲੱਗ ਜਾਂਦੇ ਹਨ। ਇਸ ਲਈ ਜ਼ਰੂਰੀ ਹੈ ਕਿ ਸਾਫ਼-ਸਫ਼ਾਈ ਦਾ ਧਿਆਨ ਰੱਖਿਆ ਜਾਵੇ। ਟੈਂਕੀਆਂ ਆਦਿ ਨੂੰ ਢੱਕ ਕੇ ਰੱਖਿਆ ਜਾਵੇ, ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ, ਸਰੀਰ ਨੂੰ ਪੂਰਾ ਕਰਣ ਵਾਲੇ ਕੱਪੜੇ ਪਹਿਨੇ ਜਾਣ ਅਤੇ ਮੱਛਰ ਮਾਰਨ ਵਾਲੇ ਯੰਤਰਾਂ ਦੀ ਵਰਤੋਂ ਕੀਤੀ ਜਾਵੇ। ਉਪਰੋਕਤ ਗੱਲਾਂ ਪ੍ਰਤੀ ਸਾਵਧਾਨੀ ਵਰਤਣ ਨਾਲ ਮਲੇਰੀਆ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਇਸ ਮੌਕੇ ਮਹਿੰਦੀਪੁਰ ਸਕੂਲ ਦੇ ਪ੍ਰਿੰਸੀਪਲ ਸੁਖਜੀਤ ਸਿੰਘ, ਅਧਿਆਪਕ ਜਗਮੋਹਣ ਸਿੰਘ, ਬੀ. ੲੇ. ਵੀ ਸਕੂਲ ਦੇ ਪ੍ਰਿੰਸੀਪਲ ਰਵਿੰਦਰ ਠਾਕੁਰ ਅਤੇ ਅਧਿਆਪਕ ਪਿੰਕੀ ਰਾਣੀ ਤੋਂ ਇਲਾਵਾ ਸਿਹਤ ਵਰਕਰ ਅਮਨਦੀਪ ਸਿੰਘ ਤੇ ਸੁਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।





















