ਗੁਰਦਾਸਪੁਰ, 21 ਅਪ੍ਰੈਲ (ਬਿਊਰੋ ) – ਮੈਡਮ ਨਵਦੀਪ ਕੌਰ ਗਿੱਲ, ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵੱਲੋਂ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਤੇ ਬਟਾਲਾ ਵਿਖੇ ਤਾਇਨਾਤ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਇੱਕ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ।

ਇਸ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਮੈਡਮ ਨਵਦੀਪ ਕੌਰ ਗਿੱਲ ਦੁਆਰਾ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜੁਵੇਨਾਈਲ ਜਸਟਿਸ ਐਕਟ-2015 ਬਾਰੇ ਵਿਸਥਾਰ ਵਿੱਚ ਦੱਸਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਇਸ ਐਕਟ ਦੀ ਪਾਲਣਾ ਸਬੰਧੀ ਜਰੂਰੀ ਹਦਾਇਤਾਂ ਵੀ ਦਿੱਤੀਆਂ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਬੱਚੇ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਦੇ ਹੱਕਦਾਰ ਹਨ ਅਤੇ ਉਹ ਦਫ਼ਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਰਾਹੀਂ ਆਪਣੇ ਕੇਸਾਂ ਵਿੱਚ ਮੁਫ਼ਤ ਵਕੀਲ ਲੈਣ ਲਈ ਸੰਪਰਕ ਕਰ ਸਕਦੇ ਹਨ। ਇਸ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਸ੍ਰੀ ਮੰਗਲ ਸਿੰਘ, ਡੀ.ਐਸ.ਪੀ. ਗੁਰਦਾਸਪੁਰ, ਮੈਡਮ ਇੰਦਰਬੀਰ ਕੌਰ ਇੰਚਾਰਜ ਸਾਂਝ ਕੇਂਦਰ/ਵੁਮੈਨ ਹੈਲਪ ਡੈਸਕ, ਗੁਰਦਾਸਪੁਰ ਸ੍ਰੀ ਤਜਿੰਦਰ ਸਿੰਘ, ਇੰਸਪੈਕਟਰ ਅਤੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।






















