Code Of Ethics

Download app

Subscribe To Print Edition

ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀਆਂ ਹਦਾਇਤਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਡੇਰਾ ਬਾਬਾ ਨਾਨਕ ਦੇ ਖੇਤੀ ਸਟੋਰਾਂ ਦੀ ਵਿਸ਼ੇਸ਼ ਚੈਕਿੰਗ ਕੀਤੀ

ਤਿੰਨ ਦੁਕਾਨਾਂ `ਚੋਂ ਖਾਦਾਂ ਅਤੇ ਕੀਟ ਨਾਸ਼ਕ ਦਵਾਈਆਂ ਦੇ ਸੈਂਪਲ ਭਰ ਕੇ ਅਗਲੇ ਹੁਕਮਾਂ ਤੱਕ ਵਿਕਰੀ `ਤੇ ਰੋਕ ਲਗਾਈ

ਇੱਕ ਦੁਕਾਨ ਨੂੰ ਸੀਲ ਬੰਦ ਕਰਕੇ ਪ੍ਰਸ਼ਾਸਨ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਨਾ ਖੋਲ੍ਹਣ ਦਾ ਨੋਟਿਸ ਲਗਾਇਆ

ਨਕਲੀ ਕੀਟ ਨਾਸ਼ਕ ਦਵਾਈਆਂ ਅਤੇ ਨਕਲੀ ਖਾਦਾਂ ਦੀ ਵਿਕਰੀ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰਾਂ ਵਚਨਬੱਧ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 11 ਅਪ੍ਰੈਲ ( ਬਿਊਰੋ         ) – ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋਂ ਬੀਤੇ ਦਿਨੀਂ ਆਪਣੇ ਡੇਰਾ ਬਾਬਾ ਨਾਨਕ ਦੇ ਦੌਰੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਡੇਰਾ ਬਾਬਾ ਨਾਨਕ ਵਿਖੇ ਕੀਟ ਨਾਸ਼ਕ ਦਵਾਈਆਂ ਅਤੇ ਖਾਦਾਂ ਦੀਆਂ ਦੁਕਾਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾਵੇ। ਖੇਤੀਬਾੜੀ ਮੰਤਰੀ ਵੱਲੋਂ ਮਿਲੇ ਨਿਰਦੇਸ਼ਾਂ `ਤੇ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂ ਅਗਰਵਾਲ ਵੱਲੋਂ ਫੌਰੀ ਤੌਰ `ਤੇ  ਕਾਰਵਾਈ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਸ੍ਰੀ ਸਚਿਨ ਪਾਠਕ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਗਠਤ ਕੀਤੀ ਸੀ ਜਿਸ ਵੱਲੋਂ ਡੇਰਾ ਬਾਬਾ ਨਾਨਕ ਵਿੱਚ ਅਚਨਚੇਤ ਛਾਪੇਮਾਰੀ ਕਰਕੇ ਦੁਕਾਨਾਂ `ਚੋਂ ਸੈਂਪਲ ਭਰੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਸਪੈਸ਼ਲ ਟੀਮ ਨੇ ਛਾਪੇਮਾਰੀ ਦੌਰਾਨ ਡੇਰਾ ਬਾਬਾ ਨਾਨਕ ਦੇ ਜਿਮੀਦਾਰਾ ਖਾਦ ਸਟੋਰ ਤੋਂ ਕੀਟ ਨਾਸ਼ਕ ਦਵਾਈਆਂ ਦੇ ਤਿੰਨ ਸੈਂਪਲ ਭਰੇ ਗਏ ਅਤੇ ਇਸ ਸਟੋਰ ਤੋਂ ਦਵਾਈਆਂ ਦੀ ਵਿਕਰੀ `ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ। ਇਸ ਤੋਂ ਬਾਅਦ ਚੈਕਿੰਗ ਟੀਮ ਵੱਲੋਂ ਮੈਸ: ਲੱਕੀ ਖਾਦ ਸਟੋਰ `ਚੋਂ ਇੱਕ ਸੈਂਪਲ ਖਾਦ ਦਾ ਅਤੇ ਦੋ ਸੈਂਪਲ ਕੀਟ ਨਾਸ਼ਕ ਦਵਾਈਆਂ ਦੇ ਭਰੇ ਗਏ ਅਤੇ ਇਸ ਦੁਕਾਨ ਦੇ ਖਾਦ ਸਟੋਰ ਦੀ ਵਿਕਰੀ `ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਗਈ ਹੈ।

ਇਸਦੇ ਨਾਲ ਹੀ ਮੈਸ: ਬੇਦੀ ਐਂਡ ਸੰਨਜ਼ ਦੁਕਾਨ ਤੋਂ ਕੀਟ ਨਾਸ਼ਕ ਦਵਾਈ ਦਾ ਇੱਕ ਸੈਂਪਲ ਭਰਿਆ ਗਿਆ ਹੈ ਅਤੇ ਇਸ ਦੁਕਾਨ ਦੀ ਵਿਕਰੀ `ਤੇ ਵੀ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਚੈਕਿੰਗ ਤੋਂ ਬਚਣ ਲਈ ਮੈਸ: ਵਾਹਲਾ ਖੇਤੀ ਸਟੋਰ ਬੰਦ ਪਾਇਆ ਗਿਆ ਅਤੇ ਵਾਰ-ਵਾਰ ਸੰਪਰਕ ਕਰਨ `ਤੇ ਵੀ ਜਦੋਂ ਇਹ ਖਾਦ ਸਟੋਰ ਨਾ ਖੁੱਲ੍ਹਾ ਤਾਂ ਇਸ ਦੁਕਾਨ ਨੂੰ ਚੈਕਿੰਗ ਟੀਮ ਵੱਲੋਂ ਆਪਣਾ ਤਾਲਾ ਲਗਾ ਕੇ ਦਫ਼ਤਰੀ ਸੀਲ ਲਗਾ ਕੇ ਸੀਲ ਕਰ ਦਿੱਤਾ ਗਿਆ ਅਤੇ ਨੋਟਿਸ ਚਸਪਾ ਕੇ ਹਦਾਇਤ ਕੀਤੀ ਗਈ ਹੈ ਇਹ ਦੁਕਾਨ ਸਹਾਇਕ ਕਮਿਸ਼ਨਰ (ਜਨਰਲ) ਦੀ ਪ੍ਰਵਾਨਗੀ ਤੋਂ ਬਿਨ੍ਹਾਂ ਨਾ ਖੋਲੀ ਜਾਵੇ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਉਪਰੋਕਤ ਦੁਕਾਨਾਂ ਤੋਂ ਭਰੇ ਗਏ ਸੈਂਪਲਾਂ ਨੂੰ ਸਰਕਾਰ ਦੀਆਂ ਪ੍ਰਯੋਗਸ਼ਲਾਵਾਂ ਵਿੱਚ ਜਾਂਚ ਲਈ ਭੇਜਿਆ ਗਿਆ ਹੈ ਅਤੇ ਨਤੀਜਾ ਆਉਣ `ਤੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ `ਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਲਈ ਪੂਰੀ ਤਰਾਂ ਵਚਨਬੱਧ ਹੈ ਕਿ ਖੇਤੀ ਸਟੋਰਾਂ ਉੱਪਰ ਨਕਲੀ ਕੀਟ ਨਾਸ਼ਕ ਦਵਾਈਆਂ ਅਤੇ ਨਕਲੀ ਖਾਦਾਂ ਦੀ ਵਿਕਰੀ ਨੂੰ ਬਿਲਕੁਲ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਚੈਕਿੰਗ ਅਭਿਆਨ ਜਾਰੀ ਰਹਿਣਗੇ।

Leave a Comment

Advertisment

You May Like This

ਪੰਜਵੀਂ ਜਮਾਤ ਦੇ ਵਿਦਿਆਰਥੀ ਪ੍ਰਭਕੀਰਤ ਸਿੰਘ ਨੇ ਆਪਣੀ ਅਸਾਧਾਰਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ SOF ਇੰਟਰਨੈਸ਼ਨਲ ਹਿੰਦੀ ਓਲੰਪਿਆਡ 2025–26 ਵਿੱਚ ਇੰਟਰਨੈਸ਼ਨਲ ਗੋਲਡ ਮੈਡਲ, ਇੰਟਰਨੈਸ਼ਨਲ ਰੈਂਕ–1 ਅਤੇ ਪੰਜਾਬ/ਚੰਡੀਗੜ੍ਹ ਜੋਨ ਵਿੱਚ ਜੋਨਲ ਰੈਂਕ–1 ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਪੂਰੇ ਖੇਤਰ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ।