ਨਤੀਜਿਆਂ ਵਿੱਚ ਨਾਮ ਅਤੇ ਸ਼੍ਰੇਣੀ ਅਨੁਸਾਰ ਵੇਰਵੇ ਨਾ ਹੋਣ ਕਾਰਨ ਉਮੀਦਵਾਰਾਂ ਵਿੱਚ ਰੋਸ
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਅੰਦਰ ਸਰਕਾਰ ਬਣਨ ‘ਤੇ ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦੇ ਕਥਿਤ ਭਰਤੀ ਘੁਟਾਲੇ ਦੀ ਡੂੰਘਾਈ ਨਾਲ ਜਾਂਚ ਕਰਵਾਏਗੀ।
ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਉਹ ਇਸ ਮਾਮਲੇ ‘ਤੇ “ਸਥਿਤੀ ਸਪਸ਼ਟ ਕਰਨ” (come clean) ਤਾਂ ਜੋ ਕਥਿਤ ਬੇਨਿਯਮੀਆਂ ਤੋਂ ਪਰੇਸ਼ਾਨ ਉਮੀਦਵਾਰਾਂ ਨੂੰ ਸਪਸ਼ਟਤਾ ਮਿਲ ਸਕੇ।
ਉਨ੍ਹਾਂ ਭਰਤੀ ਵਿੱਚ ਹੋਏ ਕਥਿਤ ਘੁਟਾਲੇ ਦੀ ਸੀ ਬੀ ਆਈ (CBI) ਜਾਂਚ ਦੀ ਮੰਗ ਕੀਤੀ ਅਤੇ ਕਿਹਾ, “ਜੇ ਤੁਸੀਂ ਅਜਿਹਾ ਨਹੀਂ ਕੀਤਾ ਤਾਂ ਭਾਜਪਾ ਕਰੇਗੀ।” ਜਾਖੜ ਨੇ ਇਹ ਵੀ ਦਾਅਵਾ ਕੀਤਾ ਕਿ ਖੇਡ ਕੋਟੇ ਤਹਿਤ ਹੋਈ ਭਰਤੀ ਦਾ ਕਥਿਤ ਫਾਇਦਾ ਇੱਕ ਸਾਬਕਾ ਡੀ ਆਈ ਜੀ (DIG) ਦੇ ਪਰਿਵਾਰ ਨੂੰ ਮਿਲਿਆ ਹੈ। ਹਾਲਾਂਕਿ, ਉਨ੍ਹਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਦਾਅਵੇ ਦੇ ਸਮਰਥਨ ਵਿੱਚ ਕੋਈ ਦਸਤਾਵੇਜ਼ ਪੇਸ਼ ਨਹੀਂ ਕੀਤੇ।
ਪ੍ਰੈਸ ਕਾਨਫਰੰਸ ਵਿੱਚ ਮੌਜੂਦ ਕਈ ਉਮੀਦਵਾਰਾਂ ਨੇ ਚੋਣ ਪ੍ਰਕਿਰਿਆ ਵਿੱਚ ਤਕਨੀਕੀ ਖਾਮੀਆਂ ਹੋਣ ਦੇ ਦੋਸ਼ ਲਾਏ। ਉਮੀਦਵਾਰਾਂ ਨੇ ਦੋਸ਼ ਲਾਇਆ ਕਿ ਮੇਨਜ਼ (Mains) ਪ੍ਰੀਖਿਆ ਪਾਸ ਕਰਨ ਵਾਲੇ 751 ਉਮੀਦਵਾਰਾਂ ਵਿੱਚੋਂ 86 ਅਜਿਹੇ ਹਨ ਜਿਨ੍ਹਾਂ ਦੇ ਰੋਲ ਨੰਬਰ ਲਗਾਤਾਰ ਲੜੀ (clusters) ਵਿੱਚ ਆਏ ਹਨ, ਜਿਨ੍ਹਾਂ ਵਿੱਚੋਂ ਕੁਝ ਕਤਾਰਾਂ ਵਿੱਚ ਲਗਾਤਾਰ ਛੇ, ਚਾਰ ਜਾਂ ਤਿੰਨ ਨੰਬਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਅਸਾਮੀਆਂ (vacancies) ਅਤੇ ਮੇਨਜ਼ ਦੇ ਉਮੀਦਵਾਰਾਂ ਦੀ ਗਿਣਤੀ ਕਿਤੇ ਵੱਧ ਸੀ, ਜਿਸ ਕਾਰਨ ਚੁਣੇ ਗਏ ਰੋਲ ਨੰਬਰ ਇਕੱਠੇ ਆਉਣ ਦੀ ਬਜਾਏ ਵੱਖ-ਵੱਖ ਹੋਣੇ ਚਾਹੀਦੇ ਸਨ।
ਉਨ੍ਹਾਂ ਕਿਹਾ ਕਿ ਪੀ ਪੀ ਐੱਸ ਸੀ (PPSC) ਦੇ ਚੇਅਰਮੈਨ ਨੇ ਇਸ ਪੈਟਰਨ ਦਾ ਬਚਾਅ ਕਰਦਿਆਂ ਕਿਹਾ ਸੀ ਕਿ 2018 ਅਤੇ 2020 ਦੀਆਂ ਭਰਤੀਆਂ ਵਿੱਚ ਵੀ ਲਗਾਤਾਰ ਰੋਲ ਨੰਬਰਾਂ ਵਾਲੀਆਂ ਚੋਣਾਂ ਹੋਈਆਂ ਸਨ। ਪਰ ਉਮੀਦਵਾਰਾਂ ਨੇ ਜਵਾਬ ਦਿੱਤਾ ਕਿ ਇਸ ਸਾਲ ਦੀ ਪ੍ਰੀਖਿਆ ਦੇ ਵੱਡੇ ਪੱਧਰ ਨੂੰ ਦੇਖਦਿਆਂ ਰੋਲ ਨੰਬਰਾਂ ਦੇ ਇਸ ਤਰ੍ਹਾਂ ਇਕੱਠੇ ਆਉਣ ਨੂੰ ਸਹੀ ਠਹਿਰਾਉਣਾ ਮੁਸ਼ਕਲ ਹੈ।
ਉਨ੍ਹਾਂ ਨੇ ਅਦਾਲਤ ਦੇ ਕੁਝ ਫੈਸਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਦਾਲਤਾਂ ਦਾ ਮੰਨਣਾ ਹੈ ਕਿ ਲਗਾਤਾਰ ਰੋਲ ਨੰਬਰਾਂ ਦੇ ਇਕੱਠੇ ਆਉਣ ਦੀ ਜਲਦ ਤੋਂ ਜਲਦ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ।
ਉਮੀਦਵਾਰਾਂ ਨੇ ਪੇਪਰ ਚੈਕਿੰਗ ਦੀ ਪਾਰਦਰਸ਼ਤਾ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਪੁੱਛਿਆ ਕਿ ਪੇਪਰ ਚੈੱਕ ਕਰਨ ਵਾਲਿਆਂ ਦੀ ਕੀ ਯੋਗਤਾ ਰੱਖੀ ਗਈ ਸੀ ਅਤੇ ਦਾਅਵਾ ਕੀਤਾ ਕਿ ਰਿਸਰਚ ਸਕਾਲਰਾਂ (research scholars) ਨੇ ਪੇਪਰ ਚੈੱਕ ਕੀਤੇ ਹਨ ਜਦਕਿ ਕੁਝ ਉਮੀਦਵਾਰ ਖੁਦ ਪੀ ਐੱਚ ਡੀ (PhD) ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਕੀ ਪੇਪਰ ਕਰਨ ਵਾਲੇ ਵਿਸ਼ੇ ਅਨੁਸਾਰ ਨਿਯੁਕਤ ਕੀਤੇ ਗਏ ਸਨ ਅਤੇ ਕੀ ਮਾਰਕਿੰਗ ਇਕਸਾਰ, ਨਿਰਪੱਖ ਅਤੇ ਆਡਿਟ-ਯੋਗ ਸੀ?
ਉਮੀਦਵਾਰਾਂ ਨੇ ਕਿਹਾ ਕਿ 4 ਨਵੰਬਰ ਨੂੰ ਐਲਾਨਿਆ ਗਿਆ ਨਤੀਜਾ ਅੱਠ ਪੰਨਿਆਂ ਦੀ ਪੀ ਡੀ ਐੱਫ (PDF) ਸੀ ਜਿਸ ਵਿੱਚ ਸਿਰਫ ਰੋਲ ਨੰਬਰ ਸਨ ਅਤੇ ਨਾ ਹੀ ਕੋਈ ਨਾਮ ਸੀ ਅਤੇ ਨਾ ਹੀ ਸ਼੍ਰੇਣੀ ਮੁਤਾਬਕ (category-wise) ਕੋਈ ਵੇਰਵਾ ਦਿੱਤਾ ਗਿਆ ਸੀ। ਉਨ੍ਹਾਂ ਧਿਆਨ ਦਿਵਾਇਆ ਕਿ ਯੂ ਪੀ ਐੱਸ ਸੀ (UPSC) ਅਤੇ ਹੋਰ ਸੂਬਿਆਂ ਦੇ ਕਮਿਸ਼ਨ ਨਾਵਾਂ ਵਾਲੀਆਂ ਸੂਚੀਆਂ ਪ੍ਰਕਾਸ਼ਿਤ ਕਰਦੇ ਹਨ।





















