Code Of Ethics

Download app

Subscribe To Print Edition

ਪੰਜਾਬ ’ਚ ਦੀਵਾਲੀ ਮਗਰੋਂ ਹੋ ਸਕਦੈ ਭਾਜਪਾ-ਅਕਾਲੀ ਦਲ ਗੱਠਜੋੜ ਦਾ ਐਲਾਨ; ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਤੇਜ਼

ਭਾਜਪਾ ਦੇ ਹਿੱਸੇ ਆ ਸਕਦੀਆਂ ਹਨ 45 ਤੋਂ 50 ਸੀਟਾਂ; ਗੱਠਜੋੜ ‘ਤੇ ਮੋਹਰ ਲਾਉਣ ਪ੍ਰਧਾਨ ਮੰਤਰੀ ਮੋਦੀ ਖ਼ੁਦ ਆ ਸਕਦੇ ਨੇ ਪੰਜਾਬ

featured-img

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਵਿੱਚ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੀ ਸਰਕਾਰ ਬਣਨ ਬਾਰੇ ਲਗਾਤਾਰ ਦਿੱਤੇ ਗਏ ਜਨਤਕ ਬਿਆਨਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਸਿਆਸੀ ਸਮਝੌਤਾ ਸਿਰੇ ਚੜ੍ਹਨ ਦੇ ਠੋਸ ਸੰਕੇਤ ਮਿਲਣ ਲੱਗੇ ਹਨ। ਭਰੋਸੇਯੋਗ ਸੂਤਰਾਂ ਨੇ ‘ਦਿ ਟ੍ਰਿਬਿਊਨ’ ਨੂੰ ਦੱਸਿਆ ਹੈ ਕਿ ਦੋਵਾਂ ਪੁਰਾਣੇ ਭਾਈਵਾਲਾਂ ਵਿਚਕਾਰ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਜਾਰੀ ਹੈ ਅਤੇ ਇਸ ਨੂੰ ਜਲਦ ਹੀ ਅੰਤਿਮ ਰੂਪ ਦਿੱਤੇ ਜਾਣ ਦੀ ਉਮੀਦ ਹੈ। ਸੂਤਰਾਂ ਮੁਤਾਬਕ ਇਸ ਗੱਠਜੋੜ ਦਾ ਰਸਮੀ ਐਲਾਨ ਦੀਵਾਲੀ ਤੋਂ ਬਾਅਦ ਕੀਤਾ ਜਾ ਸਕਦਾ ਹੈ।

ਸੀਟਾਂ ਦੀ ਸੰਭਾਵੀ ਵੰਡ ਬਾਰੇ ਪੁੱਛੇ ਜਾਣ ‘ਤੇ ਸੂਤਰਾਂ ਨੇ ਸੰਕੇਤ ਦਿੱਤਾ ਕਿ ਗੱਲਬਾਤ ਤਹਿਤ ਭਾਜਪਾ ਦੇ ਹਿੱਸੇ 45 ਤੋਂ 50 ਸੀਟਾਂ ਆ ਸਕਦੀਆਂ ਹਨ, ਹਾਲਾਂਕਿ ਭਾਜਪਾ ਅਧਿਕਾਰਤ ਤੌਰ ‘ਤੇ ਹਾਲੇ ਵੀ ਇਹੀ ਦਾਅਵਾ ਕਰ ਰਹੀ ਹੈ ਕਿ ਉਹ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਬਾਵਜੂਦ, ਪੰਜਾਬ ਵਿੱਚ ਐੱਨਡੀਏ ਸਰਕਾਰ ਬਣਾਉਣ ਬਾਰੇ ਅਮਿਤ ਸ਼ਾਹ ਦੇ ਵਾਰ-ਵਾਰ ਆ ਰਹੇ ਬਿਆਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਗੱਲਬਾਤ ਦੇ ਸਾਕਾਰਾਤਮਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇਕਲੌਤੀ ਅਜਿਹੀ ਧਿਰ ਰਹੀ ਹੈ ਜੋ ਲੰਮਾ ਸਮਾਂ ਐੱਨਡੀਏ ਦਾ ਹਿੱਸਾ ਰਹੀ, ਜਦੋਂ ਤੱਕ ਕਿ ਉਸ ਨੇ ਸਤੰਬਰ 2020 ਵਿੱਚ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਗੱਠਜੋੜ ਤੋਂ ਵੱਖ ਹੋਣ ਦਾ ਫ਼ੈਸਲਾ ਨਹੀਂ ਲਿਆ ਸੀ।

ਹਾਲਾਂਕਿ ਕੁਝ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਵੀ ਸੀ ਕਿ ਅਮਿਤ ਸ਼ਾਹ ਦੇ ‘ਐੱਨਡੀਏ’ ਦੇ ਹਵਾਲੇ ਵਿੱਚ ਅਕਾਲੀ ਦਲ ਪੁਨਰ-ਸੁਰਜੀਤ ਧੜਾ ਸ਼ਾਮਲ ਹੋ ਸਕਦਾ ਹੈ, ਪਰ ਮਾਮਲੇ ਦੀ ਡੂੰਘੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਦੀ ਸੰਭਾਵਨਾ ਬਹੁਤ ਘੱਟ ਹੈ। ਸ਼੍ਰੋਮਣੀ ਅਕਾਲੀ ਦਲ ਦਾ ਇਹ ਬਾਗ਼ੀ ਧੜਾ ਅਜੇ ਚੋਣ ਕਮਿਸ਼ਨ ਕੋਲ ਰਜਿਸਟਰਡ ਜਥੇਬੰਦੀ ਨਹੀਂ ਹੈ ਅਤੇ ਨਾ ਹੀ ਇਸ ਕੋਲ ਕੋਈ ਚੋਣ ਨਿਸ਼ਾਨ ਹੈ। ਇਸ ਲਈ ਇਸ ਧੜੇ ਦੇ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਰਨ ਲਈ ਭਾਜਪਾ ਜਾਂ ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਹੀ ਲੋੜ ਪਵੇਗੀ।

ਇਸ ਦੌਰਾਨ, ਅਕਾਲੀ ਦਲ ਅਤੇ ਭਾਜਪਾ ਦੇ ਮੁੜ ਇਕੱਠੇ ਹੋਣ ਬਾਰੇ ਪੁੱਛੇ ਜਾਣ ’ਤੇ ਇੱਕ ਸੀਨੀਅਰ ਭਾਜਪਾ ਆਗੂ ਨੇ ਪੁਸ਼ਟੀ ਕਰਦਿਆਂ ਕਿਹਾ, “ਗੱਠਜੋੜ ਨੂੰ ਲੈ ਕੇ ਹਾਂ-ਪੱਖੀ ਸੰਕੇਤ ਮਿਲ ਰਹੇ ਹਨ।” ਇਹ ਵੀ ਪਤਾ ਲੱਗਾ ਹੈ ਕਿ ਦੋਵਾਂ ਪਾਰਟੀਆਂ ਵਿਚਕਾਰ ਗੱਲਬਾਤ ਮੁਕੰਮਲ ਹੁੰਦਿਆਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਪੰਜਾਬ ਦੌਰੇ ‘ਤੇ ਆ ਕੇ ਇਸ ਗੱਠਜੋੜ ਦਾ ਰਸਮੀ ਐਲਾਨ ਕਰ ਸਕਦੇ ਹਨ।

 

Leave a Comment

Advertisment

You May Like This