ਪਾਰਟੀ ’ਤੇ ਪੰਜਾਬ ਨੂੰ ‘ਦਲਦਲ’ ’ਚ ਧੱਕਣ ਦੇ ਲਾਏ ਦੋਸ਼
ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹਰਮੀਤ ਸਿੰਘ ਪਠਾਣਮਾਜਰਾ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਸੱਤਾਧਾਰੀ ਆਮ ਆਦਮੀ ਪਾਰਟੀ (‘ਆਪ’) ਦੀ ਸ਼ਾਸਨ ਪ੍ਰਣਾਲੀ ਅਤੇ ਸੂਬੇ ਦੀ ਆਰਥਿਕਤਾ ਨੂੰ ਸੰਭਾਲਣ ਦੇ ਤਰੀਕੇ ਦੀ ਤਿੱਖੀ ਆਲੋਚਨਾ ਕੀਤੀ ਹੈ।
ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਨਵੀਂ ਦਿੱਲੀ ਵਿਖੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪਠਾਣਮਾਜਰਾ ਨੇ ‘ਆਪ’ ਨਾਲ ਆਪਣੇ ਸ਼ੁਰੂਆਤੀ ਜੁੜਾਅ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਸ਼ੁਰੂ ਵਿੱਚ ਤਬਦੀਲੀ ਦਾ ਇੱਕ ਬਹੁਤ ਹੀ ਖਿੱਚਵਾਂ ਨਜ਼ਰੀਆ ਪੇਸ਼ ਕਰਕੇ ਵਿਆਪਕ ਜਨਤਕ ਸਮਰਥਨ ਹਾਸਲ ਕੀਤਾ ਸੀ।
ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ, “ਜਦੋਂ ਆਮ ਆਦਮੀ ਪਾਰਟੀ ਪਹਿਲੀ ਵਾਰ ਪੰਜਾਬ ਆਈ ਸੀ, ਤਾਂ ਉਨ੍ਹਾਂ ਨੇ ਬਹੁਤ ਹੀ ਖਿੱਚਵਾਂ ਵਿਜ਼ਨ ਪੇਸ਼ ਕੀਤਾ ਸੀ। ਇਨ੍ਹਾਂ ਵਿਚਾਰਾਂ ਕਰਕੇ ਹੀ ਆਮ ਆਦਮੀ ਪਾਰਟੀ ਇੰਨੇ ਵੱਡੇ ਸਿਆਸੀ ਪ੍ਰਬੰਧ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਈ ਸੀ। ਹਾਲਾਂਕਿ, ਸਮੇਂ ਦੇ ਨਾਲ, ਜਿਨ੍ਹਾਂ ਨੇ ਆਵਾਜ਼ ਉਠਾਈ, ਜਿਨ੍ਹਾਂ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ, ਉਨ੍ਹਾਂ ਦੇ ਪਰ ਕੱਟਣੇ ਸ਼ੁਰੂ ਕਰ ਦਿੱਤੇ ਗਏ।”
ਪਠਾਣਮਾਜਰਾ ਨੇ ਦੋਸ਼ ਲਾਇਆ ਕਿ ਸਮੇਂ ਦੇ ਨਾਲ ‘ਆਪ’ ਦੇ ਅੰਦਰੂਨੀ ਮਾਹੌਲ ਵਿੱਚ ਨਿਘਾਰ ਆਇਆ ਅਤੇ ਪਾਰਟੀ ਨੇ ਪੰਜਾਬ ਨੂੰ ਦਲਦਲ ਵਿੱਚ ਧੱਕ ਦਿੱਤਾ ਹੈ।
ਉਨ੍ਹਾਂ ਕਿਹਾ, “ਅੱਜ ਪੰਜਾਬ ਨੂੰ ਅਕਸਰ ‘ਉੱਡਦਾ ਪੰਜਾਬ’ ਕਿਹਾ ਜਾਂਦਾ ਹੈ, ਪਰ ਅਸੀਂ ਸਾਰੇ ਇਸ ਨੂੰ ‘ਉੱਭਰਦਾ ਪੰਜਾਬ’ ਬਣਾਉਣ ਦੀ ਇੱਛਾ ਰੱਖਦੇ ਹਾਂ। ‘ਆਪ’ ਨੇ ਪੰਜਾਬ ਨੂੰ ਦਲਦਲ ਵਿੱਚ ਧੱਕ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਕਿਸੇ ਵੀ ਹੋਰ ਸਰਕਾਰ ਨਾਲੋਂ ਵੱਧ ਕਰਜ਼ਾ ਲਿਆ ਹੈ, ਜਿਸ ਨਾਲ ਪੰਜਾਬ ਮਾੜੀ ਹਾਲਤ ਵਿੱਚ ਪਹੁੰਚ ਗਿਆ ਹੈ।”
ਸੋਮਵਾਰ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵੱਡੇ ਸਿਆਸੀ ਉਲਟਫੇਰ ਵਿੱਚ ਆਮ ਆਦਮੀ ਪਾਰਟੀ ਦੇ ਬਾਗੀ ਆਗੂ ਕੁੁੰਵਰ ਵਿਜੇ ਪ੍ਰਤਾਪ, ਹਰਮੀਤ ਸਿੰਘ ਪਠਾਣਮਾਜਰਾ ਅਤੇ ਚੇਤਨ ਸਿੰਘ ਜੌੜਾਮਾਜਰਾ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ।
‘ਆਪ’ ਨੇ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਆਪਣੇ ਦੋ ਵਿਧਾਇਕਾਂ ਪਠਾਣਮਾਜਰਾ ਅਤੇ ਜੌੜਾਮਾਜਰਾ ਨੂੰ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਸੀ। ਮੁਅੱਤਲੀ ਤੋਂ ਬਾਅਦ ਦੋਵਾਂ ਆਗੂਆਂ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ‘ਆਪ’ ਨੇ ਕਿਹਾ ਸੀ ਕਿ ਉਹ ਵਿਧਾਨ ਸਭਾ ਸਪੀਕਰ ਕੋਲ ਪਹੁੰਚ ਕਰਕੇ ਉਨ੍ਹਾਂ ਦੀ ਵਿਧਾਇਕੀ ਰੱਦ ਕਰਨ ਦੀ ਮੰਗ ਕਰੇਗੀ। ਇਸੇ ਦੌਰਾਨ ਕੁੁੰਵਰ ਵਿਜੇ ਪ੍ਰਤਾਪ ਨੇ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਤੋਂ ਆਪਣੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੂੰ 29 ਜੂਨ 2025 ਨੂੰ ‘ਆਪ’ ਤੋਂ ਮੁਅੱਤਲ ਕੀਤਾ ਗਿਆ ਸੀ।
ਅੰਮ੍ਰਿਤਸਰ ਦੇ ਲੋਕਾਂ ਨੂੰ ਸੰਬੋਧਿਤ ਐਕਸ (X) ਪੋਸਟ ਵਿੱਚ ਸਿੰਘ ਨੇ ਕਿਹਾ ਕਿ ਉਹ ਉਨ੍ਹਾਂ ਦੇ ਪਿਆਰ ਅਤੇ ਸਤਿਕਾਰ ਲਈ “ਆਪਣੀ ਆਖਰੀ ਸਾਹ ਤੱਕ” ਦੇਣਦਾਰ ਰਹਿਣਗੇ।
ਪਠਾਣਮਾਜਰਾ ਨੇ ਕਿਹਾ, “ਤੁਹਾਡੇ ਨਾਲ ਮਿਲ ਕੇ ਅਗਲੀ ਰਣਨੀਤੀ ਤਿਆਰ ਕਰਦੇ ਹੋਏ, ਮੇਰਾ ਮਕਸਦ ਸਾਫ਼-ਸੁਥਰੀ ਸਿਆਸਤ ਅਤੇ ਪਾਰਦਰਸ਼ੀ ਪ੍ਰਸ਼ਾਸਨ ਯਕੀਨੀ ਬਣਾਉਣਾ ਹੋਵੇਗਾ।” ਉਨ੍ਹਾਂ ਅੱਗੇ ਕਿਹਾ, “ਮੇਰਾ ਇੱਕੋ-ਇੱਕ ਮਕਸਦ ‘ਪੰਜਾਬ ਫਸਟ’ ਹੈ। ਇਸ ਤੋਂ ਇਲਾਵਾ ਮੇਰਾ ਕੋਈ ਨਿੱਜੀ ਹਿੱਤ ਨਹੀਂ ਹੋਵੇਗਾ।”
ਇਹ ਘਟਨਾਕ੍ਰਮ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਰਮਿਆਨ ਸਾਹਮਣੇ ਆਇਆ ਹੈ, ਕਿਉਂਕਿ ‘ਆਪ’ ਨੇ ਸ਼ਨਿੱਚਰਵਾਰ ਨੂੰ ਆਪਣੇ 40 ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨੀ ਹੈ, ਜਿਸ ਵਿੱਚ ਧੂਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ, ਕੋਟਕਪੂਰਾ ਤੋਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਲੁਧਿਆਣਾ ਪੱਛਮੀ ਤੋਂ ਮੰਤਰੀ ਸੰਜੀਵ ਅਰੋੜਾ (ਜੋ ਫਿਲਹਾਲ ਜੇਲ੍ਹ ਵਿੱਚ ਹਨ) ਦੇ ਨਾਂ ਸ਼ਾਮਲ ਹਨ।
ਇਸ ਸੂਚੀ ਵਿੱਚ ਹੋਰ ਵੀ ਕਈ ਮੰਤਰੀ ਸ਼ਾਮਲ ਹਨ, ਜਿਨ੍ਹਾਂ ਵਿੱਚ ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਕਰਤਾਰਪੁਰ ਤੋਂ ਬਲਕਾਰ ਸਿੰਘ, ਗੜ੍ਹਸ਼ੰਕਰ ਤੋਂ ਜੈ ਕ੍ਰਿਸ਼ਨ ਸਿੰਘ ਰੌੜੀ, ਐੱਸ.ਏ.ਐੱਸ. ਨਗਰ ਤੋਂ ਕੁਲਵੰਤ ਸਿੰਘ ਅਤੇ ਭਦੌੜ ਤੋਂ ਲਾਭ ਸਿੰਘ ਉੱਗੋਕੇ ਸ਼ਾਮਲ ਹਨ।




















