ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਸੇਧਦਿਆਂ ਨਿਸ਼ਾਨਾ; ‘ਸੱਤਾ ਖਿਸਕਣ ਦੇ ਡਰੋਂ ਪੁਲੀਸ ਰਾਹੀਂ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ’
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ਨਿੱਚਰਵਾਰ ਨੂੰ ਦੋਸ਼ ਲਾਇਆ ਕਿ ਦਿੱਲੀ ਪੁਲੀਸ ਵੱਲੋਂ ਵਿਦਿਆਰਥੀਆਂ ਅਤੇ ਔਰਤਾਂ ਸਮੇਤ ਪ੍ਰਦਰਸ਼ਨਕਾਰੀਆਂ ‘ਤੇ ਕੀਤੀ ਗਈ ਬੇਰਹਿਮੀ ਆਵਾਜ਼ਾਂ ਨੂੰ ਦਬਾਉਣ ਅਤੇ ਇਹ ਯਕੀਨੀ ਬਣਾਉਣ ਦੀ ਸਾਜ਼ਿਸ਼ ਦਾ ਹਿੱਸਾ ਹੈ ਕਿ ਕੋਈ ਵੀ ਸਵਾਲ ਉਠਾਉਣ ਦੀ ਹਿੰਮਤ ਨਾ ਕਰੇ।
‘ਐਕਸ’ (X) ‘ਤੇ ਹਿੰਦੀ ਵਿੱਚ ਕੀਤੀ ਇੱਕ ਪੋਸਟ ਵਿੱਚ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਪੁਲੀਸ ਦੀ ਅਜਿਹੀ ਬੇਰਹਿਮੀ ਸ਼ਰਮਨਾਕ ਹੱਦਾਂ ਪਾਰ ਕਰ ਗਈ ਹੈ।
ਉਨ੍ਹਾਂ ਲਿਖਿਆ, “ਜਿਨਸੀ ਸ਼ੋਸ਼ਣ, ਕੱਪੜੇ ਖਿੱਚਣਾ ਅਤੇ ਗੁਪਤ ਅੰਗਾਂ ‘ਤੇ ਹਮਲੇ – ਲੋਕਤੰਤਰ ਲਈ ਆਵਾਜ਼ ਬੁਲੰਦ ਕਰਨ ਵਾਲੇ ਵਿਦਿਆਰਥੀਆਂ ਅਤੇ ਔਰਤਾਂ ਖਿਲਾਫ਼ ਦਿੱਲੀ ਪੁਲੀਸ ਦੀ ਬੇਰਹਿਮੀ ਨੇ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।”
ਉਨ੍ਹਾਂ ਕਿਹਾ, “ਇਹ ਸਭ ਆਵਾਜ਼ਾਂ ਨੂੰ ਦਬਾਉਣ ਦੀ ਉਸ ਸਾਜ਼ਿਸ਼ ਦਾ ਹਿੱਸਾ ਹੈ, ਜਿੱਥੇ ਤੁਸੀਂ ਉਨ੍ਹਾਂ ਨੂੰ ਇੰਨਾ ਡਰਾਉਂਦੇ ਹੋ, ਉਨ੍ਹਾਂ ਨੂੰ ਇੰਨਾ ਜ਼ਲੀਲ ਕਰਦੇ ਹੋ ਕਿ ਕੋਈ ਵੀ ਦੁਬਾਰਾ ਸਵਾਲ ਉਠਾਉਣ ਦੀ ਹਿੰਮਤ ਨਾ ਕਰੇ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਨਿਸ਼ਾਨਾ ਸੇਧਦਿਆਂ ਰਾਹੁਲ ਗਾਂਧੀ ਨੇ ਕਿਹਾ, “ਮੋਦੀ-ਸ਼ਾਹ ਜਾਣਦੇ ਹਨ ਕਿ ਜਿਸ ਦਿਨ ਸੱਤਾ ਉਨ੍ਹਾਂ ਦੇ ਹੱਥਾਂ ‘ਚੋਂ ਖਿਸਕ ਗਈ, ਉਨ੍ਹਾਂ ਦੀਆਂ ਮਨਮਾਨੀਆਂ ਦੀ ਕਹਾਣੀ ਖਤਮ ਹੋ ਜਾਵੇਗੀ। ਇਹੀ ਡਰ ਪੁਲੀਸ ਤੱਕ ਪਹੁੰਚਦਾ ਹੈ ਅਤੇ ਦੇਸ਼ ਦੇ ਨੌਜਵਾਨਾਂ ਅਤੇ ਔਰਤਾਂ ‘ਤੇ ਹਿੰਸਾ ਦੇ ਰੂਪ ਵਿੱਚ ਨਿਕਲਦਾ ਹੈ।”
ਕਾਂਗਰਸ ਨੇਤਾ ਨੇ ਆਪਣੀ ਪੋਸਟ ਦੇ ਨਾਲ 10 ਮਿੰਟ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਦੀ ਕੁਝ ਨੌਜਵਾਨ ਮਹਿਲਾ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਹੈ, ਜਿਨ੍ਹਾਂ ਨਾਲ ਹਾਲ ਹੀ ਦੇ ਪ੍ਰਦਰਸ਼ਨਾਂ ਦੌਰਾਨ ਪੁਲੀਸ ਵੱਲੋਂ ਕਥਿਤ ਤੌਰ ‘ਤੇ ਬੇਰਹਿਮੀ ਨਾਲ ਸਲੂਕ ਕੀਤਾ ਗਿਆ ਸੀ।
ਪੀੜਤ ਔਰਤਾਂ ਨੇ ਪੁਲੀਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ‘ਤੇ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਫੋਟੋਆਂ ਅਤੇ ਵੀਡੀਓਜ਼ ਦੇ ਰੂਪ ਵਿੱਚ ਹੋਰ ਸਬੂਤ ਮੁਹੱਈਆ ਕਰਵਾਉਣ ਲਈ ਕਿਹਾ ਤਾਂ ਜੋ ਪੁਲੀਸ ਵਾਲਿਆਂ ਖਿਲਾਫ਼ ਕੇਸ ਦਰਜ ਕੀਤੇ ਜਾ ਸਕਣ।




















