ਮੁਲਜ਼ਮ ਦੀ ਪਛਾਣ 35 ਸਾਲਾ ਵਿਮਲ ਮੋਹਨ ਵਜੋਂ ਹੋਈ; ਪੀੜਤ ਨੂੰ ਗੰਭੀਰ ਹਾਲਤ ’ਚ ਟਰੌਮਾ ਸੈਂਟਰ ਕਰਵਾਇਆ ਗਿਆ ਸੀ ਦਾਖ਼ਲ
ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਪਿਛਲੇ ਹਫ਼ਤੇ ਹੋਏ ਇੱਕ ਚਾਕੂਹਮਲੇ ਦੇ ਸਬੰਧ ਵਿੱਚ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਹੇਠ ਲੋੜੀਂਦੇ 35 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੇ ਪੀਲ ਰੀਜਨਲ ਪੁਲੀਸ (PRP) ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ।
ਪੁਲੀਸ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ, ਬੀਤੇ ਦਿਨੀਂ 7 ਅਕਤੂਬਰ ਨੂੰ ਦੁਪਹਿਰ ਕਰੀਬ 2 ਵਜੇ ਪੁਲੀਸ ਅਧਿਕਾਰੀਆਂ ਨੂੰ ਬਰੈਂਪਟਨ ਵਿੱਚ ਚਾਕੂ ਮਾਰਨ ਦੀ ਘਟਨਾ ਦੀ ਸੂਚਨਾ ਮਿਲੀ ਸੀ। ਘਟਨਾ ਦੇ ਤੁਰੰਤ ਬਾਅਦ ਜ਼ਖ਼ਮੀ ਪੀੜਤ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਟਰੌਮਾ ਸੈਂਟਰ ਵਿੱਚ ਤਬਦੀਲ ਕੀਤਾ ਗਿਆ।
ਪੁਲੀਸ ਵੱਲੋਂ ਮੁਲਜ਼ਮ ਵਿਰੁੱਧ ਕਤਲ ਦੀ ਕੋਸ਼ਿਸ਼ (Attempted Murder) ਅਤੇ ਖ਼ਤਰਨਾਕ ਹਮਲਾ (Aggravated Assault) ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫ਼ਿਲਹਾਲ ਮੁਲਜ਼ਮ ਨੂੰ ਅਦਾਲਤ ਵਿੱਚ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ।
ਪੁਲੀਸ ਅਨੁਸਾਰ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮੁਲਜ਼ਮ ਨੇ ਇਸ ਖ਼ਤਰਨਾਕ ਹਮਲੇ ਨੂੰ ਕਿਸ ਵਜ੍ਹਾ ਕਰਕੇ ਅੰਜਾਮ ਦਿੱਤਾ। ਇਸ ਤੋਂ ਇਲਾਵਾ ਮੁਲਜ਼ਮ ਵਿਮਲ ਮੋਹਨ ਬਾਰੇ ਹੋਰ ਨਿੱਜੀ ਵੇਰਵੇ ਹਾਲੇ ਸਾਹਮਣੇ ਨਹੀਂ ਆਏ ਹਨ।





















