ਤਰਲੇ ਪਾਉਂਦੀ ਮਾਂ ਦੀ ਕਿਸੇ ਨਾ ਸੁਣੀ; ਕਨੋਈ ਦੇ ਦਲਿਤ ਨੌਜਵਾਨ ਦਾ ਪੁਲੀਸ ਪਹਿਰੇ ਹੇਠ ਹੋਇਆ ਸਸਕਾਰ; ਪਰਿਵਾਰਕ ਮੈਂਬਰਾਂ ਨੂੰ ਥਾਣੇ ਬੰਦ ਕੀਤਾ
Sangrur Dalit youth suicide protest police action: ਪਿੰਡ ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਦੇ ਕਥਿਤ ਰੂਪ ਵਿਚ ਜਬਰੀ ਅੰਤਿਮ ਸੰਸਕਾਰ ਕਰਨ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਕਿ ਅੱਜ ਪੁਲੀਸ ਨੇ ਪਿੰਡ ਕਨੋਈ ਦੇ 23 ਸਾਲਾ ਨੌਜਵਾਨ ਸਨਮਦੀਪ ਸਿੰਘ ਦੇ ਖੁਦਕੁਸ਼ੀ ਮਾਮਲੇ ਵਿਚ ਇਨਸਾਫ਼ ਲਈ ਸਿਵਲ ਹਸਪਤਾਲ ਮੌਰਚਰੀ ਅੱਗੇ ਛੇ ਦਿਨਾਂ ਤੋਂ ਧਰਨੇ ’ਤੇ ਬੈਠੇ ਪੀੜਤ ਪਰਿਵਾਰ ਅਤੇ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੂੰ ਜਬਰੀ ਚੁੱਕ ਲਿਆ। ਮੌਰਚਰੀ ਅੱਗੇ ਮ੍ਰਿਤਕ ਨੌਜਵਾਨ ਦੀ ਮਾਂ ਨੇ ਕਿਹਾ, ‘ਵੇਖੋ, ਸ਼ਰੇਆਮ ਧੱਕਾ, ਨਾਲੇ ਮੇਰਾ ਪੁੱਤ ਮਾਰ ਤਾ, ਨਾਲੇ ਪੁਲੀਸ ਘੜੀਸ ਕੇ ਲਿਜਾ ਰਹੀ ਹੈ।’
ਤਰਲੇ ਪਾਉਂਦੀ ਮਾਂ ਦੀਆਂ ਚੀਕਾਂ ਕਿਸੇ ਨਾ ਸੁਣੀਆਂ ਅਤੇ ਮਹਿਲਾ ਪੁਲੀਸ ਲੱਤਾਂ-ਬਾਹਾਂ ਤੋਂ ਘੜੀਸਦੀ ਹੋਈ ਚੁੱਕ ਕੇ ਲੈ ਗਈ। ਪਰਿਵਾਰਕ ਮੈਂਬਰਾਂ ਤੇ ਧਰਨਾਕਾਰੀਆਂ ਨੂੰ ਪੁਲੀਸ ਥਾਣਾ ਧੂਰੀ ਵਿਚ ਬੰਦ ਕਰਕੇ ਪਿੱਛੋਂ ਪ੍ਰਸ਼ਾਸ਼ਨ/ਪੁਲੀਸ ਨੇ ਖੁਦ ਹੀ ਪੋਸਟ ਮਾਰਟਮ ਕਰਾਉਣ ਮਗਰੋਂ ਪਿੰਡ ਕਨੋਈ ਦੀ ਬਜਾਏ ਸਥਾਨਕ ਸ਼ਹਿਰ ਦੇ ਸਮਸ਼ਾਨ ਘਾਟ ਵਿਖੇ ਭਾਰੀ ਪੁਲੀਸ ਤਾਇਨਾਤ ਕਰਕੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ। ਪੁਲੀਸ ਦੀ ਕਥਿਤ ਜਬਰੀ ਕਾਰਵਾਈ ਕਾਰਨ ਪੀੜਤ ਪਰਿਵਾਰ ਨੂੰ ਆਪਣੇ ਪੁੱਤ ਦੇ ਅੰਤਿਮ ਦਰਸ਼ਨ ਕਰਨ ਅਤੇ ਅੰਤਿਮ ਰਸਮਾਂ ਨਿਭਾਉਣਾ ਵੀ ਨਸੀਬ ਨਹੀਂ ਹੋਇਆ।
ਪਿੰਡ ਕਨੋਈ ਦੇ ਦਲਿਤ ਨੌਜਵਾਨ ਸਨਮਦੀਪ ਸਿੰਘ ਨੇ ਬੀਤੀ 25 ਸਤੰਬਰ ਨੂੰ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਪੀੜਤ ਪਰਿਵਾਰ ਨੇ ਪਿੰਡ ਦੇ ਸਰਪੰਚ ਸਣੇ ਚਾਰ ਜਣਿਆਂ ਨੂੰ ਖੁਦਕੁਸ਼ੀ ਲਈ ਜ਼ਿੰਮੇਵਾਰ ਠਹਿਰਾਇਆ ਸੀ। 26 ਸਤੰਬਰ ਤੋਂ ਪੀੜਤ ਪਰਿਵਾਰ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਸਿਵਲ ਹਸਪਤਾਲ ਵਿਚ ਮੌਰਚਰੀ ਅੱਗੇ ਦਿਨ ਰਾਤ ਦੇ ਰੋਸ ਧਰਨੇ ’ਤੇ ਬੈਠਾ ਸੀ। ਪੁਲੀਸ ਵਲੋਂ ਤੀਜੇ ਦਿਨ ਸਰਪੰਚ ਸਣੇ ਚਾਰ ਜਣਿਆਂ ਖਿਲਾਫ਼ ਕੇਸ ਦਰਜ ਕਰ ਲਿਆ ਸੀ ਪਰੰਤੂ ਪਰਿਵਾਰ ਸੰਤੁਸ਼ਟ ਨਹੀਂ ਹੋਇਆ। ਪਰਿਵਾਰ ਮੰਗ ਕਰ ਰਿਹਾ ਸੀ ਕਿ ਕੇਸ ਵਿਚ ਐਸਸੀ/ਐਸਟੀ ਐਕਟ ਦੀ ਧਾਰਾ ਲਗਾਈ ਜਾਵੇ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਅੱਜ ਦੁਪਹਿਰੇ ਸਿਵਲ ਹਸਪਤਾਲ ਵਿਚ ਮੌਰਚਰੀ ਅੱਗੇ ਧਰਨੇ ’ਤੇ ਬੈਠੇ ਕਾਂਗਰਸੀ ਆਗੂ ਰਾਜਿੰਦਰ ਦੀਪਾ ਸਣੇ ਪੀੜਤ ਪਰਿਵਾਰ ਤੇ ਧਰਨਾਕਾਰੀਆਂ ਉਪਰ ਪੁਲੀਸ ਨੇ ਅਚਾਨਕ ਕਾਰਵਾਈ ਕਰਦਿਆਂ ਜਬਰੀ ਚੁੱਕ ਲਿਆ।
ਉਧਰ ਸ਼ਾਮ ਨੂੰ ਦਲਵੀਰ ਸਿੰਘ ਸਿੱਧੂ ਡੀਐਸਪੀ ਸੰਗਰੂਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 28 ਸਤੰਬਰ ਨੂੰ ਪੁਲੀਸ ਨੇ ਪਿੰਡ ਦੇ ਸਰਪੰਚ ਦੀਪ ਸਿੰਘ ਬਾਵਾ, ਉਸਦੇ ਭਰਾ ਗੁਰਿੰਦਰ ਸਿੰਘ ਗੋਗਾ, ਸਾਬਕਾ ਮੈਂਬਰ ਹਰਬੰਸ ਸਿੰਘ ਅਤੇ ਪਰਮਜੀਤ ਕੌਰ ਖਿਲਾਫ਼ 108 3 (5) ਬੀਐਨਐਸ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਸੀ ਜਿਸਦੀ ਤਫਤੀਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਵਾਰਸਾਂ ਵਲੋਂ ਸਿਆਸੀ ਪਾਰਟੀ ਦੇ ਆਗੂ ਰਾਜਿੰਦਰ ਉਰਫ਼ ਦੀਪਾ ਵਾਸੀ ਸੁਨਾਮ ਤੇ ਹੋਰਾਂ ਦੀ ਸ਼ਹਿ ’ਤੇ ਧਰਨਾ ਖਤਮ ਨਹੀਂ ਕੀਤਾ। ਪੁਲੀਸ ਵਲੋਂ ਵਾਰ ਵਾਰ ਸਮਝਾਉਣ ਤੇ ਇਹਨ੍ਹਾਂ ਸਸਕਾਰ ਨਹੀਂ ਕੀਤਾ।
ਡੀਐਸਪੀ ਨੇ ਕਿਹਾ ਕਿ ਮੰਨਿਆ ਕਿ ਪਰਿਵਾਰ ਦੀ ਗੈਰਹਾਜ਼ਰੀ ਵਿਚ ਪੋਸਟ ਮਾਰਟਮ ਅਤੇ ਅੰਤਿਮ ਸਸਕਾਰ ਕੀਤਾ ਗਿਆ ਹੈ ਪਰੰਤੂ ਪਿੰਡ ਦੇ ਕੁੱਝ ਵਿਅਕਤੀ ਸਨ। ਉਨ੍ਹਾਂ ਕਿਹਾ ਕਿ ਐਸ.ਐਮ.ਓ ਵਲੋਂ ਮ੍ਰਿਤਕ ਦੇਹ ਖਰਾਬ ਹੋਣ ਬਾਰੇ ਪੱਤਰ ਮੌਸੂਲ ਹੋ ਰਹੇ ਸਨ, ਲਾਸ਼ ਇਨਸਾਨੀ ਹੋਣ ਕਰਕੇ ਪੋਸਟ ਮਾਰਟਮ ਕਰਾਉਣਾ ਤੇ ਸਸਕਾਰ ਕਰਨਾ ਜ਼ਰੂਰੀ ਸੀ ਜਿਥੇ ਡਿਊਟੀ ਮੈਜਿਸਟ੍ਰੇਟ ਜਗਦੀਪਇੰਦਰ ਸਿੰਘ ਦੀ ਹਾਜ਼ਰੀ ਵਿਚ ਲਾਸ਼ ਦਾ ਪੋਸਟ ਮਾਰਟਮ ਕਰਾਉਣ ਲਈ ਮੁੱਖ ਅਫ਼ਸਰ, ਐਸ.ਐਮ.ਓ ਸੰਗਰੂਰ ਵਲੋਂ ਜਾਰੀ ਕੀਤੇ ਨੋਟਿਸ ਲੈਣ ਤੋਂ ਇਨਕਾਰ ਕੀਤਾ ਗਿਆ। ਲਾਸ਼ ਦਾ ਬਣਦਾ ਸਨਮਾਨ ਅਤੇ ਕਿਰਿਆ ਕਰਮ ਕਰਨ ਵਿਚ ਰੁਕਾਵਟ ਪਾਈ ਗਈ ਅਤੇ ਲਾਸ਼ ਦੀ ਨਿਰਾਦਰੀ ਕੀਤੀ ਗਈ।




















