ਵਿਧਾਨ ਸਭਾ ਹਲਕਾ ਦੀਨਾਨਗਰ ਦੇ ਇੰਚਾਰਜ ਕਮਲਜੀਤ ਚਾਵਲਾ ਵਲੋਂ ਧਮਰਾਈ ‘ਚ ਚੋਣ ਮੀਟਿੰਗ

ਦੀਨਾਨਗਰ, 15 ਮਈ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਸਾਰੇ ਦੇਸ਼ ਦੇ ਕਾਰੋਬਾਰਾਂ ਨੂੰ ਖ਼ਤਮ ਕਰਕੇ ਕਾਰਪੋਰੇਟ ਘਰਾਣਿਆਂ ਦੀ ਪੂੰਜੀ ਵਿਚ ਜਜ਼ਬ ਕਰਨਾ ਚਾਹੁੰਦੀ ਹੈ।
ਅੱਜ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਇੰਚਾਰਜ ਕਮਲਜੀਤ ਚਾਵਲਾ ਦੀ ਅਗਵਾਈ ਹੇਠ ਪਿੰਡ ਧਮਰਾਈ ਵਿਖੇ ਸਮੁੱਚੇ ਪਾਰਟੀ ਵਰਕਰਾਂ ਅਤੇ ਪਿੰਡ ਵਾਸੀਆਂ ਦੀ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਚੀਮਾ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਨੇ ਪਿਛਲੇ ਦਸ ਸਾਲਾ ਰਾਜਕਾਲ ਦੌਰਾਨ ਵਪਾਰ, ਕਾਰੋਬਾਰ, ਕਿਸਾਨੀ ਅਤੇ ਕਿਰਤੀ ਵਰਗ ਨੂੰ ਕੰਗਾਲ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਾਰੋਬਾਰੀ ਅਤੇ ਕਿਰਤੀ ਵਰਗ ਨੋਟਬੰਦੀ ਅਤੇ ਜੀ.ਐਸ.ਟੀ. ਨੂੰ ਕਿਵੇਂ ਭੁੱਲ ਸਕਦਾ ਹੈ ਤੇ ਦੇਸ਼ ਦਾ ਕਿਸਾਨ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 750 ਕਿਸਾਨਾਂ ਦੀਆਂ ਸ਼ਹੀਦੀਆਂ ਨੂੰ ਕਿਵੇਂ ਵਿਸਾਰ ਸਕਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਅੰਦਰਖਾਤੇ ਗਠਜੋੜ ਇਹ ਦਰਸਾਉਂਦਾ ਹੈ ਕਿ ਭ੍ਰਿਸ਼ਟਾਚਾਰ ਕਰਨ ਲਈ ਇਹ ਦੋਵੇਂ ਪਾਰਟੀਆਂ ਅੰਦਰੋਂ ਇਕਮਿਕ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਅਤੇ ਸਿਧਾਂਤਪ੍ਰਸਤ ਪਾਰਟੀ ਹੈ, ਜਿਸ ਨੇ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਭਾਰਤੀ ਜਨਤਾ ਪਾਰਟੀ ਨਾਲੋਂ ਆਪਣਾ 27 ਸਾਲ ਪੁਰਾਣਾ ਗਠਜੋੜ ਤਿਆਗ ਦਿੱਤਾ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ਾਰਤ ਵਿੱਚੋਂ ਅਸਤੀਫਾ ਦੇ ਦਿੱਤਾ ਸੀ।
ਇਸ ਮੌਕੇ ਹਲਕਾ ਇੰਚਾਰਜ ਕਮਲਜੀਤ ਚਾਵਲਾ ਨੇ ਆਖਿਆ ਕਿ ਇਸ ਵਾਰ ਲੋਕ ਸਭਾ ਚੋਣਾਂ ਲਈ ਅਕਾਲੀ ਵਰਕਰਾਂ ਵਿਚ ਪਹਿਲਾਂ ਨਾਲੋਂ ਵੱਧ ਜੋਸ਼ ਵੇਖਣ ਨੂੰ ਮਿਲਣ ਰਿਹਾ ਹੈ ਕਿਉਂਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਸਿੱਧੇ ਤੌਰ ‘ਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਲੜ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਡਾ. ਦਲਜੀਤ ਸਿੰਘ ਚੀਮਾ ਨੂੰ ਵੱਡੇ ਬਹੁਮਤ ਨਾਲ ਜਿਤਾ ਕੇ ਲੋਕ ਸਭਾ ਵਿਚ ਭੇਜਿਆ ਜਾਵੇਗਾ।
ਇਸ ਮੌਕੇ ਜਥੇਦਾਰ ਨਰਿੰਦਰ ਸਿੰਘ ਬਾੜਾ ਨੇ ਵੀ ਸੰਬੋਧਨ ਕਰਦਿਆਂ ਡਾ. ਚੀਮਾ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਲਖਵਿੰਦਰ ਸਿੰਘ, ਰੂਪ ਸਿੰਘ, ਜਗੀਰ ਸਿੰਘ ਧਮਰਾਈ, ਸਰਵਣ ਸਿੰਘ ਸਾਬਕਾ ਸਰਪੰਚ ਅਤੇ ਸੁਖਦੇਵ ਸਿੰਘ ਨੰਬਰਦਾਰ ਆਦਿ ਵੀ ਹਾਜ਼ਰ ਸਨ ! Punjabi Akhar





















