ਗੁਰਦਾਸਪੁਰ ਦੀ ਬਖਸ਼ੀਵਾਲ ਪੁਲੀਸ ਚੌਕੀ ’ਤੇ ਹੱਥਗੋਲਾ ਸੁੱਟਿਆ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਲਈ ਹਮਲੇ ਦੀ ਜ਼ਿੰਮੇਵਾਰੀ

 

ਗੁਰਦਾਸਪੁਰ, 19 ਦਸੰਬਰ { ਪੰਜਾਬੀ ਅੱਖਰ / ਬਿਊਰੋ } :- ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸਬੰਧਤ ਗੈਂਗਸਟਰਾਂ ਨੇ ਲੰਘੀ ਰਾਤ ਕਲਾਨੌਰ ਪੁਲੀਸ ਸਟੇਸ਼ਨ ਅਧੀਨ ਆਉਂਦੀ ਬਖਸ਼ੀਵਾਲ ਚੌਕੀ ਵਿੱਚ ਧਮਾਕਾ ਕੀਤਾ। ਪੁਲੀਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਪੋਸਟ ਵਿੱਚ ਇਸ ਘਟਨਾ ਜ਼ਿੰਮੇਵਾਰੀ ਲੈਂਦਿਆਂ ਕਿਹਾ ਗਿਆ ਹੈ ਕਿ ਇਹ ਧਮਾਕਾ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਦੇ ਜਥੇਦਾਰ ਭਾਈ ਰਣਜੀਤ ਸਿੰਘ ਜੰਮੂ ਅਤੇ ਭਾਈ ਜਸਵਿੰਦਰ ਸਿੰਘ ਬਾਗ਼ੀ ਉਰਫ਼ ਮੋਨੂੰ ਅਗਵਾਨ ਦੀ ਅਗਵਾਈ ਹੇਠ ਕੀਤਾ ਗਿਆ ਸੀ। ਇਸ ਪੋਸਟ ਦੇ ਅਖੀਰ ’ਚ ‘ਫ਼ਤਿਹ ਸਿੰਘ ਬਾਗ਼ੀ’ ਦੇ ਹਸਤਾਖ਼ਰ ਹਨ। ਦੱਸਣਯੋਗ ਹੈ ਕਿ ਲਗਾਤਾਰ ਹੋ ਰਹੇ ਅਜਿਹੇ ਹਮਲਿਆਂ ਕਾਰਨ ਗੁਰਦਾਸਪੁਰ ਪੁਲੀਸ ਨੇ ਕਈ ਚੌਕੀਆਂ ਬੰਦ ਕਰ ਦਿੱਤੀਆਂ ਸਨ। ਹਾਲਾਂਕਿ ਕੌਮਾਂਤਰੀ ਸਰਹੱਦ ਨੇੜੇ ਸਥਿਤ ਦੋਸਤਪੁਰ ਚੌਕੀ ਅਜੇ ਵੀ ਚੱਲ ਰਹੀ ਹੈ। ਇੱਕ ਸੀਨੀਅਰ ਅਧਿਕਾਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਬਖਸ਼ੀਵਾਲ ਦੀ ਇਹ ਘਟਨਾ ਖ਼ੁਫ਼ੀਆ ਤੰਤਰ ਦੀ ਨਾਕਾਮੀ ਸੀ। ਦੱਸਣਯੋਗ ਹੈ ਕਿ ਬਖਸ਼ੀਵਾਲ ਚੌਕੀ 15 ਦਿਨ ਪਹਿਲਾਂ ਬੰਦ ਕਰ ਦਿੱਤੀ ਗਈ ਸੀ। ਇਸ ਦੇ ਅੰਦਰ ਜਾਂ ਆਲੇ-ਦੁਆਲੇ ਕੋਈ ਸੁਰੱਖਿਆ ਨਾ ਹੋਣ ਕਰਕੇ ਇਹ ਗੈਂਗਸਟਰਾਂ ਨੇ ਇਸ ਨੂੰ ਨਿਸ਼ਾਨਾ ਬਣਾਇਆ ਹੈ।

ਡੀਐੱਸਪੀ ਗੁਰਵਿੰਦਰ ਸਿੰਘ ਚੰਦੀ ਜੋ ਸਭ ਤੋਂ ਪਹਿਲਾਂ ਮੌਕੇ ’ਤੇ ਪਹੁੰਚਣ ਵਾਲਿਆਂ ਵਿੱਚੋਂ ਸਨ, ਨੇ ਹੱਥ-ਗੋਲੇ ਦੀ ਵਰਤੋਂ ਤੋਂ ਇਨਕਾਰ ਕੀਤਾ ਹੈ। ਪਰ ਬਾਅਦ ਵਿੱਚ ਅਧਿਕਾਰੀਆਂ ਨੇ ਮੰਨਿਆ ਕਿ ਧਮਾਕਾ ਹੋਇਆ ਹੈ। ਸੂਤਰਾਂ ਨੇ ਦੱਸਿਆ ਕਿ ਪੁਲੀਸ ਨੇ ਇੱਕ ਸ਼ੱਕੀ ਆਟੋ ਰਿਕਸ਼ਾ ਜ਼ਬਤ ਕੀਤਾ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਆਟੋ ਦੇ ਅੰਦਰੋਂ ਹੱਥਗੋਲਾ ਸੁੱਟਿਆ ਗਿਆ ਸੀ।

ਐੱਸਐੱਸਪੀ ਹਰੀਸ਼ ਦਿਆਮਾ ਅਤੇ ਡੀਐੱਸਪੀ ਚੰਦੀ ਨੇ ਪੁਸ਼ਟੀ ਕੀਤੀ ਕਿ ਫੋਰੈਂਸਿਕ ਮਾਹਿਰਾਂ ਅਤੇ ਡੌਗ ਸਕੁਐਡ ਦੀਆਂ ਟੀਮਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ।

 

Leave a Comment

[democracy id="1"]

You May Like This