ਕਿਸਾਨਾਂ ਦੇ ਜ਼ਖਮੀ ਹੋਣ ਤੋਂ ਬਾਅਦ ਦਿੱਲੀ ਚੱਲੋ ਮਾਰਚ 7 ਦਸੰਬਰ ਤਕ ਮੁਲਤਵੀ ਅੱਠ ਦਸੰਬਰ ਨੂੰ ਮੁੜ ਦਿੱਲੀ ਵੱਲ ਰਵਾਨਾ ਹੋਣਗੇ ਕਿਸਾਨ; ਕਿਸਾਨ ਆਗੂ ਸੁਰਜੀਤ ਸਿੰਘ ਫੂਲ ਸਣੇ 14 ਕਿਸਾਨ ਜ਼ਖ਼ਮੀ

ਸ਼ੰਭੂ/ਪਟਿਆਲਾ/ਅੰਬਾਲਾ, 6 ਦਸੰਬਰ { ਪੰਜਾਬੀ ਅੱਖਰ / ਬਿਊਰੋ } 

ਇੱਥੋਂ ਕਿਸਾਨਾਂ ਨੇ ਅੱਜ ਦੁਪਹਿਰ ਇਕ ਵਜੇ ਦਿੱਲੀ ਚੱਲੋ ਮਾਰਚ ਸ਼ੁਰੂ ਕੀਤਾ ਪਰ ਹਰਿਆਣਾ ਪੁਲੀਸ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗਣ ਤੋਂ ਬਾਅਦ 14 ਕਿਸਾਨ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚ ਇਕ ਮੁੱਖ ਕਿਸਾਨ ਆਗੂ ਵੀ ਸ਼ਾਮਲ ਹੈ। ਇਸ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਅੱਜ ਲਈ ਆਪਣਾ ਪੈਦਲ ਮਾਰਚ ਮੁਲਤਵੀ ਕਰ ਦਿੱਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੁਝ ਕਿਸਾਨਾਂ ਦੇ ਜ਼ਖ਼ਮੀ ਹੋਣ ਦੇ ਮੱਦੇਨਜ਼ਰ ਉਨ੍ਹਾਂ ਅੱਜ ਲਈ ਆਪਣਾ ‘ਜਥਾ’ ਵਾਪਸ ਬੁਲਾ ਲਿਆ ਹੈ ਪਰ ਕਿਸਾਨਾਂ ਦਾ ਅਗਲਾ ਜਥਾ 8 ਦਸੰਬਰ ਨੂੰ ਦਿੱਲੀ ਰਵਾਨਾ ਹੋਵੇਗਾ।

ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਦਿੱਲੀ ਕੂਚ ਦਾ ਪ੍ਰੋਗਰਾਮ ਹਾਲੇ ਵੀ ਸਟੈਂਡ ਕਰਦਾ ਹੈ, ਉਨ੍ਹਾਂ ਨੇ ਸਿਰਫ ਅੱਜ ਲਈ ਇਹ ਜਥਾ ਵਾਪਸ ਬੁਲਾਉਣ ਦਾ ਫੈਸਲਾ ਲਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜ਼ਖਮੀ ਕਿਸਾਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਕਿਸਾਨ ਆਗੂ ਨੇ ਦੱਸਿਆ ਕਿ ਦਿੱਲੀ ਚੱਲੋ ਮੋਰਚੇ ਵਿਚ 14 ਕਿਸਾਨ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿਚ ਜਗਦੀਸ਼ ਸਿੰਘ, ਬੁੱਧ ਸਿੰਘ, ਸੁਖਜਿੰਦਰ ਸਿੰਘ, ਸੁਰਿੰਦਰ ਸਿੰਘ, ਜਗਤਾਰ ਸਿੰਘ, ਹਰਪ੍ਰੀਤ ਸਿੰਘ, ਗੁਬਿੰਦਰ ਸਿੰਘ, ਅਜਮੇਰ ਸਿੰਘ, ਸੁਰਜੀਤ ਸਿੰਘ ਫੂਲ, ਜਸਵੰਤ ਸਿੰਘ, ਜਤਿੰਦਰ ਸਿੰਘ, ਬਲਬੀਰ ਸਿੰਘ, ਸਵਰਨ ਸਿੰਘ, ਅਵਤਾਰ ਸਿੰਘ ਸ਼ਾਮਲ ਹਨ।

ਇਸ ਤੋਂ ਪਹਿਲਾਂ ਦੁਪਹਿਰ ਵੇਲੇ ਕਿਸਾਨਾਂ ਨੇ ਸਰਹੱਦ ’ਤੇ ਬੈਰੀਕੇਡ ਹੇਠਾਂ ਸੁੱਟ ਦਿੱਤੇ ਤੇ ਤਾਰਾਂ ਪੱਟ ਦਿੱਤੀਆਂ ਹਨ ਪਰ ਉਨ੍ਹਾਂ ਨੂੰ ਹਰਿਆਣਾ ਪੁਲੀਸ ਤੇ ਸੁਰੱਖਿਆ ਬਲਾਂ ਨੇ ਰੋਕ ਲਿਆ ਹੈ। ਇਸ ਮੌਕੇ ਹਰਿਆਣਾ ਪੁਲੀਸ ਨੇ ਕਿਸਾਨਾਂ ਨੂੰ ਅੱਗੇ ਨਾ ਵਧਣ ਲਈ ਕਿਹਾ ਜਿਸ ਤੋਂ ਬਾਅਦ ਹਰਿਆਣਾ ਪੁਲੀਸ ਵੱਲੋਂ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਗਈ ਪਰ ਕਿਸਾਨ ਦਿੱਲੀ ਜਾਣ ਲਈ ਅੜੇ ਰਹੇ ਤੇ ਕਿਸਾਨਾਂ ਨੂੰ ਰੋਕਣ ਲਈ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਕਿਸਾਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਗਿਆ।

ਇਸ ਮੌਕੇ ਸ਼ੰਭੂ ਬਾਰਡਰ ’ਤੇ ਹਰਿਆਣਾ ਪੁਲੀਸ ਵੱਲੋਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਜਿਸ ਕਾਰਨ ਅੱਧੀ ਦਰਜਨ ਕਿਸਾਨ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀਆਂ ਵਿੱਚ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਵੀ ਸ਼ਾਮਲ ਹਨ। ਹਰਿਆਣਾ ਪੁਲੀਸ ਵੱਲੋਂ ਇਸ ਮੌਕੇ ਕਵਰੇਜ ਕਰ ਰਹੇ ਮੀਡੀਆ ਕਰਮੀਆਂ ’ਤੇ ਵੀ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਇਸ ਮੌਕੇ ਕਿਸਾਨਾਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਉਹ ਤਾਂ ਸ਼ਾਂਤੀਪੂਰਵਕ ਅੱਗੇ ਜਾਣਾ ਚਾਹੁੰਦੇ ਹਨ ਪਰ ਕਿਸਾਨਾਂ ਨਾਲ ਪੁਲੀਸ ਧੱਕਾ ਕਰ ਰਹੀ ਹੈ। ਦੂਜੇ ਪਾਸੇ ਹਰਿਆਣਾ ਸਰਕਾਰ ਨੇ ਪੁਲੀਸ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਕਿਸਾਨ ਕਿਸੇ ਵੀ ਸੂਰਤ ਵਿਚ ਅੱਗੇ ਨਹੀਂ ਵਧਣੇ ਚਾਹੀਦੇ।

 

P

 

ਇਸ ਤੋਂ ਪਹਿਲਾਂ ਇਕ ਕਿਸਾਨ ਪੁਲੀਸ ਵੱਲੋਂ ਬਣਾਏ ਵੱਡੇ ਸ਼ੈਡ ਉਤੇ ਚੜ੍ਹ ਗਿਆ। ਦੂਜੇ ਪਾਸੇ ਹਰਿਆਣਾ ਪੁਲੀਸ ਵਲੋਂ ਪੰਜਾਬ ਵਾਲੇ ਪਾਸੇ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਨੂੰ ਵਾਰ ਵਾਰ ਪਿੱਛੇ ਜਾਣ ਲਈ ਕਿਹਾ ਗਿਆ। ਇਸ ਮੌਕੇ ਪੁਲੀਸ ਨੇ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਹਨ ਤਾਂ ਕਿ ਕਿਸਾਨ ਹਰਿਆਣਾ ਵਿਚ ਦਾਖਲ ਨਾ ਹੋ ਸਕਣ। ਇਸ ਦੌਰਾਨ ਪੁਲੀਸ ਵੱਲੋਂ ਕਿਸਾਨਾਂ ਦੀਆਂ ਅੱਖਾਂ ਵਿਚ ਸਪਰੇਅ ਵੀ ਕੀਤਾ ਗਿਆ ਪਰ ਕਿਸਾਨ ਇਸ ਸਪਰੇਅ ਤੋਂ ਬਚਣ ਲਈ ਅੱਖਾਂ ਵਿਚ ਦਵਾਈ ਪਾ ਰਹੇ ਹਨ। ਇਸ ਦੌਰਾਨ ਜਦੋਂ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਅੱਥਰੂ ਗੈਸ ਛੱਡੀ ਤਾਂ ਕਿ ਕਿਸਾਨਾਂ ਨੂੰ ਉਥੋਂ ਹਟਾਇਆ ਜਾ ਸਕੇ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਦੀ ਭਾਜਪਾ ਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

 

YouTube video player

 

ਇਸ ਤੋਂ ਪਹਿਲਾਂ ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ ਤੇ ਕਿਸਾਨਾਂ ਨੇ ਬੈਰੀਕੇਡਿੰਗ ਦੀ ਪਹਿਲੀ ਪਰਤ ਵਜੋਂ ਲੱਗੀਆਂ ਤਾਰਾਂ ਪੁੱਟ ਕੇ ਘੱਗਰ ਵਿੱਚ ਸੁੱਟ ਦਿੱਤੀਆਂ। ਜ਼ਿਕਰਯੋਗ ਹੈ ਕਿ ਅੰਬਾਲਾ ਜ਼ਿਲ੍ਹੇ ਵਿਚ ਧਾਰਾ 163 ਲਾਗੂ ਹੈ।ਐਂਬੂਲੈਂਸ ਤਾਇਨਾਤ ਕਰ ਦਿੱਤੀਆਂ ਗਈਆਂ ਹਨ, ਹਸਪਤਾਲ ਵਿਚ ਵਾਰਡ ਬਣਾ ਦਿੱਤੇ ਗਏ ਹਨ। ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।ਕੁਝ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ। ਪੁਲੀਸ ਵੱਲੋਂ ਵੱਡੀ ਗਿਣਤੀ ਵਿਚ ਪੁਲੀਸ ਵਾਹਨ ਅਤੇ ਰੋਡਵੇਜ਼ ਦੀਆਂ ਬੱਸਾਂ ਬਾਰਡਰ ’ਤੇ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ।

ਜਾਣਕਾਰੀ ਅਨੁਸਾਰ ਦੁਪਹਿਰ ਇਕ ਵਜੇ ਸੌ ਕਿਸਾਨਾਂ ਦੇ ਪਹਿਲੇ ਜਥੇ ਨੇ ਦਿੱਲੀ ਵੱਲ ਮਾਰਚ ਸ਼ੁਰੂ ਕੀਤਾ। ਇਸ ਦੌਰਾਨ ਦਿੱਲੀ ਪੁਲੀਸ ਨੇ ਕੌਮੀ ਰਾਜਧਾਨੀ ਦੀਆਂ ਹੱਦਾਂ ’ਤੇ ਸਖਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਹਨ। ਕਿਸਾਨ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਲੈਣ ਲਈ ਰੋਸ ਮਾਰਚ ਕਰ ਰਹੇ ਹਨ। ਦੱਸਣਾ ਬਣਦਾ ਹੈ ਕਿ ਕਿਸਾਨਾਂ ਵੱਲੋਂ 10 ਮਹੀਨਿਆਂ ਦੇ ਬਾਅਦ ਹਰਿਆਣਾ ਵਾਲੇ ਪਾਸੇ ਦਾਖ਼ਲ ਹੋਣ ਦੀ ਇਹ ਤੀਜੀ ਕੋਸ਼ਿਸ਼ ਕੀਤੀ ਗਈ ਹੈ। ਕਿਸਾਨਾਂ ਦਾ ਧਰਨਾ 13 ਫਰਵਰੀ ਨੂੰ ਸ਼ੁਰੂ ਹੋਇਆ ਸੀ।

 

Leave a Comment

[democracy id="1"]

You May Like This