ਸਮਰਾਲਾ, 2 ਦਸੰਬਰ ( ਭੂਸ਼ਨ ਬੰਸਲ ਸੁਨੀਲ ਵਰਮਾ ) ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਸਮਰਾਲਾ ਵੱਲੋਂ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦਾ ਜਨਮ ਦਿਨ ਬੜੇ ਜੋਸ਼ੋ ਖਰੋਸ਼ ਨਾਲ ਮਨਾਉਂਦਿਆ ਉਨ੍ਹਾਂ ਦੀ ਸਖ਼ਸ਼ੀਅਤ ਤੇ ਸਾਹਿਤ ਸਿਰਜਣਾ ਉਪਰ ਕਵਿਤਾ ਭਵਨ ਮਾਛੀਵਾੜਾ ਰੋਡ ਸਮਰਾਲਾ ਵਿੱਚ ਭਾਵਪੂਰਤ ਸੰਵਾਦ ਰਚਾਇਆ ਗਿਆ। ਕਮੇਟੀ ਦੇ ਜਨਰਲ ਸਕੱਤਰ ਹਰਜਿੰਦਰਪਾਲ ਸਿੰਘ ਸਮਰਾਲਾ ਨੇ ਸ਼ੁਰੂਆਤ ਕਰਦਿਆਂ ਹਮਦਰਦਵੀਰ ਨੌਸ਼ਹਿਰਵੀ ਨਾਲ ਜੁੜੀਆਂ ਯਾਦਾਂ ਨੂੰ ਬੜੇ ਸਲੀਕੇ ਨਾਲ ਪੇਸ਼ ਕੀਤਾ। ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਜੋ ਕਿ ਪ੍ਰੋ. ਹਮਦਰਦਵੀਰ ਦੇ ਚਾਰ ਸਾਲ ਮਾਲਵਾ ਕਾਲਜ ਬੌਂਦਲੀ ਵਿੱਚ ਵਿਦਿਆਰਥੀ ਰਹੇ ਅਤੇ 1975 ਤੋਂ 1997 ਤੱਕ ਇਸੇ ਕਾਲਜ ਵਿੱਚ ਉਨ੍ਹਾਂ ਨਾਲ ਪ੍ਰੋਫੈਸਰ ਵਜੋਂ ਵਿਚਰੇ, ਨੇ ਹਮਦਰਦਵੀਰ ਦੇ ਪੜ੍ਹਾਉਣ ਦੇ ਢੰਗ ਤਰੀਕੇ, ਕਾਲਜ ਦੀਆਂ ਸਾਹਿਤਕ ਤੇ ਸੱਭਿਆਚਾਰਕ ਸਰਮਗਰਮੀਆਂ ਦੇ ਕੇਂਦਰ, ਵਿਦਿਆਰਥੀਆਂ ਨਾਲ ਰਲ ਕੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਵਿੱਚ ਸਾਥ ਦੇਣਾ, ਆਪਣੇ ਵਿਦਿਆਰਥੀਆਂ ਅੰਦਰ ਅਗਾਂਹਵਧੂ ਦ੍ਰਿਸ਼ਟੀ ਅਤੇ ਇਨਕਲਾਬੀ ਚੇਤਨਾ ਪੈਦਾ ਕਰਨਾ, ਪਲਸ ਮੰਚ ਦੀ ਸੰਥਾਪਨਾ ਆਦਿ ਮੁੱਦੇ ਸਾਂਝੇ ਕਰਦਿਆਂ ਉਨ੍ਹਾਂ ਦੀਆਂ ਲਿਖਤਾਂ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ। ਸਰਪ੍ਰਸਤ ਕਰਨੈਲ ਸਿੰਘ ਧਾਲੀਵਾਲ ਚੰਡੀਗੜ੍ਹ ਨੇ ਹਮਦਰਦਵੀਰ ਦੇ ਮੁੱਢਲੇ ਜੀਵਨ, ਸਕੂਲੀ ਪੜ੍ਹਾਈ, ਹਵਾਈ ਫ਼ੌਜ ਵਿੱਚ ਨੌਕਰੀ, ਕਾਲਜ ਵਿੱਚ ਪ੍ਰੋਫ਼ੈਸਰੀ ਅਤੇ ਲੋਕ ਲਹਿਰਾਂ ਵਿੱਚ ਭਰਪੂਰ ਸ਼ਮੂਲੀਅਤ ਬਾਰੇ ਸੰਜੀਦਗੀ ਨਾਲ ਵਿਚਾਰ ਵਟਾਂਦਰਾ ਕੀਤਾ। ਉਪਰੋਕਤ ਤੋਂ ਇਲਾਵਾ ਇਸ ਚਰਚਾ ਵਿੱਚ ਨਵਮਾਰਗ ਸਫ਼ਰ ਕੈਨੇਡਾ, ਲਖਵੀਰ ਸਿੰਘ ਬਲਾਲਾ, ਸੁਰਜੀਤ ਵਿਸ਼ਾਦ, ਹਰਬੰਸ ਮਾਲਵਾ, ਕਰਮਜੀਤ ਸਿੰਘ ਆਜਾਦ ਮਾਛੀਵਾੜਾ, ਮੁੱਖ ਅਧਿਆਪਕ ਲਖਵੀਰ ਸਿੰਘ, ਨਵਸੰਗੀਤ ਧਾਲੀਵਾਲ, ਇੰਦਰਜੀਤ ਕੌਰ ਡਾਲੀ, ਹਰਮਨ ਸਿੰਘ, ਸਵਰਨਜੀਤ ਕੌਰ, ਅਮਰਜੀਤ ਕੌਰ, ਡਿੰਪਲ ਕੁਮਾਰ, ਕਮਲਜੀਤ ਕੌਰ ਆਦਿ ਨੇ ਭਰਪੂਰ ਸ਼ਮੂਲੀਅਤ ਕੀਤੀ।