Search
Close this search box.

Punjab Bypolls: 12 ਸਾਲ ਬਾਅਦ ਗਿੱਦੜਬਾਹਾ ਜਿੱਤਣ ਦੀ ਤਾਕ ’ਚ ਮਨਪ੍ਰੀਤ ਬਾਦਲ ਹਲਕੇ ਨੂੰ ਮਾਡਲ ਬਣਾਉਣ ਦਾ ਦਾਅਵਾ

ਗਿੱਦੜਬਾਹਾ, 11 ਨਵੰਬਰ { ਪੰਜਾਬੀ ਅੱਖਰ / ਬਿਊਰੋ }

ਆਪਣਾ ਗੜ੍ਹ ਗੁਆਉਣ ਤੋਂ 12 ਸਾਲ ਬਾਅਦ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੁਬਾਰਾ ਚੋਣ ਲੜਨ ਲਈ ਗਿੱਦੜਬਾਹਾ ਪਰਤ ਆਏ ਹਨ। ਬਾਦਲ ਇਸ ਹਲਕੇ ਨੂੰ ਇੱਕ “ਮਾਡਲ” ਵਿਧਾਨ ਸਭਾ ਹਲਕੇ ਵਜੋਂ ਦਰਸਾਉਣਾ ਚਾਹੁੰਦੇ ਹਨ। ਸੂਬੇ ਵਿਚ 20 ਨਵੰਬਰ ਨੂੰ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਲਈ ਪ੍ਰਚਾਰ ਦੌਰਾਨ ਸੂਬੇ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਉਮਦੀਵਾਰ ਮਨਪ੍ਰੀਤ ਬਾਦਲ ਹਲਕੇ ਦੇ ਪਿੰਡਾਂ ਦਾ ਦੌਰਾ ਕਰਕੇ ਪੰਜ ਵਾਰ ਦੇ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਵੀ ਲੈ ਰਹੇ ਹਨ।

ਗਿੱਦੜਬਾਹਾ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ (ਆਪ) ਨੇ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਤੇ ਕਾਂਗਰਸ ਨੇ ਅੰਮ੍ਰਿਤਾ ਵੜਿੰਗ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੁਖਰਾਜ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ। ਗਿੱਦੜਬਾਹਾ ਸੀਟ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਸੀਟ ਤੋਂ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਖਾਲੀ ਹੋ ਗਈ ਸੀ। ਮੁਕਤਸਰ ਜ਼ਿਲ੍ਹੇ ਦੀ ਇਸ ਸੀਟ ਨੂੰ ਕਿਸੇ ਸਮੇਂ ਅਕਾਲੀਆਂ ਦਾ ਗੜ੍ਹ ਮੰਨਿਆ ਜਾਂਦਾ ਸੀ ਤੇ ਪ੍ਰਕਾਸ਼ ਸਿੰਘ ਬਾਦਲ ਨੇ ਲਗਾਤਾਰ ਪੰਜ ਵਾਰ ਇਸ ਦੀ ਨੁਮਾਇੰਦਗੀ ਕੀਤੀ।

 

1) ਸੁਖਰਾਜ ਸਿੰਘ 2) ਅਮ੍ਰਿਤਾ ਵੜਿੰਗ 3) ਹਰਦੀਪ ਸਿੰਘ ਡਿੰਪੀ

 

ਗਿੱਦੜਬਾਹਾ ਵਿਚ ਮਨਪ੍ਰੀਤ ਬਾਦਲ ਦਾ ਸਿਆਸੀ ਸਫ਼ਰ

ਮਨਪ੍ਰੀਤ ਬਾਦਲ ਨੇ ਗਿੱਦੜਬਾਹਾ ਤੋਂ ਆਪਣਾ ਸਿਆਸੀ ਸਫ਼ਰ 1995 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜਦਿਆਂ ਸ਼ੁਰੂ ਕੀਤਾ ਅਤੇ 1995, 1997, 2002 ਅਤੇ 2007 ਵਿੱਚ ਇੱਥੋਂ ਜਿੱਤ ਹਾਸਲ ਕੀਤੀ। ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਮਨਪ੍ਰੀਤ ਨੇ 2012 ਵਿੱਚ ਗਿੱਦੜਬਾਹਾ ਤੋਂ ਪੀਪਲਜ਼ ਪਾਰਟੀ ਆਫ਼ ਪੰਜਾਬ ਦੀ ਟਿਕਟ ’ਤੇ ਚੋਣ ਲੜੀ, ਪਰ ਵੜਿੰਗ ਤੋਂ ਹਾਰ ਗਏ। ਇਸ ਉਪਰੰਤ ਉਨ੍ਹਾਂ ਗਿੱਦੜਬਾਹਾ ਸੀਟ ਤੋਂ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਵੱਲ ਸਰਗਰਮੀਆਂ ਵਧਾ ਦਿੱਤੀਆਂ, ਜਿਸ ਦੇ ਨਤੀਜੇ ਵਜੋਂ ਉਨ੍ਹਾਂ 2017 ਵਿੱਚ ਕਾਂਗਰਸ ਦੀ ਟਿਕਟ ’ਤੇ ਜਿੱਤ ਹਾਸਲ ਕੀਤੀ ਪਰ 2022 ਵਿੱਚ ਉਨ੍ਹਾਂ ਨੂੰ ‘ਆਪ’ ਉਮੀਦਵਾਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਾਲ 2023 ਵਿੱਚ ਮਨਪ੍ਰੀਤ ਬਾਦਲ ਭਾਜਪਾ ਵਿੱਚ ਸ਼ਾਮਲ ਹੋ ਗਏ। ਕਾਂਗਰਸੀ ਆਗੂ ਰਾਜਾ ਵੜਿੰਗ 2012, 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਗਿੱਦੜਬਾਹਾ ਸੀਟ ਤੋਂ ਜਿੱਤਦੇ ਆ ਰਹੇ ਹਨ।

ਚੋਣ ਪ੍ਰਚਾਰ ਦੌਰਾਨ ਮਨਪ੍ਰੀਤ ਬਾਦਲ ਕੀ ਵਾਅਦੇ ਤੇ ਦਾਅਵੇ ਕਰ ਰਹੇ ਹਨ

 

ਮਨਪ੍ਰੀਤ ਸਿੰਘ ਬਾਦਲ

 

ਭਾਜਪਾ ਆਗੂ ਅਤੇ ਹਲਕਾ ਗਿੱਦੜਬਾਹਾ ਤੋਂ ਉਮੀਦਵਾਰ ਮਨਪ੍ਰੀਤ ਬਾਦਲ ਨੇ ਕਿਹਾ ਕਿ ਅਗਲੇ ਦੋ ਸਾਲਾਂ ਵਿੱਚ ਅਸੀਂ ਗਿੱਦੜਬਾਹਾ ਨੂੰ ਇੱਕ ਮਾਡਲ ਵਿਧਾਨ ਸਭਾ ਖੇਤਰ ਵਜੋਂ ਵਿਕਸਤ ਕਰਨਾ ਚਾਹੁੰਦੇ ਹਾਂ ਤਾਂ ਜੋ ਬਾਕੀ ਦੇ 116 ਵਿਧਾਨ ਸਭਾ ਹਲਕਿਆਂ ਨੂੰ ਦਿਖਾਇਆ ਜਾ ਸਕੇ ਕਿ ਭਾਜਪਾ ਦਾ ਮਾਡਲ ਕਿਸ ਤਰ੍ਹਾਂ ਦਾ ਹੋ ਸਕਦਾ ਹੈ। ਉਨ੍ਹਾਂ ਕਿਹਾ, ‘‘ਮੈਂ ਪੰਜਾਬ ਦੇ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦਾ ਹਾਂ ਕਿ ਗਿੱਦੜਬਾਹਾ ਇਹ ਕੁਝ ਹਾਸਲ ਕਰ ਸਕਦਾ ਹੈ ਜੋ ਬਾਕੀ ਪੰਜਾਬ ਲਈ ਇੱਕ ਮਾਡਲ ਵਜੋਂ ਹੋਣਾ ਚਾਹੀਦਾ ਹੈ।’’

ਮਨਪ੍ਰੀਤ ਬਾਦਲ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੇਰੀ ਪਹਿਲੀ ਤਰਜੀਹ ਅਮ੍ਰਿੰਤ-2 ਪ੍ਰੋਗਰਾਮ ਤਹਿਤ ਗਿੱਦੜਬਾਹਾ ਨੂੰ ਸਮਾਰਟ ਸਿਟੀ ਵਜੋਂ ਘੋਸ਼ਿਤ ਕਰਵਾਉਣਾ ਹੈ ਅਤੇ ਭਾਰਤ ਸਰਕਾਰ ਨੇ ਭਾਰਤ ਦੇ ਕੁਝ ਸ਼ਹਿਰਾਂ ਦੀ ਚੋਣ ਕਰਨੀ ਹੈ, ਇਸ ਲਈ ਗਿੱਦੜਬਾਹਾ ਨੂੰ ਉਨ੍ਹਾਂ ਵਿੱਚੋਂ ਇੱਕ ਬਣਾਇਆ ਜਾਵੇ।” ਇਸ ਤੋਂ ਬਾਅਦ, ਸੀਵਰੇਜ ਦੀ ਸਫ਼ਾਈ ਲਈ ਪੈਸਾ, ਪੀਣ ਵਾਲੇ ਪਾਣੀ, ਸੜਕਾਂ, ਪਾਰਕਾਂ ਅਤੇ ਸਟਰੀਟ ਲਾਈਟਾਂ ਲਈ ਭਾਰਤ ਸਰਕਾਰ ਵੱਲੋਂ ਕਾਫੀ ਫੰਡ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਮਾਂਡ ਏਰੀਆ ਡਿਵੈਲਪਮੈਂਟ ਅਥਾਰਟੀ ਨਾਲ ਪਾਇਲਟ ਪ੍ਰੋਜੈਕਟ ਵਜੋਂ ਸਿੰਜਾਈ ਲਈ ਪਾਣੀ ਦੀਆਂ ਪਾਈਪਾਂ ਵਿਛਾਉਣ ਲਈ ਗਿੱਦੜਬਾਹਾ ਨੂੰ 300-400 ਕਰੋੜ ਰੁਪਏ ਦੀ ਰਕਮ ਅਲਾਟ ਕੀਤੀ ਜਾ ਸਕਦੀ ਹੈ।

 

ਇਸ ਦੌਰਾਨ ਉਨ੍ਹਾਂ ਗਿੱਦੜਬਾਹਾ ਲਈ ਲਗਭਗ 20,000 ਸੂਰਜੀ ਊਰਜਾ ਨਾਲ ਚੱਲਣ ਵਾਲੇ ਟਿਊਬਵੈੱਲਾਂ ਲਈ ਇੱਕ ਸੋਲਰ ਪ੍ਰੋਜੈਕਟ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪੇਂਡੂ ਗਰੀਬਾਂ ਲਈ ਘਰ ਦੇਣ ਦਾ ਵਾਅਦਾ ਵੀ ਕੀਤਾ।

ਪ੍ਰਕਾਸ਼ ਸਿੰਘ ਬਾਦਲ ਦੀ ਦਿਵਾ ਰਹੇ ਨੇ ਯਾਦ

 

ਫਾਈਲ ਫੋਟੋ ਪ੍ਰਕਾਸ਼ ਸਿੰਘ ਬਾਦਲ।

 

ਆਪਣੇ ਚਾਚਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਪੁੱਛੇ ਜਾਣ ’ਤੇ ਮਨਪ੍ਰੀਤ ਨੇ ਕਿਹਾ, ‘‘ਮੈਂ ਲੋਕਾਂ ਨੂੰ ਬਾਦਲ ਸਾਬ੍ਹ ਦੀ ਯਾਦ ਦਿਵਾਉਂਦਾ ਹਾਂ ਕਿ ਉਹ ਕਿਹੋ ਜਿਹੇ ਆਗੂ ਸਨ। ਉਨ੍ਹਾਂ ਦੇ ਅੰਦਰ ਕੁਝ ਗੁਣ ਸਨ ਜੋ ਸਿਰਫ਼ ਅਸੀਂ ਹੀ ਅਪਣਾ ਸਕਦੇ ਹਾਂ।’’ ਹਲਕੇ ’ਚ ਵਾਪਸੀ ’ਤੇ ਲੋਕਾਂ ਦੇ ਪ੍ਰਤੀਕਰਮ ’ਤੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ, ‘‘ਜਜ਼ਬਾਤੀ ਹੁੰਗਾਰਾ ਮਿਲਿਆ ਹੈ। ਜਦੋਂ ਲੋਕ ਮੈਨੂੰ ਦੇਖਦੇ ਹਨ ਤਾਂ ਰੋਣ ਲੱਗ ਜਾਂਦੇ ਹਨ।” ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਪਿਛਲੇ 15 ਸਾਲਾਂ ਵਿੱਚ ਜਦੋਂ ਤੋਂ ਉਨ੍ਹਾਂ ਨੇ ਹਲਕਾ ਛੱਡਿਆ ਹੈ, ਹਲਕੇ ਵਿਚ ਕੋਈ ਤਰੱਕੀ ਨਹੀਂ ਹੋਈ ਹੈ।

 

Leave a Comment

[democracy id="1"]

You May Like This